ਪਹਿਲੇ ਮਹੀਨੇ ਹੀ ਕਰਾਂਗੇ ਨਸ਼ਿਆਂ ਦਾ ਸਫਾਇਆ : ਰਾਹੁਲ ਗਾਂਧੀ

ਰਵੀਪਾਲ
ਦੋਦਾ/ਕੋਟਭਾਈ,
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦੇ ਅੱਜ ਆਖਰੀ ਦਿਨ ਹਲਕਾ ਗਿਦੜਬਾਹਾ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਵਿਸ਼ਾਲ ਰੈਲੀ ਕੀਤੀ ਗਈ, ਜਿਸ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਨਣ ‘ਤੇ ਪਹਿਲੇ ਮਹੀਨੇ ਹੀ ਨਸ਼ਿਆਂ ਦਾ ਸਫਾਇਆ ਕਰ ਦਿੱਤਾ ਜਾਵੇਗਾ ਅਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜਬਤ ਕਰਕੇ ਸਰਕਾਰ ਆਪਣੇ ਕਬਜੇ ‘ਚ ਲਵੇਗੀ ਪਹਿਲੇ ਦੋ ਮਹੀਨੇ ਦੇ ਅੰਦਰ-ਅੰਦਰ ਪਿੰਡਾਂ ‘ਚ ਪੰਚਾਇਤੀ ਸ਼ਾਮਲਾਟਾਂ ਤੋਂ ਨਜਾਇਜ ਕਬਜੇ ਹਟਾਕੇ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾਕੇ ਦਿੱਤੇ ਜਾਣਗੇ, ਸਰਕਾਰੀ ਨੌਕਰੀਆਂ ਤਿੰਨ ਮਹੀਨੇ ਅੰਦਰ ਸ਼ੁਰੂ ਹੋ ਜਾਣਗੀਆਂ, ਗਰੀਬਾਂ ਦੇ ਮੁਫਤ ਇਲਾਜ਼ ਲਈ ਚੰਗੇ ਹਸਪਤਾਲ ਬਣਾ ਕੇ ਦਿੱਤੇ ਜਾਣਗੇ।
ਉਨ੍ਹਾਂ ਅਰਵਿੰਦ ਕੇਜਰੀਵਾਲ ‘ਤੇ ਵਰ੍ਹਦਿਆਂ ਕਿਹਾ ਕਿ ਅਰਵਿੰਦਰ ਕੇਜਰੀਵਾਲ ਦੇਸ਼ ਵਿਰੋਧੀ ਤਾਕਤਾਂ ਦੇ ਹੱਥ ਵਿੱਚ ਖੇਡ ਰਹੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਅਖੀਰ ਵਿਚ  ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਜਾ ਵੜਿੰਗ ਨੂੰ ਵੱਡੀ ਜਿੱਤ ਦਿਵਾ ਕੇ ਭੇਜਣ ਤਾਂ ਜੋ ਉਹ ਹਲਕੇ ਦੇ ਵਿਕਾਸ ਲਈ ਕੰਮ ਕਰ ਸਕੇ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਜੋ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ, ਇਹ ਸਭ ਅਕਾਲੀ-ਭਾਜਪਾ ਦੀ ਦੇਣ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਜੀ ਆਇਆਂ ਆਖਦਿਆਂ ਰੈਲੀ ਨੂੰ ਸਫਲ ਕਰਨ ਲਈ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ  ਪੰਜਾਬ ਕਾਂਗਰਸ ਦੀ ਇੰਚਾਰਜ਼ ਆਸ਼ਾ ਕੁਮਾਰੀ, ਸਹਿ ਇੰਚਾਰਜ਼ ਹਰੀਸ਼ ਚੌਧਰੀ, ਸੀਨੀਅਰ ਆਗੂ ਮਲਕੀਅਤ ਸਿੰਘ ਮੱਲਣ, ਵੀਰਪਾਲ ਕੌਰ ਸੁਖਨਾ, ਨਰਿੰਦਰ ਸਿੰਘ ਕਾਉਣੀ, ਜੱਥੇਦਾਰ ਗੁਰਪਾਲ ਸਿੰਘ ਗੋਰਾ, ਗੁਰਚਰਨ ਸਿੰਘ ਬਰਾੜ ਆਦਿ ਹਾਜ਼ਰ ਸਨ।