ਪਿਓ ਵੱਲੋਂ ਲਿਆ ਕਰਜ਼ਾ ਨਾ ਲਹਿਣ ਕਾਰਨ ਪੁੱਤਰ ਵੱਲੋਂ ਖੁਦਕੁਸ਼ੀ

ਰਾਮ ਸਰੂਪ ਪੰਜੋਲਾ ਸਨੌਰ, 
ਦੇਵੀਗੜ੍ਹ ਨੇੜੇ ਪਿੰਡ ਮਿਹੋਣ ਦੇ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਮਿਹੋਣ ਦੇ ਇੱਕ ਕਿਸਾਨ ਦੇਵ ਰਾਜ, ਜਿਸ ਦੀ ਕਿ ਹੁਣ ਮੌਤ ਹੋ ਚੁਕੀ ਹੈ ਨੇ ਆੜ੍ਹਤੀਆਂ ਅਤੇ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਸੀ। ਇਸ ਦੌਰਾਨ ਉਸ ਦੀ ਮੌਤ ਹੋ ਗਈ ਇਸ ਉਪਰੰਤ ਇਹ ਕਰਜ਼ਾ ਲਹਾਉਣ ਦੀ ਜਿੰਮੇਵਾਰੀ ਉਸ ਦੇ ਪੁੱਤਰ ਜਸਵਿੰਦਰ ਕੁਮਾਰ (30) ਉਪਰ ਆ ਗਈ। ਜਸਵਿੰਦਰ ਕੁਮਾਰ ਕੋਲ ਡੇਢ ਏਕੜ ਜ਼ਮੀਨ ਹੈ
ਉਹ ਨਾਲ ਹੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾਉਂਦਾ ਸੀ ਜਸਵਿੰਦਰ ਕੁਮਾਰ ਸਿਰ ਆਪਣੇ ਪਿਓ ਵੱਲੋਂ ਲਿਆ ਹੋਇਆ ਆੜ੍ਹਤੀਆਂ ਦਾ ਲਗਭਗ 5-6 ਲੱਖ ਤੇ ਬੈਂਕ ਦਾ 3 ਲੱਖ ਦੇ ਕਰੀਬ ਦਾ ਕਰਜ਼ਾ ਸੀ ਕਰਜ਼ੇ ਦਾ ਭਾਰ ਨਾ ਝਲਦਿਆਂ ਜਸਵਿੰਦਰ ਕੁਮਾਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ
ਜਸਵਿੰਦਰ ਕੁਮਾਰ ਆਪਣੇ ਪਿੱਛੇ ਪਤਨੀ, ਇੱਕ ਬੇਟਾ, ਇੱਕ ਵੱਡਾ ਭਰਾ ਤੇ 3 ਭੈਣਾਂ ਛੱਡ ਗਿਆ ਹੈ। ਜਸਵਿੰਦਰ ਕੁਮਾਰ ਦੀ ਮੌਤ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਸ ਦਾ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ ਪਿੰਡ ਦੇ ਸਰਪੰਚ ਪ੍ਰਿੰਸਪਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਰੀਬੀ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ।