ਤਾਰੇ ਤੋੜ ਲਿਆਉਣ ਦਾ ਹੌਸਲਾ ਰੱਖਦੈ ਬਾਹਾਂ ਤੋਂ ਅਪਾਹਜ਼ ਜਗਵਿੰਦਰ ਸਿੰਘ

ਬਠਿੰਡਾ, ਸੁਖਜੀਤ ਮਾਨ
‘ਮਤ ਯਕੀਨ ਕਰ ਹਾਥੋਂ ਕੀ ਲਕੀਰੋਂ ਪਰ ਕਿਸਮਤ ਉਨਕੀ ਭੀ ਹੋਤੀ ਹੈ ਜਿਨਕੇ ਹਾਥ ਨਹੀਂ ਹੋਤੇ’ ਕਿਸੇ ਸ਼ਾਇਰ ਵੱਲੋਂ ਲਿਖੀਆਂ ਇਹ ਸਤਰਾਂ ਜ਼ਿਲ੍ਹਾ ਪਟਿਆਲਾ ‘ਚ ਪੈਂਦੇ ਪਾਤੜਾਂ ਸ਼ਹਿਰ ਦੇ ਰਹਿਣ ਵਾਲੇ ਜਗਵਿੰਦਰ ਸਿੰਘ ਨੇ ਸੱਚ ਕਰ ਵਿਖਾਈਆਂ ਹਨ
ਬਚਪਨ ਤੋਂ ਹੀ ਦੋਵਾਂ ਬਾਹਾਂ ਤੋਂ ਅਪਾਹਜ਼ ਜਗਵਿੰਦਰ ਸਿੰਘ ਅੰਬਰੋਂ ਤਾਰੇ ਤੋੜ ਲਿਆਉਣ ਵਰਗਾ ਹੌਸਲਾ ਰੱਖਦਾ ਹੈ ਕਲਾ ਹੀ ਜਿੰਦਗੀ ਹੈ ਤੇ ਜ਼ਿੰਦਗੀ ਹੀ ਕਲਾ ਹੈ ਦੇ ਅਧਾਰ ‘ਤੇ ਚੱਲਣ ਵਾਲੇ ਇਸ ਨੌਜਵਾਨ ਦੇ ਪੈਰ ਹਰ ਸਫਲਤਾ ਚੁੰਮਦੀ ਹੈ ਦ੍ਰਿੜ ਇਰਾਦੇ ਵਾਲਾ ਜਗਵਿੰਦਰ ਸਿੰਘ ਪੈਰਾਂ ਨਾਲ ਪੇਂਟਿੰਗ ਕਰਨ ਤੋਂ ਇਲਾਵਾ ਸਾਈਕਲਿਸਟ ਦੇ ਤੌਰ ‘ਤੇ ਵੀ ਆਪਣਾ ਨਾਂਅ ਚਮਕਾ ਰਿਹਾ ਹੈ ਬਠਿੰਡਾ ਦੇ ਬਹੁਮੰਤਵੀ ਖੇਡ ਸਟੇਡੀਅਮ ‘ਚ ਹੋਈ ਪਹਿਲੀ ਪੈਰਾ ਸਟੇਟ ਅਥਲੈਟਿਕ ਤੇ ਤੈਰਾਕੀ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਪਹੁੰਚੇ ਜਗਵਿੰਦਰ ਸਿੰਘ ਨੇ ‘ਸੱਚ ਕਹੂੰ’ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੇ ਮਨ ‘ਚ ਕਦੇ ਵੀ ਇਸ ਕਰਕੇ ਨਿਰਾਸ਼ਾ ਨਹੀਂ ਆਈ ਕਿ ਉਸਦੇ ਬਾਹਾਂ ਨਹੀਂ ਹਨ  ਸਗੋਂ ਉਹ ਬੁਲੰਦ ਹੌਂਸਲੇ ਨਾਲ ਅੱਗੇ ਵਧਦਾ ਹੈ ਇਸ ਹੋਣਹਾਰ ਨੌਜਵਾਨ ਨੇ ਸਾਲ 2013 ‘ਚ ਚੰਡੀਗੜ੍ਹ ‘ਚ ਹੋਈ ਸਟੇਟ ਸਾਈਕਲਿੰਗ ਚੈਂਪੀਅਨਸ਼ਿਪ ‘ਚੋਂ ਸੋਨ ਤਮਗਾ ਜਿੱਤਿਆ ਤੇ ਪਟਿਆਲਾ ਵਿਖੇ 208 ਕਿਲੋਮੀਟਰ ਰਾਈਡ 9 ਘੰਟਿਆਂ ‘ਚ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ  ਇਸ ਤੋਂ ਇਲਾਵਾ ਪੈਰਾ ਸਾਈਕਲਿੰਗ ਚੈਂਪੀਅਨਸ਼ਿਪ ਦੌਰਾਨ ਵੀ 212 ਕਿਲੋਮੀਟਰ ਪੈਂਡਾ ਪੂਰਾ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਸਟੇਟ ਪੈਰਾ ਸਾਈਕੀਲਿੰਗ ‘ਚੋਂ ਸੋਨ ਤਮਗਾ, ਉੜੀਸਾ ‘ਚ ਹੋਈ ਕੋਨਰਕ ਕੌਮਾਂਤਰੀ ਸਾਈਕਲਿੰਗ ‘ਚੋਂ ਦੂਜਾ ਸਥਾਨ ਹਾਸਿਲ ਕੀਤਾ ਅਤੇ ਬਠਿੰਡਾ ‘ਚ ਬੀਤੀ 4 ਮਾਰਚ ਨੂੰ ਹੋਈਆਂ ਖੇਡਾਂ ‘ਚੋਂ ਉਸਨੇ 100 ਤੇ 200 ਮੀਟਰ ‘ਚੋਂ ਦੂਜਾ ਸਥਾਨ ਤੇ ਲੰਬੀ ਛਾਲ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਗਵਿੰਦਰ ਸਿੰਘ ਨੇ ਆਪਣੀਆਂ ਪੇਟਿੰਗ ਨਾਲ ਸਬੰਧਿਤ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਸਨੇ ਪੇਟਿੰਗ ਮੁਕਾਬਲਿਆਂ ਦੌਰਾਨ ਭਾਰਤ ਭਰ ‘ਚੋਂ ਸਿਖਰਲਾ ਸਥਾਨ ਹਾਸਿਲ ਕੀਤਾ ਸੀ ਤਾਂ ਉਸਨੂੰ ਤੱਤਕਾਲੀ ਰਾਸ਼ਟਰਪਤੀ ਡਾ. ਏਪੀਜੀ ਅਬਦੁਲ ਕਲਾਮ ਨੇ ਰਾਸ਼ਟਰਪਤੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਸੀ ਉਸਨੇ ਪੈਰਾਂ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਬਣਾ ਕੇ ਵੀ ਉਨ੍ਹਾਂ ਨੂੰ ਸੌਂਪੀ ਜਗਵਿੰਦਰ ਦੀ ਕਲਾ ਦੇ ਖੇਤਰ ‘ਚ ਵੱਖਰੀ ਪਛਾਣ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਜਗਵਿੰਦਰ ਨੂੰ ਤਿੰਨ ਵਾਰ ਸਨਮਾਨਿਤ ਕਰ ਚੁੱਕੇ ਹਨ
ਇਸ ਤੋਂ ਇਲਾਵਾ ਵਿਸ਼ਵ ਸ਼ਾਂਤੀ ਚੈਰੀਟੇਬਲ ਵੱਲੋਂ ਆਲ ਇੰਡੀਆ ਟਾਪ 10 ਐਵਾਰਡ, ਮੇਰਠ ਯੂਨੀਵਰਸਿਟੀ ਵੱਲੋਂ ਐਵਾਰਡ ਆਫ ਹੁਨਰ, ਐਂਟੀ ਕੁਰੱਪਸ਼ਨ ਫਾਊਂਡੈਸ਼ਨ ਵੱਲੋਂ ਸਾਈਨਿੰਗ ਡਾਇਮੰਡ ਐਵਾਰਡ ਆਦਿ ਵੀ ਉਸ ਨੂੰ ਮਿਲ ਚੁੱਕੇ ਹਨ  ਜਗਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਸਾਲ 2013 ‘ਚ ਇੰਟਰਨੈਸ਼ਨਲ ਸਾਈਕਲਿੰਗ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਲਈ ਮੌਕਾ ਤਾਂ ਮਿਲ ਗਿਆ ਸੀ ਪਰ ਵਿੱਤੀ ਸਮੱਸਿਆ ਕਰਕੇ ਉਹ ਉੱਥੇ ਨਹੀਂ ਜਾ ਸਕਿਆ ਉਸਨੇ ਆਖਿਆ ਕਿ ਕਿਸੇ ਵੀ ਸਰਕਾਰ ਨੇ ਹਾਲੇ ਤੱਕ ਉਸਦੀ ਕੋਈ ਮੱਦਦ ਨਹੀਂ ਕੀਤੀ ਪੇਟਿੰਗ ਤੇ ਸਾਈਕਲਿੰਗ ਤੋਂ ਇਲਾਵਾ ਕਿਸੇ ਹੋਰ ਸ਼ੌਂਕ ਸਬੰਧੀ ਪੁੱਛੇ ਜਾਣ ‘ਤੇ ਜਗਵਿੰਦਰ ਸਿੰਘ ਨੇ ਆਖਿਆ ਕਿ ਉਹ ਰਸੋਈ ‘ਚ ਆਪਣਾ ਖਾਣਾ ਖੁਦ ਬਣਾ ਸਕਦਾ ਹੈ ਉਹ ਦਲੀਆ, ਸੇਵੀਆਂ ਅਤੇ ਰੋਟੀਆਂ ਆਦਿ ਪੂਰੀ ਚੰਗੀ ਤਰ੍ਹਾਂ ਬਣਾ ਲੈਂਦਾ ਹੈ

ਪੈਰਾ ਓਲੰਪਿਕ ‘ਚੋਂ ਸੋਨ ਤਮਗਾ ਜਿੱਤਣਾ ਹੈ ਸੁਫਨਾ
ਜਗਵਿੰਦਰ ਸਿੰਘ ਦਾ ਸੁਪਨਾ ਪੈਰਾ ਓਲੰਪਿਕ ‘ਚੋਂ ਸੋਨ ਤਮਗਾ ਜਿੱਤਣਾ ਹੈ ਉਸਨੇ ਆਖਿਆ ਕਿ ਜੇਕਰ ਸਰਕਾਰ ਉਸਦੀ ਇੱਕ ਸਾਈਕਲਿਸਟ ਵਜੋਂ ਪੂਰੀ ਮੱਦਦ ਕਰੇ ਤਾਂ ਉਹ ਇੱਕਲਾ ਆਪਣਾ ਜਾਂ ਪੰਜਾਬ ਦਾ ਹੀ ਨਹੀਂ ਸਗੋਂ ਪੈਰਾ ਓਲੰਪਿਕ ‘ਚੋਂ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਚਾਹੁੰਦਾ ਹੈ