ਦਿਲੀ ਸਤਿਕਾਰ ਦੀ ਹੱਕਦਾਰ ਪੁਰਾਣੀ ਪੀੜ੍ਹੀ

ਗਰੀਬ ਤੇ ਅਮੀਰ ਦੇ ਪਾੜੇ ਵਾਂਗ ਪੁਰਾਣੀ ਤੇ ਨਵੀਂ ਪੀੜ੍ਹੀ ਦਰਮਿਆਨ ਪਾੜਾ ਦਿਨੋ-ਦਿਨ ਵਧ ਰਿਹਾ ਹੈ ਇੱਕ ਪਾਸੇ ਬਜ਼ੁਰਗਾਂ ਦੀ ਹਾਲਤ ਉੱਖੜੇ ਹੋਏ ਬੂਹਿਆਂ, ਬਿਨਾਂ ਤਲੇ ਦੇ ਬਾਲਟੀ ਤੇ ਮਲਬਾ ਹੋਏ ਮਕਾਨ ਵਰਗੀ ਬਣਦੀ ਜਾ ਰਹੀ ਹੈ, ਦੂਜੇ ਪਾਸੇ ਨਵੀਂ ਪੀੜ੍ਹੀ ਦਾ ਵੱਡਾ ਹਿੱਸਾ ਆਪਣੀ ਸੰਸਕ੍ਰਿਤੀ , ਫਰਜ਼ ਤੇ ਰੀਤੀ ਰਿਵਾਜਾਂ ਤੋਂ ਬੇਮੁੱਖ ਹੋ ਕੇ ਝੂਠੀ ਆਕੜ, ਨਿੰਦਿਆ ਚੁਗਲੀ ਦਾ ਸਹਾਰਾ ਲੈ ਕੇ ਨੈਤਿਕ ਕੀਮਤਾਂ ਦੀ ਕੰਗਾਲੀ ਭੋਗ ਰਹੀ ਹੈ
ਤਿੰਨ ਕੁ ਦਹਾਕੇ ਪਹਿਲਾਂ ਘਰ ਦੇ ਹਰ ਕਾਰਜ ‘ਚ ਬਜ਼ੁਰਗਾਂ ਨੂੰ ਮੂਹਰੇ ਰੱਖ ਕੇ ਸਮਾਜਿਕ ਕਦਰਾਂ-ਕੀਮਤਾਂ ਦੀ ਪਾਲ਼ਣਾ ਕਰਨਾ ਫਰਜ ਸਮਝਿਆ ਜਾਂਦਾ ਸੀ ਕਿਸੇ ਵੀ ਕਾਰਜ ਸਮੇਂ ਮੂਹਰਲੀਆਂ ਸਫਾਂ ‘ਚ ਬੈਠੇ ਬਜੁਰਗਾਂ ਦਾ ਹਸੂੰ-ਹਸੂੰ ਕਰਦਾ ਚਿਹਰਾ ਜਗਦੀਆਂ ਜੋਤਾਂ ਵਾਗੁੰ ਲਗਦਾ ਸੀ ਪਰ ਅੱਜ ਕੱਲ੍ਹ ਵਿਆਹ ਮੌਕੇ ਡੀਜੇ ਦੇ ਸ਼ੋਰ ‘ਚ ਗੁੰਮ-ਸੁੰਮ ਬੈਠਾ ਬਜ਼ੁਰਗ ਮਿਲਣ ਵਾਲੇ ਕੰਬਲਾਂ ਦੀ ਰਾਖੀ ਕਰ ਰਿਹਾ ਹੁੰਦਾ ਹੈ ਤੇ ਉਸ ਦੀ ਹਾਲਤ ਉਸ ਵਿਅਕਤੀ ਹੁੰਦੀ ਹੈ ਜੋ ਬਹੁਤ ਦਿਨਾਂ ਦੀ ਇੰਤਜ਼ਾਰ ਪਿੱਛੋਂ ਮੇਲੇ ਗਿਆ ਹੋਵੇ ਪਰ ਉਸਦਾ ਬਟੂਆ ਜੇਬ੍ਹ ਕਤਰਿਆਂ ਦੀ ਭੇਂਟ ਚੜ੍ਹ ਗਾਆ ਹੋਵੇ ਦਰਅਸਲ ਪੁਰਾਣੀ ਪੀੜ੍ਹੀ ਤੇ ਨਵੀਂ ਪੀੜ੍ਹੀ ਦੇ ਸੁਭਾਅ, ਵਰਤਾਓ, ਰਹਿਣ-ਸਹਿਣ, ਖਾਣ-ਪੀਣ, ਚਾਲ-ਚਲਣ ਤੇ ਬੋਲ-ਚਾਲ ਦੇ ਢੰਗ ਤੇ ਵਿਚਾਰਾਂ ‘ਚ ਜ਼ਮੀਨ ਅਸਮਾਨ ਦਾ ਅੰਤਰ ਹੋਣ ਕਾਰਨ ਰਿਸ਼ਤਿਆਂ ‘ਚ ਪਈ ਡੂੰਘੀ ਪਾਈ ਦਾ ਸੰਤਾਪ ਬਜ਼ੁਰਗ ਭੋਗ ਰਹੇ ਹਨ
ਪੁਰਾਣੀ ਪੀੜ੍ਹੀ ਸਿਧਾਂਤਵਾਦੀ ਹੈ ਪਰ ਨਵੀਂ ਪੀੜ੍ਹੀ ਵਿਹਾਰਵਾਦੀ ਹੈ ਪੁਰਾਣੀ ਪੀੜ੍ਹੀ ਲਈ ਕਦਰਾਂ-ਕੀਮਤਾਂ ਦੀ ਮਹੱਤਤਾ ਆਪਣੇ ਜੀਵਨ ਤੋਂ ਵੀ Àੁੱਪਰ ਹੈ ਪਰ ਨਵੀਂ ਪੀੜ੍ਹੀ ਲਈ ਪਹਿਲਾਂ ਜਿੰਦਗੀ ਹੈ ਤੇ ਨੈਤਿਕ ਕਦਰਾਂ-ਕੀਮਤਾਂ ਦੂਜੇ ਨੰਬਰ ‘ਤੇ ਹਨ ਉਹ ਇਸ ਗੱਲ ‘ਚ ਯਕੀਨ ਰੱਖਦੀ ਹੈ ਕਿ ਸਮੇਂ ਤੇ ਲੋੜ ਮੁਤਾਬਕ ਨੈਤਿਕ ਕਦਰਾਂ-ਕੀਮਤਾਂ ਬਦਲੀਆਂ ਵੀ ਜਾ ਸਕਦੀਆਂ ਹਨ ਪੁਰਾਣੀ ਪੀੜ੍ਹੀ ਦਾ ਵਰਤਾਓ ਮਾਨਵਤਾਵਾਦੀ ਹੈ, ਪਰ ਨਵੀਂ ਪੀੜ੍ਹੀ ਦੇ ਵਰਤਾਓ ‘ਤੇ ਭੌਤਿਕਵਾਦੀ ਮੁਲੰ੍ਹਮਾ ਚੜ੍ਹਿਆ ਹੋਇਆ ਹੈ
ਪੁਰਾਣੀ ਪੀੜ੍ਹੀ ਮਨ ਦੀ ਸ਼ਾਤੀ, ਚੰਗੇ ਕਰਮ ਤੇ ਜੀਵਨ ‘ਚ ਸੰਤੁਸ਼ਟੀ ਨੂੰ ਤਰਜ਼ੀਹ ਦੇਣ ‘ਚ ਯਕੀਨ ਰੱਖਦੀ ਹੈ, ਪਰ ਨਵੀਂ ਪੀੜ੍ਹੀ ਚੰਗੀ ਨੌਕਰੀ, ਵਪਾਰ ਜਾਂ ਹੋਰ ਕਾਰੋਬਾਰ ਰਾਹੀਂ ਵੱਧ ਤੋਂ ਵੱਧ ਪੈਸਾ ਹਾਸਲ ਕਰਨ ਲਈ ਜਾਇਜ਼-ਨਾਜਾਇਜ਼ ਢੰਗ ਵਰਤਣ ਤੋਂ ਵੀ ਸੰਕੋਚ ਨਹੀਂ ਕਰਦੀ  ਪੁਰਾਣੀ ਪੀੜ੍ਹੀ ਦੀ ਸੋਚ ਸਮੂਹਿਕ ਹੈ ‘ਤੇ ਉਹ ਵਾਹ ਲਗਦਿਆਂ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੁੰਦੀ ਜਿਸ ਨਾਲ ਕਿਸੇ ਦਾ ਨੁਕਸਾਨ ਹੋਵੇ ਜਾਂ ਭਾਵਨਾਵਾਂ ਜ਼ਖਮੀ ਹੋ ਜਾਣ, ਪਰ ਨਵੀਂ ਪੀੜ੍ਹੀ ਦੀ ਸੋਚ ਵਿਅਕਤੀਵਾਦੀ ਹੋਣ ਕਾਰਨ ਉਸਨੂੰ ਕਿਸੇ ਦੇ ਹਿੱਤਾਂ ਨੂੰ ਪਹੁੰਚੀ ਠੇਸ ਨਾਲ ਕੋਈ ਮਤਲਬ ਨਹੀਂ ਇਸ ਵਖਰੇਵੇਂ ਕਾਰਨ ਹੀ ਪੁਰਾਣੀ ਪੀੜ੍ਹੀ ਦਾ ਜੀਵਨ ਅਗਨੀ ਪੱਥ ਬਣਕੇ ਰਹਿ ਗਿਆ ਹੈ ਜੇ ਇਹ ਕਿਹਾ ਜਾਵੇ ਕਿ ਪਹਿਲਾਂ ਔਲਾਦ ਮਾਪਿਆਂ ਤੋਂ ਡਰਦੀ ਸੀ ਪਰ ਹੁਣ ਮਾਪੇ ਔਲਾਦ ਤੋਂ ਡਰਦੇ ਹਨ ਤਾਂ ਕੋਈ ਅਤਿਕਥਨੀ ਨਹੀਂ
ਨਵੀਂ ਪੀੜ੍ਹੀ ਦੀ ਬਜ਼ੁਰਗਾਂ ਪ੍ਰਤੀ ਨੇੜਤਾ ਜਾਂ ਸਤਿਕਾਰ ਦੀ ਭਾਵਨਾ ਹੁਣ ਫਰਜ਼ ਕਾਰਨ ਘੱਟ ਤੇ ਖੁਦਗਰਜ਼ੀ ਦੀ ਭਾਵਨਾ ਨਾਲ ਜ਼ਿਆਦਾ ਜੁੜ ਗਈ ਹੈ  ਦਾਦਾ-ਦਾਦੀ , ਨਾਨਾ-ਨਾਨੀ ਦੀਆਂ ਬਾਤਾਂ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈਆਂ ਹਨ ਜਦੋਂ ਦਾਦਾ-ਪੋਤਾ ਲਾਡ ਕਰਦੇ  ਸੀ ਤਾਂ ਆਪਣੀ ਜਿੰਦਗੀ ਦੀ ਆਖਰੀ ਪਾਰੀ ਖੇਡ ਰਹੇ ਬਾਬੇ ਨੂੰ ਆਪਣਾ ਭਵਿੱਖ Àੁੱਛਲਦਾ ਵਿਖਾਈ ਦਿੰਦਾ ਸੀ ਬਿਨਾਂ ਸ਼ੱਕ ਮੁਕਾਬਲੇਬਾਜੀ ਦੀ ਦੌੜ ‘ਚ ਸੱਭਿਅਕ ਸਮਾਜ ਦਾ ਬਹੁਤ ਕੁਝ ਰੇਤ ਦੀ ਮੁੱਠੀ ਵਾਂਗ ਕਿਰ ਗਿਆ ਹੈ ਮਾਡਰਨ ਸਮਾਜ ਦੀ ਉਸਾਰੀ ‘ਚ ਪਰਿਵਾਰਾਂ ਵੱਲੋਂ ਬਜ਼ੁਰਗਾਂ ਦੀ ਅਣਦੇਖੀ ਇਸ ਵੇਲੇ ਅਹਿਮ ਮੁੱਦਾ ਬਣਦਾ ਜਾ ਰਿਹਾ ਹੈ ਕਿਸੇ ਬਜ਼ਰਗ ਨੂੰ ਤੰਗ ਪ੍ਰੇਸ਼ਾਨ ਕਰਕੇ ਉਸ ਵੱਲੋਂ ਹੱਡ ਭੰਨਵੀਂ ਮਿਹਨਤ ਨਾਲ ਉਸਾਰੇ ਘਰ ‘ਚੋਂ ਬਾਹਰ ਕੱਢ ਦੇਣਾ ਘੋਰ ਬੇਇਨਸਾਫੀ ਦੇ ਨਾਲ-ਨਾਲ ਸਮਾਜਿਕ ਕਦਰਾਂ-ਕੀਮਤਾਂ ‘ਤੇ ਸਵਾਲੀਆ ਨਿਸ਼ਾਨ ਵੀ ਹੈ ‘ਏਜ਼ ਵੈੱਲ ਸੰਗਠਨ’ ਵੱਲੋਂ ਕਰਵਾਏ ਸਰਵੇਖਣ ਮੁਤਾਬਕ 16.2 ਫੀਸਦੀ ਬਜ਼ੁਰਗ ਆਪਣੇ ਰਿਸ਼ਤੇਦਾਰਾਂ ਤੇ ਲੈਂਡ ਮਾਫੀਏ ਤੋਂ ਆਪਣੀ ਜਿੰਦਗੀ ਨੂੰ ਖਤਰਾ ਮਹਿਸੂਸ ਕਰ ਰਹੇ ਹਨ 19 ਫੀਸਦੀ ਭਾਵਨਾਤਮਕ ਤੌਰ ‘ਤੇ ਬੇਸਹਾਰਾ ਅਤੇ ਆਪਣਿਆਂ ਤੋਂ ਕੱਟੇ ਹੋਏ ਦਿਨ ਕਟੀ ਕਰ ਰਹੇ ਹਨ ਤੇ 78 ਫੀਸਦੀ ਇਕੱਲਤਾ ਦਾ ਸ਼ਿਕਾਰ ਹੋਕੇ ਸਮਾਜਿਕ ਵਖਰੇਵੇਂ ਦੇ ਨਾਲ-ਨਾਲ ਅਣਮਨੁੱਖੀ ਵਰਤਾਓ ਤੋਂ ਪੀੜਤ ਹਨ ਪੰਜਾਬ ਯੂਨੀਵਰਸਿਟੀ ਵੱਲੋਂ ਬਜੁਰਗਾਂ ਦੀ ਮਾਨਸਿਕ, ਸਰੀਰਕ, ਆਰਥਿਕ ਤੇ ਸਮਾਜਿਕ ਹਾਲਤ ਸਬੰਧੀ ਕਰਵਾਏ ਸਰਵੇਖਣ ‘ਚ ਇਹ ਤੱਥ ਸਾਹਮਣੇ ਆਏ ਹਨ ਕਿ 25.41 ਫੀਸਦੀ ਬਜ਼ੁਰਗ ਮਾੜੀ ਹਾਲਤ ‘ਚ ਵਕਤ ਨੂੰ ਧੱਕਾ ਦੇ ਰਹੇ ਹਨ 17 ਫੀਸਦੀ ਖੁਦ ਕਹਿੰਦੇ ਹਨ ਕਿ ਘਰ ‘ਚ ਨੂੰਹਾਂ -ਪੁੱਤਾਂ ਵੱਲੋਂ ਬਣਦਾ ਸਤਿਕਾਰ ਨਹੀਂ ਮਿਲਦਾ 44 ਫੀਸਦੀ ਬਜ਼ੁਰਗਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਔੌਲਾਦ ਵੱਲੋਂ ਰੋਟੀ ਇਸ ਅਧਾਰ ‘ਤੇ ਮਿਲਦੀ ਹੈ ਕਿ ਨੂੰਹ -ਪੁੱਤ ਦੇ ਡਿਊਟੀ ‘ਤੇ ਜਾਣ ਪਿੱਛੋਂ ਬੱਚੇ  ਸਾਂਭਦੇ ਹਨ ਤੇ 14 ਫੀਸਦੀ ਬਜ਼ੁਰਗ ਧੀਆਂ ਦੀ ਸ਼ਰਨ ‘ਚ ਗਏ ਹੋਏ ਹਨ ਦਰਅਸਲ ਅੱਜ ਦੀ ਪੀੜ੍ਹੀ ਸਮਾਜਿਕ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇਕੇ ਮਾਂ-ਬਾਪ ਤੋਂ ਬਾਗੀ ਹੋ ਕੇ ਆਪ ਮੁਹਾਰੇ ਤੇ ਅੱਥਰੇ ਜਿਹੇ ਹੋ ਗਏ ਹਨ ਇਸ ਕਾਰਨ ਹੀ ਰਿਸ਼ਤੇ ਲੀਰਾਂ ਹੋ ਰਹੇ ਹਨ ਸੰਯੁਕਤ ਪਰਿਵਾਰਾਂ ਦੀ ਅਣਹੋਂਦ ਤੇ ਇਕਹਿਰੇ ਪਰਿਵਾਰਾਂ ਦੀ ਹੋਂਦ ਨੇ ਜਿੱਥੇ ਭਾਈਚਾਰਕ ਏਕਤਾ, ਮੋਹ-ਪਿਆਰ, ਅਪਣੱਤ ਤੇ ਸਤਿਕਾਰ ਦੀ ਤੰਦ ਨੂੰ ਤੋੜਿਆ ਹੈ, ਉਥੇ ਹੀ ਅਜੋਕੇ ਪੂੰਜੀਵਾਦੀ ਨਿਜ਼ਾਮ, ਆਧੁਨਿਕ ਜੀਵਨ ਸ਼ੈਲੀ, ਸ਼ਹਿਰੀਕਰਨ ਤੇ ਵਪਾਰੀਕਰਨ ਨੇ ਘਰ ਪਰਿਵਾਰ ਨੂੰ ਖਿੰਡਾ ਦਿੱਤਾ ਹੈ ਪਹਿਲਾਂ ਸਾਂਝੇ ਚੁੱਲ੍ਹੇ ਤੇ ਤੰਦੂਰਾਂ ‘ਚੋਂ ਅਪਣੱਤ ਦਾ ਨਿੱਘ ਆਉਂਦਾ ਸੀ ਪਰ ਹੁਣ ਜਿੰਨੇ ਮੁੰਡੇ ਉਸ ਤੋਂ ਦੁੱਗਣੇ ਗੈਸੀ ਚੁੱਲ੍ਹੇ ਸਾਂਝੇ ਪਰਿਵਾਰਾਂ ਦੀ ਹਾਲਤ ਇੰਜ ਹੁੰਦੀ ਸੀ :-
ਪਾਲੋ-ਪਾਲ ਸਬਾਤ ‘ਚ ਮੰਜੇ, ਡਾਹ ਲੈਂਦਾ ਸੀ ਸਾਰਾ ਟੱਬਰ
ਭਰੇ ਭੜੋਲੇ ਸਨ ਮੋਹ-ਤਿਹੁ ਦੇ, ਦਿਲ ਤੋਂ ਦਿਲ ਤੱੱਕ ਦਰ ਹੁੰਦੇ ਸਨ
ਬਜ਼ੁਰਗ  ਸਾਡੀ ਕਮਜੋਰੀ ਨਹੀਂ, ਸ਼ਕਤੀ ਹਨ ਉਹ ਬੀਤੇ ਹੋਏ ਕੱਲ੍ਹ ਦੇ ਨਾਲ-ਨਾਲ ਆਉਣ ਵਾਲਾ ਕੱਲ੍ਹ ਵੀ ਹਨ ਸੂਝ-ਬੂਝ, ਸਿਆਣਪ, ਅਚਾਰ-ਵਿਹਾਰ, ਕਹਿਣੀ-ਕਰਨੀ ਦਾ ਸੁਮੇਲ ਤੇ ਜਿੰਮੇਵਾਰੀਆਂ ਨਿਭਾਉਣ ਦੀ ਸੁਚੱਜੀ ਜਾਚ ਦੱਸਣ ਵਾਲੇ ਬਜ਼ੁਰਗਾਂ ਦੇ ਹੋਠਾਂ ‘ਤੇ ਹੁਣ ਚੁੱਪ ਦਾ ਜਿੰਦਰਾ ਜਿਹਾ ਲੱਗ ਗਿਆ ਹੈ ਦਰਅਸਲ ਬਜ਼ੁਰਗ ਤਾਂ ਉਹ ਬੈਂਕ ਹਨ ਜਿੱਥੇ ਹਰ ਤਰ੍ਹਾਂ ਦੀ ਭਾਵਨਾ ਤੇ ਦੁੱਖ-ਸੁੱਖ ਜਮਾਂ ਹਨ ਪਰ ਦੁਖਾਂਤਕ ਪੱਖ ਇਹ ਹੈ ਕਿ ਆਧੁਨਿਕ ਮਨੁੱਖ ਆਪ ਹੁਦਰੀਆਂ ਕਰਦਾ ਰਿਸ਼ਤਿਆਂ ਦੀਆਂ ਪੀਢੀਆਂ ਗੰਢਾਂ ਕਿੱਲਿਆਂ ‘ਤੇ ਟੰਗਕੇ ਥੱਲਿਓਂ ਤੀਲੀ ਲਾ ਰਿਹਾ ਹੈ ਜਿਸ ਪੁਲ Àੁੱਪਰੋਂ ਅਸੀਂ ਲੰਘ ਕੇ ਆਉਂਦੇ ਹਾਂ, ਉਸ ਦੀ ਹੋਂਦ ਤੋਂ ਹੀ ਮੁਨਕਰ ਹੋਣਾ ਅਕ੍ਰਿਤਘਣਤਾ ਹੀ ਤਾਂ ਹੈ ਦਰਅਸਲ ਅਸੀਂ ਦੁਰੱਖਤ ਦੇ ਹਰੇ ਪੱਤੇ, ਟਾਹਣੀਆਂ ਤੇ ਲੱਗੇ ਫਲ-ਫੁੱਲਾਂ ਨੂੰ ਤਾਂ ਵੇਖ ਰਹੇ ਹਾਂ ਪਰ ਦਰੱਖਤ ਦੀਆਂ ਜੜਾਂ ਤੋਂ ਅਵੇਸਲੇ ਹੋ ਕੇ ਇਹ ਭੁੱਲ ਹੀ ਗਏ ਹਾਂ ਕਿ ਜੇਕਰ ਜੜ ਖੋਖਲ਼ੀ ਹੋ ਗਈ ਤਾਂ ਹਰਾ-ਭਰਾ ਦਰੱਖਤ ਉਪਰੋਂ ਸੁੱਕਣਾ ਸ਼ੁਰੂ ਹੋ ਜਾਵੇਗਾ  ਦਰਅਸਲ ਇਕਹਿਰੇ ਪਰਿਵਾਰਾਂ ‘ਚ ਬਜ਼ੁਰਗਾਂ ਦੇ ਨੈਤਿਕ ਦਬਾਓ ਦੇ ਅਲੋਪ ਹੋਣ ਨਾਲ ਨਵੀਂ ਪੀੜ੍ਹੀ ਹਿੰਸਕ, ਸਵ ਕੇਂਦਰਤ ਤੇ ਅਭਿਮਾਨੀ ਹੋ ਗਈ ਹੈ ਉਪਨਿਸ਼ਦਾਂ ‘ਚ ਦਰਜ਼ ”ਪਿਤਰ ਦੇਵੋ ਭਵ, ਮਾਤਰ ਦਵੋ ਭਵ” (ਮਾਤਾ ਪਿਤਾ ਦੇਵਤਾ ਸਮਾਨ ਹਨ) ਨੂੰ ਭੁੱਲ ਕੇ ਉਹ ਉਨ੍ਹਾਂ ਨੂੰ ਆਪਣੀਆਂ ਖੁਸ਼ੀਆਂ ‘ਚ ਰੋੜਾ ਸਮਝ ਰਹੇ ਹਨ ਬਜੁਰਗਾਂ ਦੀ ਅਣਹੋਂਦ ਦੇ ਨਾਲ-ਨਾਲ ਮਾਪਿਆਂ ਦਾ ਬੇਗਰਜ਼ ਪਿਆਰ, ਹੱਦੋਂ ਵੱਧ ਉਮੀਦਾਂ , ਜਰੂਰਤ ਤੋਂ ਵੱਧ ਦਿੱਤੀ ਸੁਰੱਖਿਆ, ਨੈਤਿਕ ਕਦਰਾਂ-ਕੀਮਤਾਂ ਦੇ ਪਾਠ ਤੋਂ ਅਣਭਿੱਜ , ਖੁੱਲ੍ਹਾ ਜੇਬ੍ਹ ਖਰਚ, ਸਖ਼ਤ ਮਿਹਨਤ ਦੇ ਪਾਠ ਤੋਂ ਵਾਂਝੇ ਬੱਚਿਆਂ ਨੂੰ ਮਾਨਸਿਕ ਤੌਰ ‘ਤੇ ਅਪਾਹਿਜ ਤੇ  ਸਹੀ ਫੈਸਲੇ ਲੇਣ ਤੋਂ ਅਸਮਰੱਥ ਕਰ ਦਿੱਤਾ ਹੈ ਵੱਡਾ ਹੋਣ ‘ਤੇ ਅਜਿਹੇ ਵਿਗੜੇ ਬੱਚੇ ਹੀ ਮਾਂ-ਬਾਪ ਦੇ ਪੈਰਾਂ ਨੂੰ ਹੱਥ ਲਾਉਣ ਦੀ ਥਾਂ ਗਰਦਨ ਨੂੰ ਹੱਥ ਪਾਉਣ ਲਈ ਕਾਹਲੇ ਹੋ ਜਾਂਦੇ ਹਨ ਜਦੋਂ ਬੱਚੇ ਨੂੰ ਮੁੱਢ ਤੋਂ ਹੀ ਅਸੀਂ ਦੀ ਥਾਂ ਮੈਂ ਦੀ ਸਿੱਖਿਆ ਮਿਲਦੀ  ਹੈ ਤਾਂ ਉਹਦੇ ਅੰਦਰ ਹੰਕਾਰ ਦੀ ਭਾਵਨਾ ਬਚਪਨ ‘ਚ ਹੀ ਪੈਦਾ ਹੋ ਜਾਂਦੀ ਹੈ ਆਪਹੁਦਰਾਪਣ ਤੇ ਘਟੀਆ ਆਦਤਾਂ ਦਾ ਸ਼ਿਕਾਰ ਹੋ ਕੇ ਉਹ ਮਾਪਿਆਂ ਨੂੰ ਟਿੱਚ ਸਮਝਣ ਲੱਗ ਜਾਂਦਾ ਹੈ  ਚੰਗੀਆਂ  ਆਦਤਾਂ ਹਮੇਸ਼ਾ ਵੱਡਿਆਂ ਵੱਲੋਂ ਛੋਟਿਆਂ ਵੱਲ ਜਾਂਦੀਆਂ ਹਨ ਮਾਂ-ਬਾਪ ਪਦਾਰਥਕ ਦੌੜ ‘ਚ ਬੱਚਿਆਂ ਵੱਲ ਪੂਰਾ ਧਿਆਨ ਨਹੀਂ ਦੇ ਰਹੇ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ, ਮਹਿੰਗੇ ਸਕੂਲ ‘ਚ ਦਾਖ਼ਲ ਕਰਵਾਉਣਾ, ਟਿਊਸ਼ਨ ਦਾ ਪ੍ਰਬੰਧ ਕਰਨਾ ਤੇ ਖੁੱਲ੍ਹਾ ਜੇਬ੍ਹ ਖਰਚ ਦੇਣ ਹੀ ਆਪਣਾ ਫਰਜ਼ ਸਮਝ ਰਹੇ ਹਨ
ਸ਼ਹਿਰਾਂ ‘ਚ ਖੁੱਲ੍ਹੇ ਬਿਰਧ ਆਸ਼ਰਮ ਭਾਵੇਂ ਸਾਡੀ ਸੰਸਕ੍ਰਿਤੀ, ਸਾਡੇ ਸੱÎਿਭਆਚਾਰ ਦੇ ਜਨਾਜ਼ੇ ਦੀ ਮੂੰਹ ਬੋਲਦੀ ਤਸਵੀਰ ਹਨ, ਪਰ ਜਿੰਦਗੀ ਦੇ ਅੰਤਿਮ ਪੜਾਅ ‘ਤੇ ਬਜ਼ੁਰਗਾਂ ਲਈ ਇਹ ਰੱਖਿਆ ਛਤਰੀ ਦਾ ਕੰਮ ਵੀ ਕਰਦੇ ਹਨ ਕਈ ਵਾਰ ਔਲਾਦ ਸਮਾਜਿਕ ਦਬਾਅ ਤੇ ਨਮੋਸ਼ੀ ਤੋਂ ਬਚਣ ਲਈ ਬਜ਼ੁਰਗਾਂ ਨੂੰ ਵਾਪਸ ਵੀ ਲੈ ਜਾਂਦੀ ਹੈ ਬਿਰਧ ਆਸ਼ਰਮਾਂ ‘ਚ ਰਹਿ ਰਹੇ ਬਜ਼ੁਰਗ ਇੱਕ ਉਮਰ ਦਾ ਤਕਾਜ਼ਾ,ਦੂਜਾ ਆਪÎਣਿਆਂ ਦੀ ਬੇਰੁਖੀ, ਤੀਜਾ ਬਿਗਾਨਿਆਂ ਦੇ ਵੱਸ ਪੈਣ ਕਰਕੇ ਵਕਤ ਨੂੰ ਧੱਕਾ ਦੇ ਰਹੇ ਹਨ ਲੋੜ ਨਵੀਂ ਪੀੜ੍ਹੀ ਨੂੰ ਸੰਭਲਣ ਦੀ ਹੈ ਨਹੀਂ ਤਾਂ ਜੋ ਬੀਜ ਰਹੇ ਹਾਂ ਉਹੀ ਵੱਢਣਾ ਪਵੇਗਾ
ਮੋਹਨ ਸ਼ਰਮਾ
ਪ੍ਰੋਜੈਕਟ ਡਾਇਰੈਕਟਰ ਨਸ਼ਾ ਛੁਡਾਊ ਕੇਂਦਰ ਸੰਗਰੂਰ
ਮੋ: 94171-48866