Breaking News

ਧੱਕੇ ਨਾਲ ਗਲਤ ਸੀਟ ‘ਤੇ ਬੈਠੇ ਬੈਂਸ ਵਿਧਾਇਕ, ਸਪੀਕਰ ਸਖ਼ਤ ਕਾਰਵਾਈ ਕਰਨ ਦੇ ਰੌਂਅ ‘ਚ

ਬੈਂਸ ਭਰਾਵਾਂ ਦਾ ਅੱਗੇ ਬੈਠਣ ਦਾ ਹੱਕ, ਅਸੀਂ ਉਨ੍ਹਾਂ ਨੂੰ ਬਿਠਾ ਕੇ ਰਹਾਂਗੇ : ਫੂਲਕਾ
ਵਿਧਾਨ ਸਭਾ ਵਿੱਚ ਕੁਰਸੀ ਵਿਵਾਦ ਨੂੰ ਲੈ ਕੇ ਸਪੀਕਰ ਨੂੰ ਸਰੇਆਮ ਚੈਲੰਜ ਕਰ ਰਹੀ ਐ ‘ਆਪ’
ਆਪ ਵਿਧਾਇਕਾਂ ਨਾਲ ਅਗਲੀ ਲਾਇਨ ਵਿੱਚ ਬੈਠਣ ‘ਤੇ ਅੜੇ ਹੋਏ ਹਨ ਬੈਂਸ ਭਰਾ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਸੀਟ ‘ਤੇ ਬੈਠ ਕੇ ਪਿਛਲੇ ਦੋ ਦਿਨਾਂ ਤੋਂ ਲੈ ਰਹੇ ਹਨ ਸਦਨ ਦੀ ਕਾਰਵਾਈ
ਅਸ਼ਵਨੀ ਚਾਵਲਾ
ਚੰਡੀਗੜ੍ਹ, 
ਪੰਜਾਬ ਵਿਧਾਨ ਸਭਾ ‘ਚ ਆਮ ਆਦਮੀ ਪਾਰਟੀ ਨੇ ਸਪੀਕਰ ਵੱਲੋਂ ਕੀਤੀ ਗਈ ਸੀਟਾਂ ਦੀ ਅਲਾਟਮੈਂਟ ਨੂੰ ਵੰਗਾਰਦਿਆਂ ਬੈਂਸ ਭਰਾਵਾਂ ਨੂੰ ਮਨਮਰਜੀ ਨਾਲ ਆਪਣੇ ਨਾਲ ਤੀਜੀ ਲਾਈਨ ‘ਚ ਪਹਿਲੇ ਬੈਂਚ ‘ਤੇ ਬਿਠਾ ਰੱਖਿਆ ਹੈ ਸਪੀਕਰ ਦੀ ਸਖ਼ਤ ਚਿਤਾਵਨੀ ਦੇ ਬਾਵਜੂਦ ਨਾ ਤਾਂ ਆਮ ਆਦਮੀ ਪਾਰਟੀ ਤੇ ਨਾ ਹੀ ਬੈਂਸ ਭਰਾ ਨਿਯਮਾਂ ਅਨੁਸਾਰ ਬੈਠਣ ਲਈ ਤਿਆਰ ਹਨ
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਦੇ ਸਪੀਕਰ ਵੱਲੋਂ ਸੱਤਾ ਧਿਰ ਦੇ ਸਾਹਮਣੇ 3 ਕਤਾਰਾਂ ਵਿੱਚ ਸੀਟਾਂ ਦੀ ਅਲਾਟਮੈਂਟ ਕਰ ਦਿੱਤੀ ਹੈ, ਜਦੋਂ ਕਿ ਸੱਤਾ ਧਿਰ ਦੇ ਸਾਹਮਣੇ ਵਾਲੀਆਂ 3 ਲਾਈਨਾਂ ਵਿੱਚ ਅਕਾਲੀ-ਭਾਜਪਾ ਗਠਜੋੜ ਨੂੰ ਥਾਂ ਦਿੱਤੀ ਗਈ ਹੈ। ਇਸ ਨਾਲ ਹੀ ਆਮ ਆਦਮੀ ਪਾਰਟੀ ਦੀ ਗਠਜੋੜ ਪਾਰਟੀ ਲੋਕ ਇਨਸਾਫ਼ ਪਾਰਟੀ ਦੇ ਜੇਤੂ ਦੋਵੇਂ ਵਿਧਾਇਕ ਬੈਂਸ ਭਰਾਵਾਂ ਨੂੰ ਸਪੀਕਰ ਕੰਵਰਪਾਲ ਸਿੰਘ ਨੇ ਆਪਣੇ ਸਾਹਮਣੇ ਵਾਲੀ ਲਾਈਨ ਵਿੱਚ ਪਹਿਲੀ ਬੈਂਚ ‘ਤੇ ਸੀਟ ਅਲਾਟ ਕੀਤੀ ਹੈ, ਜਿਥੇ ਕਿ ਇਹ ਪਿਛਲੇ ਵਿਧਾਨ ਸਭਾ ਸੈਸ਼ਨ ਵਿੱਚ ਵੀ ਬੈਠਦੇ ਆਏ ਹਨ।
ਇਸ ਤਰ੍ਹਾਂ ਸੀਟ ਅਲਾਟਮੈਂਟ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵਿਰੋਧ ਕਰਦਿਆਂ ਬੈਂਸ ਭਰਾਵਾਂ ਨੂੰ ਆਪਣੇ ਕੋਲ ਅਗਲੀ ਲਾਇਨ ਵਿੱਚ ਬਿਠਾਉਣ ਲਈ ਅੜੀ ਫੜੀ ਹੋਈ ਹੈ ਪਰ ਸਪੀਕਰ ਵੱਲੋਂ ਸੀਟ ਦੀ ਅਲਾਟਮੈਂਟ ਨਾ ਕਰਨ ‘ਤੇ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਨੂੰ ਪਿੱਛੇ ਬਿਠਾਉਂਦੇ ਹੋਏ ਪਿਛਲੇ ਦੋ ਦਿਨਾਂ ਤੋਂ ਦੋਵੇਂ ਬੈਂਸ ਵਿਧਾਇਕ ਆਮ ਆਦਮੀ ਪਾਰਟੀ ਦੇ ਨਾਲ ਹੀ ਤੀਜੀ ਲਾਈਨ ਵਿੱਚ ਪਹਿਲੇ ਨੰਬਰ ਦੇ ਬੈਂਚ ‘ਤੇ ਬੈਠੇ ਹਨ, ਜਿਸ ਨੂੰ ਦੇਖ ਕੇ ਸਪੀਕਰ ਕੰਵਰਪਾਲ ਸਿੰਘ ਕਾਫ਼ੀ ਨਰਾਜ਼ ਹੋ ਗਏ ਹਨ, ਕਿਉਂਕਿ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਸੀਟ ਅਲਾਟਮੈਂਟ ਦੇ ਆਦੇਸ਼ਾਂ ਦੇ ਉਲਟ ਬੈਠਦੇ ਹੋਏ ਉਨ੍ਹਾਂ ਦੇ ਆਦੇਸ਼ਾਂ ਨੂੰ ਸਦਨ ਦੇ ਅੰਦਰ ਹੀ ਨਕਾਰਿਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਲੀਡਰ ਐਚ.ਐਸ. ਫੂਲਕਾ ਦਾ ਕਹਿਣਾ ਹੈ ਕਿ ਬੈਂਸ ਭਰਾਵਾ ਦਾ ਹੱਕ ਹੈ ਕਿ ਉਹ ਉਨ੍ਹਾਂ ਨਾਲ ਬੈਠਣ ਪਰ ਸਰਕਾਰ ਦੇ ਇਸ਼ਾਰੇ ‘ਤੇ ਸਪੀਕਰ ਕੰਵਰਪਾਲ ਸਿੰਘ ਇਹ ਧੱਕਾ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਬੈਂਸ ਭਰਾ ਵਿਧਾਇਕਾਂ ਨੂੰ ਆਪਣੇ ਨਾਲ ਬਿਠਾ ਕੇ ਰਹਿਣਗੇ।

ਸੀਟ ਤਾਂ ਉਹੀ ਲੈ ਕੇ ਰਹਾਂਗੇ ਭਾਵੇਂ ਕੁਝ ਵੀ ਹੋ ਜਾਏ : ਬੈਂਸ
ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਅਤੇ ਉਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਵਿਧਾਨ ਸਭਾ ਦੇ ਅੰਦਰ ਸੀਟ ਤਾਂ ਉਹ ਹੀ ਲੈ ਕੇ ਰਹਿਣਗੇ ਭਾਂਵੇ ਕੁਝ ਵੀ ਹੋ ਜਾਵੇ, ਕਿਉਂਕਿ ਉਨਾਂ ਦਾ ਹੱਕ ਬਣਦਾ ਹੈ ਪਰ ਸਪੀਕਰ ਕੰਵਰਪਾਲ ਕਾਂਗਰਸ ਦੇ ਇਸ਼ਾਰੇ ‘ਤੇ ਉਨਾਂ ਨਾਲ ਧੱਕਾ ਕਰਨ ਵਿੱਚ ਲੱਗੇ ਹੋਏ ਹੈ।

ਪ੍ਰਸਿੱਧ ਖਬਰਾਂ

To Top