ਪ੍ਰੀਖਿਆ ਕੇਂਦਰ ‘ਚ ਨਕਲ ਮਾਮਲਾ: ਮਜੀਠਾ ਕੇਂਦਰ ਦੇ ਅਮਲੇ ਨੂੰ ਬਦਲਿਆ

ਮੋਹਾਲੀ, ਕੁਲਵੰਤ ਕੋਟਲੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 28 ਫਰਵਰੀ ਨੂੰ 12ਵੀਂ ਕਲਾਸ ਦੀ ਲਈ ਗਈ ਅੰਗਰੇਜ਼ੀ ਦੀ ਪ੍ਰੀਖਿਆ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਦੇ ਬਲਾਕ ਇਕ-ਦੋ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗ ਕਲਾਂ ਦੇ ਪ੍ਰੀਖਿਆ ਕੇਂਦਰਾਂ ‘ਚ ਦਖ਼ਲ ਅੰਦਾਜ਼ੀ ਅਤੇ ਨਕਲ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਬੋਰਡ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੁਆਰਾ ਪੜਤਾਲ ਕਰਵਾਈ ਗਈ। ਇਸ ਸਬੰਧੀ ਰਿਪੋਰਟ ਆਉਣ ਤੋਂ ਬਾਅਦ ਬੋਰਡ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ।
ਇਸ ਸਬੰਧੀ ਬੋਰਡ ਦੇ ਚੇਅਰਮੈਨ ਸ਼ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਪੜਤਾਲ ਕਰਦਿਆਂ ਸਬੰਧਿਤ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟਾਂ ਅਤੇ ਕੰਟਰੋਲਰਾਂ ਤੋਂ ਲਿਖਤੀ ਰਿਪੋਰਟਾਂ ਦੇ ਅਧਾਰ ‘ਤੇ ਸਾਰੀ ਘਟਨਾ ਦੀ ਵਿਆਪਕ ਜਾਂਚ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਜਾਂਚ ਰਿਪੋਰਟ ‘ਚ ਬਾਹਰੀਂ ਦਖ਼ਲ ਅੰਦਾਜ਼ੀ ਦੀ ਅਸਫ਼ਲ ਕੋਸ਼ਿਸ਼ ਹੋਣ ਦੀ ਘਟਨਾ ਦੇ ਵੇਰਵੇ ਮਿਲੇ ਹਨ, ਇਸ ਦੇ ਬਾਵਜੂਦ ਪ੍ਰੀਖਿਆ ਕੇਂਦਰਾਂ ‘ਚ ਸੰਚਾਰੂ ਢੰਗ ਨਾਲ ਪ੍ਰੀਖਿਆ ਹੋਈ ਹੈ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਬੰਧਿਤ ਪ੍ਰੀਖਿਆ ਕੇਂਦਰਾਂ ‘ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ-2 ਕੇਂਦਰ ਦੇ ਅਮਲੇ ਨੂੰ ਬਦਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ‘ਚ ਇਸ ਤੋਂ ਇਲਾਵਾ ਪੂਰੇ ਸਮੇਂ ਲਈ ਅਬਜਰਵਰ ਤਾਇਨਾਤ ਕਰ ਦਿੱਤੇ ਗਏ ਹਨ।
ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਪਰੀਖਿਆ ਕੇਂਦਰਾਂ ਦੇ ਬਾਹਰ ਮੁੜ ਅਜਿਹਾ ਮਾਹੌਲ ਬਣਨ ਤੋਂ ਰੋਕਣ ਲਈ ਪੁਖ਼ਤਾ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਬੰਧਿਤ ਸੈਂਟਰਾਂ ‘ਚ ਉਸ ਦਿਨ ਜਨਰਲ ਅੰਗਰੇਜ਼ੀ ਦੇ ਹੋਏ ਪਰਚੇ ਦੇ ਮੁਲਾਂਕਣ ਸਮੇਂ ਇਸ ਦੀ ਵਿਸ਼ੇਸ਼ ਘੋਖ਼ ਕਰਵਾਈ ਜਾਵੇਗੀ ਅਤੇ ਦੋਸ਼ ਪਾਏ ਜਾਣ ਤੇ ਨਿਯਮਾਂ  ਅਧੀਨ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਵੇਗੀ।
12ਵੀਂ ਕਲਾਸ ਦੀ ਪ੍ਰੀਖਿਆ ‘ਚ 10 ਕੇਸ ਬਣੇ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਏ ਜਾ ਰਹੇ 12ਵੀਂ ਸ਼੍ਰੇਣੀ ਦੀ ਪ੍ਰੀਖਿਆ ‘ਚ ਅੱਜ ਰਾਜਨੀਤੀ ਸ਼ਾਸਤਰ, ਫਜ਼ਿਕਸ ਅਤੇ ਬਿਜਨਿਸ ਸਟੱਡੀ-2 ਦੀ ਪ੍ਰੀਖਿਆ ਵਿਚ ਵੱਖ-ਵੱਖ ਜ਼ਿਲ੍ਹਿਆਂ ‘ਚ ਨਕਲ ਦੇ 10 ਕੇਸ ਬਣਾਏ ਗਏ। ਪੰਜਾਬ ਸਕੂਲ  ਸਿੱਖਿਆ ਬੋਰਡ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਰਾਹੋਂ ‘ਚ 4, ਰੋਪੜ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ ‘ਚ 3, ਜਲੰਧਰ ਜ਼ਿਲ੍ਹੇ ਦੇ ਸ. ਹ ਸ਼ੰਕਰ-2 ‘ਚ 2, ਹੁਸ਼ਿਆਰਪੁਰ ਜ਼ਿਲ੍ਹੇ ਦੇ ਗਰੂ ਨਾਨਕ ਸੀ ਮੁਕੇਰੀਆਂ ਸੈਂਟਰ-3 ‘ਚ ਇਕ ਨਕਲ ਦਾ ਕੇਸ ਪਾਇਆ ਗਿਆ ਹੈ। ਬਿਆਨ ਅਨੁਸਾਰ ਰਾਜਨੀਤੀ ਸ਼ਾਸਤਰ ਦੇ 79719 ਪ੍ਰੀਖਿਆਰਥੀਆਂ ਨੇ 1379 ਕੇਂਦਰਾਂ, ਫਜ਼ਿਕਸ ਦੇ 56254 ਵਿਦਿਆਰਥੀਆਂ ਨੇ 1014 ਕੇਂਦਰਾਂ ਅਤੇ ਬਿਜਨਿਸ ਸਟੱਡੀਜ਼-2 ਦੇ 30972 ਬੱਚਿਆਂ ਨੇ 874 ਕੇਂਦਰਾਂ ‘ਚ ਪ੍ਰੀਖਿਆ ਦਿੱਤੀ।