ਪੰਜਾਬ

ਪੈਨਸ਼ਨ ਦੇ ਨਵੇਂ ਫਾਰਮ ਦਾ ਰੱਫੜ, ਬਜ਼ੁਰਗਾਂ ਨੂੰ ਖਾਣੇ ਪੈ ਰਹੇ ਨੇ ਦਫ਼ਤਰਾਂ ‘ਚ ਧੱਕੇ

 •  ਪੈਨਸ਼ਨ ਨਹੀਂ ਮਿਲਣ ਦਾ ਕਾਰਨ ਪੁੱਛਣ ਆਉਣ ਵਾਲਿਆਂ ਨੂੰ ਹੱਥ ‘ਚ ਦਿੱਤਾ ਜਾ ਰਿਹਾ ਐ ਨਵਾਂ ਫਾਰਮ
 •  ਨਵਾਂ ਫਾਰਮ ਭਰ ਕੇ ਦੇਣ ਵਾਲਿਆਂ ਨੂੰ ਹੀ ਮਿਲੇਗੀ ਪੈਨਸ਼ਨ, ਦੋਬਾਰਾ ਕੱਟਣੇ ਪੈਣਗੇ ਫਾਰਮ ਤਸਦੀਕ ਕਰਵਾਉਣ ਲਈ ਅਧਿਕਾਰੀਆਂ ਕੋਲ ਚੱਕਰ

  ਚੰਡੀਗੜ੍ਹ    ਅਸ਼ਵਨੀ ਚਾਵਲਾ 
  ਅਪ੍ਰੈਲ ਦੇ ਮਹੀਨੇ ਤੋਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਢ ਕੇ ਅਤੇ ਫਾਰਮ ਕਈ ਥਾਂਵਾਂ ਤੋਂ ਤਸਦੀਕ ਕਰਵਾਉਣ ਤੋਂ ਬਾਅਦ ਹੁਣ ਜਦੋਂ ਸਾਰੀ ਕਾਰਵਾਈ ਮੁਕੰਮਲ ਹੋ ਗਈ ਤਾਂ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਪੈਨਸ਼ਨ ਦੇਣ ਦੀ ਥਾਂ ‘ਤੇ ਐਸ.ਡੀ.ਐਮ. ਦਫ਼ਤਰ ਅਤੇ ਸਮਾਜਿਕ ਸੁਰੱਖਿਆ ਅਫ਼ਸਰ ਨੇ ਇਨ੍ਹਾਂ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਨਵਾਂ ਫ਼ਰਮਾਨ ਚਾੜ੍ਹ ਦਿੱਤਾ ਹੈ ਕਿ ਉਨ੍ਹਾਂ ਦਾ ਫਾਰਮ ਨਹੀਂ ਲਿਆ ਜਾਵੇਗਾ, ਕਿਉਂਕਿ ਪਿਛਲੇ ਹਫ਼ਤੇ ਹੀ ਪੰਜਾਬ ਸਰਕਾਰ ਨੇ ਨਵਾਂ ਫਾਰਮ ਜਾਰੀ ਕਰਦੇ ਹੋਏ ਪੁਰਾਣਾ ਰੱਦ ਕਰ ਦਿੱਤਾ ਹੈ। ਇਸ ਲਈ ਜੇਕਰ ਪੈਨਸ਼ਨ ਲੈਣੀ ਹੈ ਤਾਂ ਹੁਣ ਦੁਬਾਰਾ ਤੋਂ ਨਵਾਂ ਫਾਰਮ ਭਰਨ ਤੋਂ ਬਾਅਦ ਪੈਨਸ਼ਨ ਮਿਲੇਗੀ। ਪੰਜਾਬ ਸਰਕਾਰ ਦੇ ਇਸ ਫਾਰਮ ਭਰਨ ਦੇ ਫ਼ਰਮਾਨ ਤੋਂ ਬਾਅਦ ਪੰਜਾਬ ਵਿੱਚ ਹਜ਼ਾਰਾਂ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਸਰਕਾਰੀ ਦਫ਼ਤਰਾਂ ਤੋਂ ਨਿਰਾਸ਼ਾ ਨਾਲ ਵਾਪਸ ਮੁੜਨਾ ਪੈ ਰਿਹਾ ਹੈ।

  ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਵਿਧਵਾ ਅਤੇ ਬਜ਼ੁਰਗਾਂ ਨੂੰ ਦਿੱਤੀ ਜਾ ਰਹੀਂ ਹਰ ਮਹੀਨੇ 500 ਰੁਪਏ ਪੈਨਸ਼ਨ ਨੂੰ ਲੈਣ ਲਈ ਬਜ਼ੁਰਗ ਔਰਤ ਲਈ 58 ਸਾਲ ਅਤੇ ਪੁਰਸ਼ ਲਈ 65 ਸਾਲ ਘੱਟ ਤੋਂ ਘੱਟ ਉਮਰ ਹੋਣੀ ਚਾਹੀਦੀ ਹੈ ਅਤੇ ਇਸ ਪੈਨਸ਼ਨ ਨੂੰ ਲੈਣ ਲਈ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਇੱਕ ਫਾਰਮ ਭਰਿਆ ਜਾਂਦਾ ਹੈ, ਜਿਸ ‘ਤੇ ਖ਼ੁਦ ਬਜ਼ੁਰਗ ਅਤੇ ਵਿਧਵਾ ਨੂੰ ਆਪਣੇ ਪੱਧਰ ‘ਤੇ ਹੀ ਸਰਪੰਚ ਅਤੇ ਇੱਕ ਪੰਚਾਇਤ ਮੈਂਬਰ ਅਤੇ ਸ਼ਹਿਰੀ ਇਲਾਕੇ ਵਾਲਿਆਂ ਨੂੰ ਕੌਂਸਲਰ ਤੋਂ ਤਸਦੀਕ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਐਸ.ਡੀ.ਐਮ. ਦਫ਼ਤਰ ਵਿਖੇ ਫ਼ਾਰਮ ਤਸਦੀਕ ਕਰਵਾਉਣ ਤੋਂ ਬਾਅਦ ਜਮ੍ਹਾਂ ਕਰਵਾਉਣਾ ਪੈਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਇਲਾਕੇ ਦੇ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ ਉਸ ਫਾਰਮ ਨੂੰ ਭਰਨ ਵਾਲੇ ਦੀ ਪੜਤਾਲ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਹੀ ਇਨ੍ਹਾਂ ਬਜ਼ੁਰਗਾਂ ਅਤੇ ਵਿਧਵਾਵਾਂ ਦੀ ਪੈਨਸ਼ਨ ਲਗਦੀ ਹੈ।

  ਸਮਾਜਿਕ ਸੁਰੱਖਿਆ ਵਿਭਾਗ ਦੇ ਇਸ ਨਾਦਰਸ਼ਾਹੀ ਫ਼ਰਮਾਨ ਤੋਂ ਬਾਅਦ ਪੰਜਾਬ ਦੇ ਹਜ਼ਾਰਾਂ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਵਾਪਸ ਨਵੇਂ ਫਾਰਮ ਨੂੰ ਭਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਹੁਣ ਇਨ੍ਹਾਂ ਬਜ਼ੁਰਗਾਂ ਨੂੰ ਮੁੜ ਤੋਂ ਰਾਜਨੀਤਿਕ ਆਗੂਆਂ ਦੇ ਨਾਲ ਹੀ ਅਫ਼ਸਰ ਸ਼ਾਹੀ ਕੋਲ ਗੇੜੇ ਮਾਰਨ ਮਾਰਨੇ ਪੈਣਗੇ ਤਾਂ ਕਿ ਉਨ੍ਹਾਂ ਦਾ ਨਵਾਂ ਫਾਰਮ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੈਨਸ਼ਨ ਮਿਲ ਸਕੇ।

  ਅਧਿਕਾਰੀ ਕਰ ਰਹੇ ਹਨ ਗਲਤ ਕਾਰਵਾਈ, ਜਾਂਚ ਕਰਵਾਵਾਂਗੇ : ਜਿਆਣੀ
  ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਉਨਾਂ ਤਾਂ ਫਾਰਮ ਭਰਨ ਦੀ ਪ੍ਰਕ੍ਰਿਆ ਬਿਲਕੁਲ ਹੀ ਸੌਖੀ ਕਰਦੇ ਹੋਏ ਆਦੇਸ਼ ਜਾਰੀ ਕੀਤੇ ਸਨ ਕਿ ਐਸ.ਡੀ.ਐਮ. ਦਫ਼ਤਰ ਵਿੱਚ ਸਿਰਫ਼ ਪੈਨਸ਼ਨ ਲੈਣ ਲਈ ਇੱਕ ਅਰਜ਼ੀ ਦਿੱਤੀ ਜਾਵੇਗੀ, ਜਦੋਂ ਕਿ ਐਸ.ਡੀ.ਐਮ. ਦਫ਼ਤਰ ਵੱਲੋਂ ਖ਼ੁਦ ਫਾਰਮ ਭਰਨ ਦੇ ਨਾਲ ਹੀ ਰਾਜਨੀਤਕ ਨੁਮਾਇੰਦਿਆਂ ਅਤੇ ਵਿਭਾਗੀ ਅਧਿਕਾਰੀਆਂ ਤੋਂ ਸਾਰੀ ਪ੍ਰਕ੍ਰਿਆ ਖ਼ੁਦ ਹੀ ਮੁਕੰਮਲ ਕਰਵਾਈ ਜਾਵੇਗੀ ਬਜ਼ੁਰਗਾਂ ਤੋਂ ਫਾਰਮ ਮੁਕੰਮਲ ਕਰਵਾਉਣ ਦੀ ਜਾਂਚ ਕਰਵਾਈ ਜਾਵੇਗੀ

ਪ੍ਰਸਿੱਧ ਖਬਰਾਂ

To Top