ਨਾਭਾ ਜੇਲ੍ਹ ‘ਚ ਕੈਦੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ

ਤਰੁਣ ਕੁਮਾਰ ਸ਼ਰਮਾ
ਨਾਭਾ,
ਨਾਭਾ ਦੀ ਮੈਕਸੀਮਮ ਸਕਿਊਰਟੀ ਜੇਲ੍ਹ ਉਸ ਸਮੇਂ ਫਿਰ ਸੁਰਖੀਆਂ ‘ਚ ਆ ਗਈ ਜਦੋਂ ਇਸ ‘ਚ ਨਜ਼ਰਬੰਦ ਇੱਕ ਕੈਦੀ ਨੇ ਕਥਿਤ ਰੂਪ ‘ਚ ਜੇਲ੍ਹ ਅੰਦਰ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕੈਦੀ ਦੀ ਪਹਿਚਾਣ ਸਰਬਜੀਤ ਸਿੰਘ ਦੇ ਰੂਪ ‘ਚ ਹੋਈ ਹੈ ਜੋ ਕਿ ਇੱਕ ਕਤਲ ਕੇਸ ‘ਚ ਸਜ਼ਾ ਅਧੀਨ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਕੈਦੀ ਸਰਬਜੀਤ ਸਿੰਘ (35) ‘ਤੇ ਥਾਣਾ ਬਨੂੰੜ ਵਿਖੇ ਕਤਲ ਦਾ ਮਾਮਲਾ ਦਰਜ ਸੀ। ਕੈਦੀ ਵੱਲੋਂ ਆਤਮ ਹੱਤਿਆ ਦੀ ਖ਼ਬਰ ਫੈਲਦਿਆਂ ਹੀ ਜੇਲ੍ਹ ਅੰਦਰ ਸਨਸਨੀ ਫੈਲ ਗਈ ਤੇ ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਕੈਦੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਨਾਭਾ ਵਿਖੇ ਲਿਆਂਦਾ ਜਿੱਥੇ ਤਾਇਨਾਤ ਮੈਡੀਕਲ ਸਟਾਫ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜੀ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ। ਮਾਮਲੇ ਦੇ ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜਲਦ ਹੀ ਮ੍ਰਿਤਕ ਕੈਦੀ ਦੀ ਮੌਤ ਦਾ ਕਾਰਨ ਸਾਹਮਣੇ ਆ ਜਾਵੇਗਾ।