ਪੰਜਾਬ

ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ‘ਚ ਦੋਸਤ ਚਲਾ ਰਹੇ ਨੇ ਮੰਤਰੀ ਦਾ ਦਫ਼ਤਰ

Minister Office, Running, Friends, Navjot Sidhu, Absence

ਇੱਕ ਦੋਸਤ ਗਿਆ ਤੇ ਨਾਲ ਦੀ ਨਾਲ ਦੂਜਾ ਆ ਗਿਆ

ਫਾਈਲਾਂ ਦੇਖਣ ਤੋਂ ਲੈ ਕੇ ਆਦੇਸ਼ ਤੱਕ ਕਰਦੇ ਹਨ ਜਾਰੀ

ਪਟਿਆਲਾ ਤੋਂ ਦੋਸਤ ਬੰਨੀ ਸੰਧੂ ਦੇਖਦੇ ਹਨ ਸਥਾਨਕ ਸਰਕਾਰਾਂ ਵਿਭਾਗ ਦਾ ਸਾਰਾ ਕੰਮ ਕਾਜ਼

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਸਥਾਨਕ ਸਰਕਾਰਾਂ ਵਿਭਾਗ ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਹੀ ਕਬਜ਼ਾ ਕਰ ਲਿਆ ਹੈ। ਇਸ ਕਬਜ਼ੇ ਸਬੰਧੀ ਨਾ ਸਿਰਫ਼ ਵਿਭਾਗੀ ਅਧਿਕਾਰੀ ਪੂਰੀ ਤਰ੍ਹਾਂ ਜਾਣਕਾਰੀ ਰੱਖਦੇ ਹਨ, ਸਗੋਂ ਨਵਜੋਤ ਸਿੱਧੂ ਨੂੰ ਵੀ ਚੰਗੀ ਤਰ੍ਹਾਂ ਜਾਣਕਾਰੀ ਹੈ, ਕਿਉਂਕਿ ਨਵਜੋਤ ਸਿੱਧੂ ਦੀ ਇਜਾਜ਼ਤ ਨਾਲ ਹੀ ਇਹ ਕਬਜ਼ਾ ਹੋਇਆ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਦਫ਼ਤਰ ‘ਤੇ ਇਨ੍ਹਾਂ ਵੱਲੋਂ ਨਾ ਸਿਰਫ਼ ਕਬਜ਼ਾ ਕੀਤਾ ਹੋਇਆ ਹੈ, ਸਗੋਂ ਦਫ਼ਤਰੀ ਕੰਮਕਾਜ ਵਿੱਚ ਵੀ ਪੂਰੇ ਜ਼ੋਰ-ਸ਼ੋਰ ਨਾਲ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ।

ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਕਾਫ਼ੀ ਜ਼ਿਆਦਾ ਔਖੇ ਹੋਏ ਬੈਠੇ ਹਨ। ਨਵਜੋਤ ਸਿੱਧੂ ਜਦੋਂ ਤੋਂ ਕੈਬਨਿਟ ਮੰਤਰੀ ਬਣੇ ਹਨ, ਉਹ ਸਿਰਫ਼ ਸਥਾਨਕ ਸਰਕਾਰਾਂ ਵਿਭਾਗ ਦੇ ਦਫ਼ਤਰ ਵਿੱਚ ਮੀਟਿੰਗ ਕਰਨ ਲਈ ਹੀ ਹਫ਼ਤੇ ਵਿੱਚ 1-2 ਵਾਰ ਹੀ ਆਉਂਦੇ ਹਨ ਅਤੇ ਕਦੇ-ਕਦਾਈਂ ਤਾਂ ਉਹ ਪੂਰਾ ਹਫ਼ਤਾ ਹੀ ਦਫ਼ਤਰ ਵਿੱਚ ਆਪਣੀ ਹਾਜ਼ਰੀ ਨਹੀਂ ਲਾਉਂਦੇ, ਜਿਸ ਕਾਰਨ ਨਵਜੋਤ ਸਿੱਧੂ ਨੇ ਦਫ਼ਤਰੀ ਕੰਮਕਾਜ ‘ਤੇ ਨਜ਼ਰ ਰੱਖਣ ਲਈ ਆਪਣੇ ਕੁਝ ਦੋਸਤਾਂ ਨੂੰ ਰੱਖਿਆ ਹੋਇਆ ਹੈ, ਜਿਹੜੇ ਨਾ ਸਿਰਫ਼ ਸਥਾਨਕ ਸਰਕਾਰਾਂ ਵਿਭਾਗ ਦੇ ਦਫ਼ਤਰ ਵਿੱਚ ਬੈਠਦੇ ਹਨ, ਸਗੋਂ ਉਨ੍ਹਾਂ 2 ਦਫ਼ਤਰਾਂ ‘ਤੇ ਕਬਜ਼ਾ  ਕਰ ਲਿਆ ਹੈ, ਜਿਸ ਵਿੱਚ ਇੱਕ ਦਫ਼ਤਰ ਖ਼ੁਦ ਨਵਜੋਤ ਸਿੰਘ ਸਿੱਧੂ ਦਾ ਹੈ।

ਨਵਜੋਤ ਸਿੱਧੂ ਨੇ ਪਹਿਲਾਂ ਆਪਣੇ ਅਜ਼ੀਜ਼ ਦੋਸਤ ਅਮਰ ਸਿੰਘ ਨੂੰ ਸਾਰਾ ਕੰਮਕਾਜ ਦੇਖਣ ਦੀ ਇਜਾਜ਼ਤ ਦਿੱਤੀ ਹੋਈ ਸੀ ਪਰ ਸਰਕਾਰੀ ਮਨਜ਼ੂਰੀ ਨਾ ਹੋਣ ਕਰਕੇ ਉਨਾਂ ਨੂੰ ਕੁਝ ਮਹੀਨੇ ਬਾਅਦ ਹੀ ਵਾਪਸ ਭੇਜ ਦਿੱਤਾ ਗਿਆ। ਹੁਣ ਪਿਛਲੇ ਕਈ ਮਹੀਨਿਆ ਤੋਂ ਸਿੱਧੂ ਦੇ ਪਟਿਆਲਾ ਤੋਂ ਦੋਸਤ ਬੰਨੀ ਸੰਧੂ ਸਥਾਨਕ ਸਰਕਾਰਾਂ ਵਿਭਾਗ ਵਿਖੇ ਆਪਣਾ ਕਬਜ਼ਾ ਕੀਤਾ ਹੋਇਆ ਹੈ।

ਬੰਨੀ ਸੰਧੂ ਨਾ ਸਿਰਫ਼ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਥਾਨਕ ਸਰਕਾਰਾਂ ਵਿਭਾਗ ਦੇ ਦਫ਼ਤਰ ਵਿੱਚ ਰਹਿੰਦੇ ਹਨ, ਸਗੋਂ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਮੰਤਰੀ ਦਫ਼ਤਰ ਵਿੱਚ ਬੈਠ ਕੇ ਹਰ ਤਰਾਂ ਦੀ ਸਰਕਾਰੀ ਫਾਈਲ ਨਾਲ ਛੇੜ ਛਾੜ ਤੋਂ ਲੈ ਕੇ ਉਸ ਵਿੱਚ ਦਖਲ ਅੰਦਾਜ਼ੀ ਤੱਕ ਕਰਦੇ ਹਨ। ਬੰਨੀ ਸੰਧੂ ਕਈ ਵਾਰ ਤਾਂ ਸਿੱਧਾ ਅਧਿਕਾਰੀਆਂ ਨੂੰ ਹੀ ਫੋਨ ਕਰਦੇ ਹੋਏ ਲੋਕਾਂ ਦੇ ਕੰਮ ਕਰਨ ਆਦੇਸ਼ ਤੱਕ ਜਾਰੀ ਕਰ ਦਿੰਦੇ ਹਨ। ਜਿਸ ਕਾਰਨ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਇਸ ਗਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਉਹ ਨਵਜੋਤ ਸਿੱਧੂ ਤਾਂ ਆਦੇਸ਼ ਤਾਂ ਮੰਨ ਸਕਦੇ ਹਨ ਪਰ ਬੰਨੀ ਸੰਧੂ ਜਾਂ ਫਿਰ ਕਿਸੇ ਹੋਰ ਦਾ ਆਦੇਸ਼ ਮੰਨਣਾ ਉਨ੍ਹਾਂ ਦੀ ਆਤਮਾ ਇਜਾਜ਼ਤ ਨਹੀਂ ਦਿੰਦੀ ਹੈ।

ਇਸ ਸਬੰਧੀ ਨਵਜੋਤ ਸਿੱਧੂ ਦਾ ਪੱਖ ਜਾਨਣ ਦੀ ਕੋਸ਼ਸ਼ ਕੀਤੀ ਗਈ ਪਰ ਉਨਾਂ ਵਲੋਂ ਫੋਨ ਹੀ ਨਹੀਂ ਚੁੱਕਿਆ ਗਿਆ, ਉਨ੍ਹਾਂ ਓ.ਐਸ.ਡੀ. ਨੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕਿ ਸਿੱਧਾ ਸਿੱਧੂ ਦੇ ਫੋਨ ‘ਤੇ ਹੀ ਸੰਪਰਕ ਕੀਤਾ ਜਾਵੇ।

ਬੰਨੀ ਸੰਧੂ ਦੇ ਵਿਦੇਸ਼ ਜਾਣ ਮਗਰੋਂ, ਸੁਮਿਤ ਕੁਮਾਰ ਨੇ ਸੰਭਾਲ ਲਿਆ ਐ ਦਫ਼ਤਰ

ਨਵਜੋਤ ਸਿੱਧੂ ਦੇ ਦੋਸਤ ਬੰਨੀ ਸੰਧੂ ਵਿਦੇਸ਼ ਕੀ ਗਏ, ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਕਿਸੇ ਸੁਮਿਤ ਕੁਮਾਰ ਨਾਂਅ ਦੇ ਪ੍ਰਾਈਵੇਟ ਵਿਅਕਤੀ ਨੇ ਪਿਛਲੇ 5-6 ਦਿਨ ਤੋਂ ਆਪਣਾ ਦਫ਼ਤਰ ਸਥਾਨਕ ਸਰਕਾਰਾਂ ਵਿਭਾਗ ਵਿੱਚ ਖੋਲ੍ਹ ਲਿਆ ਹੈ। ਅਧਿਕਾਰੀ ਦੱਸਦੇ ਹਨ ਕਿ ਸੁਮਿਤ ਕੁਮਾਰ ਵੀ ਬੰਨੀ ਸੰਧੂ ਵਾਂਗ ਆਮ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਫਾਈਲਾਂ ਦੀ ਚੈਕਿੰਗ ਕਰਨ ਵਿੱਚ ਲਗੇ ਹੋਏ ਹਨ, ਜਿਸ ਸਬੰਧੀ ਉਹ ਹੈਰਾਨ ਹਨ ਕਿ ਆਖ਼ਰਕਾਰ ਇਹ ਕਦੋਂ ਤੱਕ ਚੱਲੇਗਾ। ਸੁਮਿਤ ਕੁਮਾਰ ਪਹਿਲਾਂ ਕਦੇ ਕਦਾਈ ਦਫ਼ਤਰ ਵਿੱਚ ਆਇਆ ਕਰਦੇ ਸਨ ਪਰ ਹੁਣ ਬੰਨੀ ਸੰਧੂ ਦੀ ਗੈਰ ਹਾਜ਼ਰੀ ਵਿੱਚ ਉਹ ਸਾਰਾ ਕੰਮਕਾਜ ਸੰਭਾਲਦੇ ਹੋਏ ਹਰ ਕੰਮ ਵਿੱਚ ਦਖਲ ਅੰਦਾਜ਼ੀ ਕਰ ਰਹੇ ਹਨ।

ਮੈਡਮ ਨਵਜੋਤ ਕੌਰ ਸਿੱਧੂ ਵੀ ਹਫ਼ਤੇ ਵਿੱਚ 3-4 ਦਿਨ ਆਉਂਦੇ ਹਨ ਦਫ਼ਤਰ

ਨਵਜੋਤ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਵੀ ਸਥਾਨਕ ਸਰਕਾਰਾਂ ਵਿਭਾਗ ਦੇ ਦਫ਼ਤਰ ਵਿੱਚ ਹਫ਼ਤੇ ‘ਚ 3-4 ਵਾਰ ਆ ਹੀ ਜਾਂਦੇ ਹਨ। ਨਵਜੋਤ ਕੌਰ ਜਦੋਂ ਅੰਮ੍ਰਿਤਸਰ ਜਾਂਦੇ ਹਨ, ਉਨ੍ਹਾਂ ਦਿਨਾਂ ਦੌਰਾਨ ਹੀ ਉਨ੍ਹਾਂ ਦੀ ਦਫ਼ਤਰ ਵਿੱਚ ਗੈਰ ਹਾਜ਼ਰੀ ਲਗਦੀ ਹੈ ਨਹੀਂ ਤਾਂ ਉਹ ਵੀ ਦਫ਼ਤਰ ਵਿੱਚ ਆ ਕੇ ਕੈਬਨਿਟ ਮੰਤਰੀ ਵਾਂਗ ਨਾ ਸਿਰਫ਼ ਨਵਜੋਤ ਸਿੱਧੂ ਦੀ ਕੁਰਸੀ ‘ਤੇ ਬੈਠਦੇ ਹਨ, ਸਗੋਂ ਉਸੇ ਤਰ੍ਹਾਂ ਹਰ ਤਰ੍ਹਾਂ ਦੇ ਕੰਮਕਾਜ ਵਿੱਚ ਦਖਲ ਅੰਦਾਜ਼ੀ ਕਰਦੇ ਹੋਏ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦੇ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਵਿੱਚ ਹਰ ਤਰ੍ਹਾਂ ਦੇ ਤਬਾਦਲੇ ਦਾ ਕੰਮ ਨਵਜੋਤ ਕੌਰ ਰਾਹੀਂ ਹੀ ਹੋ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top