ਪਾਣੀ ਦੀ ਚੋਰੀ ਦੇ ਸ਼ੱਕ ‘ਚ ਹੋਇਆ ਕਤਲ

ਕ੍ਰਿਸ਼ਨ ਭੋਲਾ, ਬਰੇਟਾ,  
ਪਿੰਡ ਗੋਬਿੰਦਪੁਰਾ ਵਿਖੇ ਬੋਘਾ ਸਿੰਘ (55) ਦੀ ਬਾਰੂ ਸਿੰਘ ਅਤੇ ਘੁੰਮਣ ਸਿੰਘ ਵੱਲੋਂ ਪਿੰਡ ਦੇ ਖੇਤਾਂ ਵਿੱਚ ਪਾਣੀ ਚੋਰੀ ਕਰਨ ਦੇ ਸ਼ੱਕ ਵਿੱਚ ਸੋਟੀਆਂ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਥਾਣਾ ਮੁਖੀ ਪ੍ਰਸ਼ੋਤਮ ਸਿੰਘ ਬਰੇਟਾ ਨੇ ਦੱਸਿਆ ਹੈ ਕਿ ਗੋਬਿੰਦਪੁਰਾ ਦੇ ਜਗਸੀਰ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤੇ ਮੁਕੱਦਮੇ ਅਨੁਸਾਰ ਜਗਸੀਰ ਸਿੰਘ ਅਤੇ ਉਸਦੇ  ਪਿਤਾ ਬੋਘਾ ਸਿੰਘ ਸਵੇਰੇ ਵੇਲੇ ਨਹਿਰੀ ਖਾਲ ਤੇ ਪਾਣੀ ਦੇਖਣ ਗਏ ਸੀ ਕਿਉਕਿ ਅਗਲੇ ਦਿਨ ਉਨਾਂ ਦੀ ਪਾਣੀ ਦੀ ਵਾਰੀ ਸੀ। ਉਸਨੇ ਦੱਸਿਆ ਕਿ ਇਸ ਦੌਰਾਨ ਉਸ ਦਾ ਪਿਤਾ ਮ੍ਰਿਤਕ ਬੋਘਾ ਸਿੰਘ ਨੱਕੇ ਕੋਲ ਖੜ੍ਹਾ ਸੀ ਤੇ ਉਹ ਕੁੱਝ ਦੂਰੀ ਤੇ ਖੇਤ ਵੱਲ ਗੇੜਾ ਮਾਰ ਰਿਹਾ ਸੀ ਇੰਨੇ ਨੂੰ ਬਾਰੂ ਸਿੰਘ ਤੇ ਉਸਦਾ ਪਿਤਾ ਘੁੰਮਣ ਸਿੰਘ ਡਾਂਗ ਸਮੇਤ ਆਏ ਤੇ ਉਸਦੇ ਪਿਤਾ ਬੋਘਾ ਸਿੰਘ ਨਾਲ ਝਗੜਾ ਕਰਨ ਲੱਗ ਪਏ ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਬਾਰੂ ਸਿੰਘ ਨੇ ਡਾਂਗ ਦਾ ਵਾਰ ਉਸਦੇ ਪਿਤਾ ਉੱਪਰ ਕੀਤਾ ਤਾਂ ਉਸਨੇ ਮਾਰਤਾ ਮਾਰਤਾ ਦਾ ਰੌਲਾ ਪਾਇਆ ਅਤੇ ਇੰਨੇ ਨੂੰ ਬੂਟਾ ਸਿੰਘ ਮੋਕੇ ਤੇ ਆ ਗਿਆ ਤੇ ਇਹ ਦੋਵੇਂ ਆਪਣੇ ਪਿਤਾ ਨੂੰ ਬਚਾਉਣ ਲਈ ਉਸ ਵੱਲ ਦੌੜੇ ਤੇ ਮੁਸ਼ਕਿਲ ਨਾਲ ਛੁਡਵਾਇਆ ਅਤੇ  ਉਸਨੂੰ ਇਲਾਜ ਲਈ  ਹਸਪਤਾਲ ਲਿਜਾਦੇ ਸਮੇਂ ਰਸਤੇ ਵਿੱਚ ਹੀ ਉਸ ਦੀ ਮੋਤ ਹੋ ਗਈ।ਉਸ ਨੇ ਦੱਸਿਆ ਕਿ ਮਾਰਨ ਵਾਲੇ ਘੁੰਮਣ ਸਿੰਘ ਅਤੇ ਬਾਰੂ ਸਿੰਘ ਸ਼ੱਕ ਕਰਦੇ ਸਨ ਕਿ ਬੋਘਾ ਸਿੰਘ ਪਾਣੀ ਪਿੱਛੇ ਤੋੜ ਲੈਂਦਾ ਹੈ। ਪੁਲਿਸ ਨੇ ਬਾਰੂ ਸਿੰਘ ਅਤੇ ਘੁੰਮਣ ਸਿੰਘ  ਖਿਲਾਫ ਧਾਰਾ 302/34  ਤਹਿਤ ਮੁਕੱਦਮਾ ਨੰ: 12  ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਮੁਖੀ ਨੇ ਕਿਹਾ ਕਿ  ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।