ਲਛਮਣ ਗੁਪਤਾ ਫ਼ਰੀਦਕੋਟ,
ਮੈਡੀਕਲ ਕੌਂਸਲ ਆਫ਼ ਇੰਡੀਆ (ਐੱਮਸੀਆਈ) ਨੇ ਮੈਡੀਕਲ ਕਾਲਜਾਂ ਨੂੰ ਆਦੇਸ਼ ਦਿੱਤੇ ਹਨ ਕਿ ਡਾਕਟਰਾਂ ਦੀ ਹਾਜ਼ਰੀ ਜੀ.ਪੀ.ਅੱੈਸ ਸਿਸਟਮ ਰਾਹੀਂ ਲਾਈ ਜਾਵੇ। ਐੱਮ.ਸੀ.ਆਈ. ਦਾ ਉਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਫਰਜੀ ਹਾਜ਼ਰੀ ਨੂੰ ਰੋਕਣਾ ਹੈ। ਇਹ ਹਾਜ਼ਰੀ ਰੋਜ਼ਾਨਾ ਐੱਮ.ਸੀ.ਆਈ ਦਫ਼ਤਰ ਵੱਲੋਂ ਚੈੱਕ ਕੀਤੀ ਜਵੇਗੀ। ਇਸ ਤਹਿਤ ਮੈਡੀਕਲ ਕਾਲਜਾਂ ‘ਚ ਜੀ.ਪੀ.ਐੱਸ. ਸਿਸਟਮ ਯੁਕਤ ਹਾਜ਼ਰੀ ਮਸ਼ੀਨਾਂ ਭੇਜੀਆਂ ਜਾ ਰਹੀਆਂ ਹਨ।
ਜੀ.ਪੀ.ਐੱਸ ਸਿਸਟਮ ਲੱਗਣ ਨਾਲ ਡਾਕਟਰ ਦੇ ਅਦਾਰੇ ਵਿੱਚ ਹੋਣ ਜਾਂ ਨਾ ਹੋਣ ਬਾਰੇ ਪੂਰੀ ਸੂਚਨਾ ਐੱਮਸੀਆਈ ਕੋਲ ਪੂਰਾ ਦਿਨ ਮੌਜ਼ੂਦ ਰਹੇਗੀ। ਜਿਕਰਯੋਗ ਹੈ ਕਿ ਐੱਮ.ਸੀ.ਆਈ. ਨੇ ਕੌਮੀ ਪੱਧਰ ‘ਤੇ ਡਾਕਟਰਾਂ ਦੀ ਘਾਟ ਨੂੰ ਦੇਖਦਿਆਂ ਮੈਡੀਕਲ ਕਾਲਜਾਂ ਵਿੱਚ ਡਾਕਟਰਾਂ ਦੀ ਦਸ ਫੀਸਦੀ ਘਾਟ ਦੀ ਛੋਟ ਦਿੱਤੀ ਹੋਈ ਹੈ, ਇਸ ਦੇ ਬਾਵਜੂਦ ਮੈਡੀਕਲ ਕਾਲਜਾਂ ਵਿੱਚ ਡਾਕਟਰਾਂ ਦੀ ਪੂਰੀ ਗਿਣਤੀ ਦਿਖਾਉਣ ਲਈ ਫਰਜ਼ੀ ਹਾਜ਼ਰੀਆਂ ਦੇ ਮਾਮਲੇ ਸਾਹਮਣੇ ਆਏ ਹਨ। ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਐੱਮ.ਸੀ.ਆਈ. ਨੇ ਡਾਕਟਰਾਂ ਦੀ ਹਾਜ਼ਰੀ ਨੂੰ ਜੀ.ਪੀ.ਐੱਸ ਸਿਸਟਮ ਨਾਲ ਜੋੜਣ ਦਾ ਫੈਸਲਾ ਕੀਤਾ ਹੈ।
ਉਹਨਾਂ ਕਿਹਾ ਕਿ ਹਾਜ਼ਰੀ ਸੰਬੰਧੀ ਜੀ.ਪੀ.ਐੱਸ. ਸਿਸਟਮ ਵਾਲੀਆਂ ਮਸ਼ੀਨਾਂ ਐੱਮ.ਸੀ.ਆਈ. ਨੇ ਹੀ ਮੁਹੱਈਆ ਕਰਵਾਉਣੀਆਂ ਸੀ ਜੋ ਕਿ ਅਜੇ ਤੱਕ ਨਹੀਂ ਆਈਆਂ। ਉਹਨਾਂ ਕਿ ਜਲਦ ਮਸ਼ੀਨਾਂ ਪਹੁੰਚ ਰਹੀਆਂ ਹਨ ਅਤੇ ਹਾਜ਼ਰੀ ਦਾ ਕੰਮ ਪਾਰਦਰਸ਼ੀ ਢੰਗ ਨਾਲ ਚਲਾਇਆ ਜਾ ਸਕੇਗਾ।