ਥਾਣਾ ਘੱਗਾ ਦਾ ਮੁਖੀ ਬਰਖਾਸਤ

ਜਗਸੀਰ ਇੰਸਾਂ ਘੱਗਾ, 
ਇੱਕ ਪੰਚਾਇਤੀ ਮਾਮਲੇ ਵਿੱਚ ਥਾਣਾ ਘੱਗਾ ਵਿਖੇ ਗਏ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਪ੍ਰੇਮ ਚੰਦ ਗੁਪਤਾ ਤੇ ਸੀਨੀਅਰ ਮੀਤ ਪ੍ਰਧਾਨ ਰਾਮਾ ਗੁਪਤਾ ਦੀ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਸਬੰਧੀ ਥਾਣਾ ਘੱਗਾ ਦੇ ਮੁਖੀ ਰਜਵੰਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਸਦੀ ਬਕਾਇਦਾ ਪੁਸ਼ਟੀ ਐੱਸਐੱਸਪੀ ਪਟਿਆਲਾ ਐੱਸ ਭੂਪਤੀ ਵੱਲੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਨਗਰ ਕੌਂਸਲ ਪਾਤੜਾਂ ਦੇ ਉਕਤ ਦੋਵੇਂ ਅਹੁਦੇਦਾਰ ਇੱਕ ਪੰਚਾਇਤੀ ਮਾਮਲੇ ਵਿੱਚ ਸ਼ਹਿਰ ਨਿਵਾਸੀ ਧਰਮਪਾਲ ਨਾਲ ਥਾਣਾ ਘੱਗਾ ਗਏ ਸਨ ਜਿਸ ਦੌਰਾਨ ਥਾਣਾ ਮੁਖੀ ਰਜਵੰਤ ਸਿੰਘ ਨਾਲ ਤਕਰਾਰ ਹੋ ਗਿਆ ਜਿਸ ਤੋਂ ਖਫ਼ਾ ਹੋ ਕੇ ਥਾਣਾ ਮੁਖੀ ਵੱਲੋਂ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਪ੍ਰੇਮ ਚੰਦ ਗੁਪਤਾ ਦੀ ਥਾਣੇ ਅੰਦਰ ਕੁੱਟਮਾਰ ਕਰਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਸੀ ਇਸ ਘਟਨਾ ਉਪਰੰਤ ਸਾਬਕਾ ਵਿਧਾਇਕ ਨਿਰਮਲ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੇ ਇੱਕ ਵਫ਼ਦ ਨੇ ਐੱਸਐੱਸਪੀ ਪਟਿਆਲਾ ਨੂੰ ਮਿਲ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ ਜਿਸ ‘ਤੇ ਮਾਮਲੇ ਦੀ ਜਾਂਚ ਐੱਸਪੀ ਸਿਟੀ ਪਟਿਆਲਾ ਨੂੰ ਸੌਂਪ ਦਿੱਤੀ ਗਈ ਸੀ ਪਰ ਸ਼ੁੱਕਰਵਾਰ ਨੂੰ ਮਾਮਲੇ ਨੇ ਉਸ ਵਕਤ ਹੋਰ ਤੇਜ਼ੀ ਫੜ ਲਈ ਜਦੋਂ ਪੁਲਿਸ ਦੇ ਇਸ ਕਾਰੇ ਦੇ ਵਿਰੋਧ ਵਿੱਚ ਪਾਤੜਾਂ ਦੀਆਂ ਵੱਖ-ਵੱਖ ਵਪਾਰਕ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਥਾਣਾ ਮੁਖੀ ਨੂੰ ਤੁਰੰਤ ਬਰਖਾਸਤ ਕਰਨ ਦੇ ਨਾਲ ਨਾਲ ਅਣਮਨੁੱਖੀ ਤਸ਼ੱਦਦ ਕਰਨ ਕਰਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਜਿਸ ‘ਤੇ ਕਾਰਵਾਈ ਕਰਦਿਆਂ ਐੱਸਐੱਸਪੀ ਵੱਲੋਂ ਥਾਣਾ ਮੁਖੀ ਨੂੰ ਬਰਖਾਸਤ ਕਰ ਦਿੱਤਾ ਗਿਆ
ਐੱਸਐੱਸਪੀ ਐੱਸ ਭੂਪਤੀ ਨੇ ਥਾਣਾ ਮੁਖੀ ਨੂੰ ਬਰਖਾਸਤ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਐੱਸਪੀ ਸਿਟੀ ਪਟਿਆਲਾ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਘੱਗਾ ਰਜਵੰਤ ਸਿੰਘ ਨੂੰ ਬਰਖਾਸਤ ਕਰਨ ਉਪਰੰਤ ਤਰੁੰਤ ਪ੍ਰਭਾਵ ਤਹਿਤ ਪੁਲਿਸ ਲਾਇਨ ਪਟਿਆਲਾ ਹਾਜ਼ਰ ਹੋਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।