ਪੰਜਾਬ

ਟਰਾਲੇ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੋ ਜੀਆਂ ਦੀ ਮੌਤ

ਰਘਬੀਰ ਸਿੰਘ
ਲੁਧਿਆਣਾ,
ਸਥਾਨਕ ਚੰਡੀਗੜ੍ਹ ਰੋਡ ‘ਤੇ ਵਰਧਮਾਨ ਚੌਂਕ ਦੀਆਂ ਟਰੈਫਿਕ ਲਾਈਟਾਂ ‘ਤੇ ਸਮਰਾਲਾ ਸਾਈਡ ਤੋਂ ਆ ਰਹੇ ਇੱਕ ਤੇਜ਼ ਰਫਤਾਰ ਟਰਾਲੇ ਨੇ ਜਮਾਲਪੁਰ ਤੋਂ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦਰਬਾਰਾ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਵਾਸੀ ਵਾਰਡ ਨੰਬਰ 15 ਕੁੱਲੀਏਵਾਲ ਵਜੋਂ ਹੋਈ ਹੈ। ਮੌਕੇ ‘ਤੇ ਪਹੁੰਚੀ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਟਰਾਲਾ ਡਰਾਈਵਰ ਮੇਜ਼ਰ ਸਿੰਘ ਵਾਸੀ ਬਟਾਲਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ।
ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰੇ ਤਕਰੀਬਨ 10.30 ਵਜੇ ਵਰਧਮਾਨ ਚੌਂਕ ਦੀਆਂ ਰੈੱਡ ਲਾਈਟਾਂ ‘ਤੇ ਸਮਰਾਲਾ ਸਾਈਡ ਤੋਂ ਆਉਣ ਵਾਲੇ ਟਰਾਲਾ ਨੰਬਰ ਪੀਬੀ-13ਜੇ-7801 ਨੇ ਵਰਧਮਾਨ ਚੌਂਕ ਵਿੱਚ ਜਮਾਲਪੁਰ ਵੱਲੋਂ ਆਉਣ ਵਾਲੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੋਟਰਸਾਈਕਲ ‘ਤੇ ਸਵਾਰ ਦਰਬਾਰਾ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੋਟਰਸਾਈਕਲ ਸਵਾਰ ਸਮਰਾਲਾ ਚੌਂਕ ਦਵਾਈ ਲੈਣ ਜਾ ਰਹੇ ਸਨ।
ਜਾਂਚ ਅਧਿਕਾਰੀ ਏਐਸਆਈ ਪੂਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਟਰਾਲਾ ਡਰਾਈਵਰ ਮੇਜਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ‘ਤੇ ਮੁਕੱਦਮਾ ਦਰਜ਼ ਕਰ ਲਿਆ ਹੈ। ਮ੍ਰਿਤਕ ਪਤੀ ਪਤਨੀ ਦਰਬਾਰਾ ਸਿੰਘ ਅਤੇ ਕਮਲਜੀਤ ਕੌਰ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਨ ਲਈ ਭੇਜ ਦਿੱਤਾ ਹੈ।

ਪ੍ਰਸਿੱਧ ਖਬਰਾਂ

To Top