ਪੰਜਾਬ

ਪਾਰਦਰਸ਼ਤਾ ਦਾ ਪਾਠ ਪੜ੍ਹਾਉਣ ਵਾਲੀ ‘ਆਪ’ ਹੀ ਭੁੱਲੀ ਪੰਜਾਬ ‘ਚ ਪਾਰਦਰਸ਼ਤਾ

 ਵੈਬ ਸਾਇਟ ‘ਤੇ ਹਿਸਾਬ ਕਿਤਾਬ ਪਾਉਣ ਦੀ ਗੱਲ ਕਹਿੰਦੇ ਆਏ ਹਨ ਹੁਣ ਤੱਕ ਅਰਵਿੰਦ ਕੇਜਰੀਵਾਲ
 ਪੰਜਾਬ ਵਿੱਚ 3 ਕਰੋੜ ਰੁਪਏ ਤੋਂ ਜ਼ਿਆਦਾ ‘ਆਪ’ ਨੂੰ ਮਿਲ ਚੁਕਿਆ ਐ ਦਾਨ
 ਆਮ ਆਦਮੀ ਪਾਰਟੀ ਨੂੰ ਦਾਨ ਕਰਨ ਦੇ ਮਾਮਲੇ ਵਿੱਚ ਪੰਜਾਬ ਦੂਜੇ ਨੰਬਰ ‘ਤੇ

ਅਸ਼ਵਨੀ ਚਾਵਲਾ ਚੰਡੀਗੜ੍ਹ
ਦੇਸ਼ ਭਰ ਦੀਆਂ ਰਾਜਨੀਤਕ ਪਾਰਟੀਆਂ ਨੂੰ ਪਾਰ-ਦਰਸ਼ਤਾ ਦਾ ਪਾਠ ਪੜ੍ਹਾਉਣ ਵਾਲੀ ਆਮ ਆਦਮੀ ਪਾਰਟੀ ਖ਼ੁਦ ਹੀ ਪੰਜਾਬ ਵਿੱਚ ਪਾਰ-ਦਰਸ਼ਤਾ ਨੂੰ ਅੱਖੋਂ ਪਰੋਖੇ ਕਰਦੀ ਨਜ਼ਰ ਆ ਰਹੀਂ ਹੈ। ਕੁਝ ਮਹੀਨਿਆਂ ਵਿੱਚ ਹੀ ਪੰਜਾਬ ਦੇ ਲੋਕਾਂ ਤੋਂ ਬੈਂਕ ਰਾਹੀਂ ਕਰੋੜਾਂ ਰੁਪਏ ਦਾ ਦਾਨ ਲੈਣ ਵਾਲੀ ਆਮ ਆਦਮੀ ਪਾਰਟੀ ਇਸ ਪੈਸੇ ਦਾ ਹਿਸਾਬ ਕਿਤਾਬ ਦੇਣ ਤੋਂ ਹੀ ਕਤਰਾ ਰਹੀਂ ਹੈ, ਜਦੋਂ ਕਿ ਦੂਜੀਆਂ ਪਾਰਟੀਆਂ ਨਾਲੋਂ ‘ਆਪ’ ‘ਚ ਹਿਸਾਬ ਕਿਤਾਬ ਦੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਵੱਡੇ ਵੱਡੇ ਦਾਅਵੇ ਕਰਦੇ ਆ ਰਹੇ ਹਨ।
ਜਾਣਕਾਰੀ ਅਨੁਸਾਰ ਦੂਜੀਆਂ ਰਾਜਨੀਤਕ ਪਾਰਟੀਆਂ ਵਾਂਗ ਹੀ ਆਮ ਆਦਮੀ ਪਾਰਟੀ ਵੀ ਪੰਜਾਬ ਵਿੱਚੋਂ ਆਮ ਲੋਕਾਂ ਤੋਂ ਦਾਨ ਲੈ ਕੇ ਕੰਮ ਚਲਾਉਣ ਵਿੱਚ ਲੱਗੀ ਹੋਈ ਹੈ। ਬਲਕਿ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਨੂੰ ਪਿੱਛੇ ਛੱਡਦਿਆਂ ਆਮ ਆਦਮੀ ਪਾਰਟੀ ਇਸ ਸਮੇਂ ਦਾਨ ਲੈਣ ਦੇ ਮਾਮਲੇ ਵਿੱਚ ਸਭ ਤੋਂ ਜਿਆਦਾ ਦਾਨ ਲੈਂਦੇ ਹੋਏ ਅੱਗੇ ਨਿਕਲਦੀ ਨਜ਼ਰ ਆ ਰਹੀਂ ਹੈ। ਇਸ ਸਮੇਂ ਪੰਜਾਬੀ ਆਮ ਆਦਮੀ ਪਾਰਟੀ ਨੂੰ ਦਿਲ ਖੋਲ੍ਹ ਕੇ ਦਾਨ ਦਿੰਦੇ ਨਜ਼ਰ ਆ ਰਹੇ ਹਨ, ਬੈਂਕ ਰਾਹੀਂ ਜਮ੍ਹਾਂ ਕਰਵਾਉਣ ਤੋਂ ਇਲਾਵਾ ਨਗਦ ਦਾਨ ਵੀ ਦਿੱਤਾ ਜਾ ਰਿਹਾ ਹੈ, ਉਸ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੈ। ਪੰਜਾਬੀਆਂ ਵੱਲੋਂ ਦਿਲ ਖੋਲ੍ਹ ਕੇ ਦਾਨ ਕਰਨ ਕਰਕੇ ਹੀ ਪੰਜਾਬ ਆਮ ਆਦਮੀ ਪਾਰਟੀ ਦੀ ਉਸ ਲਿਸਟ ਵਿੱਚ ਦੂਜੇ ਨੰਬਰ ‘ਤੇ ਸ਼ੁਮਾਰ ਹੈ, ਜਿਹੜੇ ਕਿ ਸਭ ਤੋਂ ਜ਼ਿਆਦਾ ਪਾਰਟੀ ਨੂੰ ਦਾਨ ਕਰਦੇ ਹਨ। ਪਾਰਟੀ ਅਨੁਸਾਰ ਪੰਜਾਬ ਵਿੱਚੋਂ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਨੂੰ 2 ਕਰੋੜ 3 ਲੱਖ 78 ਹਜ਼ਾਰ 379 ਰੁਪਏ ਬੈਂਕ ਰਾਹੀਂ ਦਾਨ ਆ ਚੁੱਕਿਆ ਹੈ, ਜਦੋਂ ਕਿ ਡਿਨਰ ਡਿਪਲੋਮੇਸੀ ਰਾਹੀਂ ਇਕੱਠੇ ਹੋਏ ਪੈਸੇ ਲਗਭਗ 1 ਕਰੋੜ ਰੁਪਏ ਤੋਂ ਉਪਰ ਹਨ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਉਣ ਮੌਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਵਿੱਚ ਪੂਰੀ ਤਰ੍ਹਾਂ ਪਾਰਦਸ਼ਤਾ ਹੋਵੇਗੀ ਅਤੇ ਦਾਨ ਵਿੱਚ ਆਉਣ ਵਾਲੇ ਪੈਸੇ ਅਤੇ ਖ਼ਰਚ ਦਾ ਪੂਰਾ ਹਿਸਾਬ ਕਿਤਾਬ ਜਨਤਾ ਵਿੱਚ ਰੱਖਿਆ ਜਾਵੇਗਾ ਪਰ ਅਰਵਿੰਦ ਕੇਜਰੀਵਾਲ ਦੇ ਇਹ ਪਾਰਦਰਸ਼ਤਾ ਵਾਲੇ ਹੁਕਮ ਪੰਜਾਬ ਵਿੱਚ ਲਾਗੂ ਹੁੰਦੇ ਨਜ਼ਰ ਨਹੀਂ ਆ ਰਹੇ ਹਨ।
ਪੰਜਾਬ ਵਿੱਚੋਂ ਇਕੱਠੇ ਕੀਤੇ ਗਏ 3 ਕਰੋੜ ਰੁਪਏ ਤੋਂ ਜਿਆਦਾ ਦੀ ਰਕਮ ਦਾ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਹਿਸਾਬ ਕਿਤਾਬ ਦੇਣ ਲਈ ਨਾ ਤਾਂ ਕੋਈ ਪਲੇਟਫਾਰਮ ਬਣਾਇਆ ਗਿਆ ਹੈ ਅਤੇ ਨਾ ਹੀ ਵੈਬ ਸਾਈਟ ਬਣਾ ਕੇ ਉਸ ‘ਤੇ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ ਲੋਕਾਂ ਤੋਂ ਆਇਆ ਦਾਨ ਵਿੱਚ ਪੈਸਾ ਕਿੱਥੇ ਖ਼ਰਚ ਕੀਤਾ ਜਾ ਰਿਹਾ ਹੈ।

ਜਾਣਕਾਰੀ ਨਹੀਂ ਸੀ, ਜਲਦ ਹੀ ਵੈਬ ਸਾਈਟ ‘ਤੇ ਪਾ ਦਿੱਤਾ ਜਾਵੇਗਾ ਸਾਰਾ ਵੇਰਵਾ : ਸੰਜੇ ਸਿੰਘ
ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ ਪਰ ਹੁਣ ਜਾਣਕਾਰੀ ਵਿੱਚ ਆ ਗਿਆ ਹੈ। ਪਾਰਦਰਸ਼ਤਾ ਪੂਰੀ ਤਰ੍ਹਾਂ ਦਿਖਾਈ ਜਾਵੇਗੀ। ਜਲਦ ਹੀ ਪੰਜਾਬ ਵਿੱਚੋਂ ਇਕੱਠਾ ਹੋਇਆ ਸਾਰਾ ਫੰਡ ਅਤੇ ਖ਼ਰਚੇ ਦਾ ਵੇਰਵਾ ਵੈਬ ਸਾਇਟ ‘ਤੇ ਪਾ ਕੇ ਆਮ ਜਨਤਾ ਅੱਗੇ ਰੱਖ ਦਿੱਤਾ ਜਾਵੇਗਾ।

ਪ੍ਰਸਿੱਧ ਖਬਰਾਂ

To Top