ਜਲ ਘਰਾਂ ਦੇ ਕੁਨੈਕਸ਼ਨ ਮੁੜ ਬਹਾਲ ਹੋਣ ਦਾ ਰਾਹ ਪੱਧਰਾ

ਜਲ ਸਪਲਾਈ ਤੇ ਸੈਨੀਟੇਸ਼ਨ ਸਕੱਤਰ ਨੇ ਪਾਵਰਕੌਮ ਦੇ ਪ੍ਰਮੁੱਖ ਸਕੱਤਰ ਨੂੰ ਲਿਖਿਆ ਪੱਤਰ

ਬੁੱਧਵਾਰ ਤੱਕ 600 ਜਲ ਘਰਾਂ ਦੇ ਕੁਨੈਕਸ਼ਨਾਂ ਨੂੰ ਕਰ ਦਿੱਤਾ ਜਾਵੇਗਾ ਬਹਾਲ

ਖੁਸ਼ਵੀਰ ਸਿੰਘ ਤੂਰ ਪਟਿਆਲਾ, 
ਪਾਵਰਕੌਮ ਵੱਲੋਂ ਪਿੰਡਾਂ ਵਿੱਚ ਜਲ ਘਰਾਂ ਦੇ ਕੱਟੇ ਕੁਨੈਕਸ਼ਨਾਂ ਨੂੰ ਮੁੜ ਬਹਾਲ ਕਰਨ ਦੀ ਤਿਆਰੀ ਕਰ ਲਈ ਗਈ ਹੈ। ਜਲ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਕਾਰਨ ਜਿੱਥੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਹਾਹਾਕਾਰ ਮੱਚ ਗਈ ਸੀ, ਉੱਥੇ ਹੀ ਲੋਕ ਰੋਹ ਵੀ ਪੈਦਾ ਹੋ ਗਿਆ ਸੀ।  ਦਿਹਾਤੀ ਖੇਤਰਾਂ ਵਿੱਚ ਭਖੇ ਲੋਕ ਰੋਹ ਨੂੰ ਵੇਖਦਿਆਂ ਪ੍ਰਮੁੱਖ ਸਕੱਤਰ ਬਿਜਲੀ ਅਤੇ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਦਖਲ ਮਗਰੋਂ ਹੁਣ ਇਹ ਕੱਟੇ ਕੁਨੈਕਸ਼ਨ ਕੱਲ੍ਹ ਤੋਂ ਬਹਾਲ ਕਰਨ ਦੀ ਤਿਆਰੀ ਵਿੱਢੀ ਗਈ ਹੈ। ਇੱਕ ਅੰਦਾਜ਼ੇ ਮੁਤਾਬਕ ਲਗਭਗ 600 ਜਲ ਘਰਾਂ ਦੇ ਕੁਨੈਕਸ਼ਨ ਮੁੜ ਬਹਾਲ ਕੀਤੇ ਜਾਣੇ ਹਨ।
ਜਾਣਕਾਰੀ ਅਨੁਸਾਰ ਬਿੱਲ ਨਾ ਭਰਨ ਕਾਰਨ ਪਿੰਡਾਂ ਵਿੱਚ ਜਲ ਘਰਾਂ ਦੇ ਕੁਨੈਕਸ਼ਨ ਕੱਟਣ ਤੋਂ ਬਾਅਦ ਵੱਡੀ ਗਿਣਤੀ ਪਿੰਡਾਂ ਵਿੱਚ ਪਾਣੀ ਸਪਲਾਈ ਠੱਪ ਹੋਣ ਕਾਰਨ ਹਾਹਾਕਾਰ ਮੱਚ ਗਈ ਸੀ ਅਤੇ ਲੋਕਾਂ ਵਿੱਚ ਵਿਭਾਗ ਖਿਲਾਫ਼ ਰੋਸ ਵਧਦਾ ਜਾ ਰਿਹਾ ਸੀ। ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਕ ਪੱਤਰ ਲਿਖ ਕੇ ਇਹ ਮਾਮਲਾ ਪ੍ਰਮੁੱਖ ਸਕੱਤਰ ਪਾਵਰਕੌਮ ਦੇ ਧਿਆਨ ਵਿਚ ਲਿਆਂਦਾ ਸੀ ਤੇ ਇਹ ਆਖਿਆ ਸੀ ਕਿ ਉਹ ਆਪਣੀ ਤਾਕਤ ਨੂੰ ਵਰਤਦਿਆਂ ਪਾਵਰਕੌਮ ਨੂੰ ਬਿਜਲੀ ਸਪਲਾਈ ਕੁਨੈਕਸ਼ਨ ਬਹਾਲ ਕਰਨ ਦੇ ਹੁਕਮ ਜਾਰੀ ਕਰਨ।
ਇਸ ਪੱਤਰ ‘ਤੇ ਕਾਰਵਾਈ ਕਰਦਿਆਂ ਪ੍ਰਮੁੱਖ ਸਕੱਤਰ ਨੇ ਪਾਵਰਕੌਮ ਦੇ ਸੀ ਐਮ ਡੀ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਜਿਹਨਾਂ ਨੇ ਹੇਠਾਂ ਡਾਇਰੈਕਟਰ ਵੰਡ ਨੂੰ ਹਦਾਇਤਾਂ ਕਰ ਦਿੱਤੀਆਂ ਹਨ। ਡਾਇਰੈਕਟਰ ਸ੍ਰੀ ਕੇ ਐਲ ਸ਼ਰਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੱਟੇ ਗਏ ਸਾਰੇ ਕੁਨੈਕਸ਼ਨ ਮੁੜ ਬਹਾਲ ਕੀਤੇ ਜਾਣਗੇ।
ਮੁੱਖ ਇੰਜੀਨੀਅਰ ਵੰਡ ਸ੍ਰੀ ਭੁਪਿੰਦਰ ਸ਼ਰਮਾ ਨੇ ਕਿਹਾ ਹੈ ਕਿ  ਇਹ ਕੁਨੈਕਸ਼ਨ ਬਹਾਲ ਕਰਨ ਦਾ ਕੰਮ ਕੱਲ ਤੋਂ ਸ਼ੁਰੂ ਹੋ ਜਾਵੇਗਾ।
ਸੂਤਰਾਂ ਮੁਤਾਬਕ ਤਕਰੀਬਨ 800 ਪਿੰਡਾਂ ਵਿਚ ਇਹਨਾ ਜਲ ਸਪਲਾਈ ਸਕੀਮਾਂ ਦੇ ਕੁਨੈਕਸ਼ਨ ਕੱਟੇ ਗਏ ਸਨ ਜਿਸ ਵਿਚੋਂ ਬਿਲਾਂ ਦਾ ਭੁਗਤਾਨ ਹੋਣ ਮਗਰੋਂ 200 ਦੇ ਕਰੀਬ ਕੁਨੈਕਸ਼ਨ ਬਹਾਲ ਹੋ ਗਏ ਸਨ। ਹੁਣ ਪ੍ਰਮੁੱਖ ਸਕੱਤਰ ਬਿਜਲੀ ਅਤੇ ਸਕੱਤਰ ਜਲ ਸਪਲਾਈ ਦੇ ਦਖਲ ਮਗਰੋਂ 600 ਦੇ ਕਰੀਬ ਕੁਨੈਕਸ਼ਨ ਬਹਾਲ ਹੋਣ ਜਾ ਰਹੇ ਹਨ।
ਪ੍ਰਮੁੱਖ ਸਕੱਤਰ ਬਿਜਲੀ ਨੂੰ ਲਿਖੇ ਪੱਤਰ ਵਿਚ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਨੇ ਲਿਖਿਆ ਹੈ ਕਿ ਜਲ ਸਪਲਾਈ ਸਕੀਮਾਂ ਦੇ ਬਿਜਲੀ ਬਿੱਲਾਂ ਦੇ ਬਕਾਇਆ ਵਿਚੋਂ 143 ਕਰੋੜ ਰੁਪਏ ਅਦਾ ਕੀਤੇ ਜਾ ਚੁੱਕੇ ਹਨ ਜਦਕਿ ਬਾਕੀ ਰਹਿੰਦੇ 315 ਕਰੋੜ ਰੁਪਏ ਅਦਾ ਕਰਨ ਵਾਸਤੇ ਹੇਠਲੇ ਪੱਧਰ ਤੱਕ  ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਲਿਖਿਆ ਹੈ ਕਿ ਪੀਣ ਵਾਲਾ ਪਾਣੀ ਹਰੇਕ ਦੀ ਮੁਢਲੀ ਜ਼ਰੂਰਤ ਹੈ ਅਤੇ ਇਸਨੂੰ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਉਣਾ ਅਤਿਅੰਤ ਜ਼ਰੂਰੀ ਹੈ। ਇਸ ਲਈ ਉਹ ਪਾਵਰਕੌਮ ਦੇ ਅਧਿਕਾਰੀਆਂ ਨੂੰ ਹਦਾਇਤ ਕਰਨ ਕਿ ਇਹ ਕੁਨੈਕਸ਼ਨ ਬਹਾਲ ਕੀਤੇ ਜਾਣ।
ਪਿਛਲੇ ਦਿਨੀ ਲਿਖੇ ਇਸ ਪੱਤਰ ‘ਤੇ ਪ੍ਰਮੁੱਖ ਸਕੱਤਰ ਬਿਜਲੀ ਨੇ ਤੁਰੰਤ ਕਾਰਵਾਈ ਕੀਤੀ ਹੈ। ਹੁਣ ਇਹ ਪੱਤਰ ਸੀ ਐਮ ਡੀ ਪਾਵਰਕੌਮ ਇੰਜ. ਕੇਡੀ ਚੌਧਰੀ ਦੀਆਂ ਹਦਾਇਤਾਂ ਮਗਰੋਂ ਡਾਇਰੈਕਟਰ ਵੰਡ ਦੇ ਦਫ਼ਤਰ ਪੁੱਜ ਗਿਆ ਹੈ। ਉਹਨਾ ਵੱਲੋਂ ਹੇਠਲੇ ਪੱਧਰ ਤੱਕ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਕੱਲ ਤੋਂ ਇਹ ਸਪਲਾਈ ਬਹਾਲ ਕਰਨ ਵਾਸਤੇ ਫੀਲਡ ਵਿਚ ਕਾਰਵਾਈ ਸ਼ੁਰੂ ਹੋ ਜਾਵੇਗੀ ਅਤੇ ਜਿਹੜੇ ਜਿਹੜੇ ਸਰਕਲਾਂ ਅੰਦਰ ਕੁਨੈਕਸ਼ਨ ਕੱਟੇ ਗਏ ਹਨ, ਉੱਥੇ ਉਨ੍ਹਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ।