ਪੰਜ ਕਿੱਲੋ ਅਫੀਮ ਸਣੇ ਰਾਜਸਥਾਨੀ ਸਿਪਾਹੀ ਕਾਬੂ

ਨਰੇਸ਼ ਕੁਮਾਰ ਸੰਗਰੂਰ, 
ਸਥਾਨਕ ਸਿਟੀ ਪੁਲਿਸ ਨੇ ਨਾਕਾਬੰਦੀ ਦੌਰਾਨ ਰਾਜਸਥਾਨ ਦੇ ਇੱਕ ਸਿਪਾਹੀ ਨੂੰ ਪੰਜ ਕਿੱਲੋ ਅਫੀਮ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀਪੀਐੱਸ ਉਪ ਕਪਤਾਨ ਸੰਦੀਪ ਕੁਮਾਰ ਵਡੇਰਾ ਨੇ ਦੱਸਿਆ ਕਿ ਥਾਣਾ ਸਿਟੀ ਦੇ ਇੰਚਾਰਜ ਜਸਵਿੰਦਰ ਸਿੰਘ ਟਿਵਾਣਾ ਤੇ ਜੈਲ ਪੋਸਟ ਦੇ ਇੰਚਾਰਜ ਬਲਜਿੰਦਰ ਸਿੰਘ ਚੱਠਾ ਨੇ ਪੁਲਿਸ ਪਾਰਟੀ ਸਮੇਤ ਅਜੀਤ ਨਗਰ ਦੇ ਸੂਏ ਦੇ ਪੁਲ ਕੋਲ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਘਨੱ੍ਹਈਆ ਲਾਲ ਨਿਵਾਸੀ ਗੈਬਲਿਆ ਤਹਿਸੀਲ ਥਾਣਾ ਗੋਗਰਾਲ ਜ਼ਿਲ੍ਹਾ ਚਿਤੌੜਗੜ੍ਹ (ਰਾਜਸਥਾਨ) ਦੀ ਚੈਕਿੰਗ ਕੀਤੀ ਤਾਂ ਉਸ ਪਾਸੋਂ ਪੰਜ ਕਿੱਲੋ ਅਫੀਮ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਚਿਤੌੜਗੜ੍ਹ (ਰਾਜਸਥਾਨ) ਥਾਣਾ ਬੈਸਰੋਡਗੜ੍ਹ ‘ਚ ਬਤੌਰ ਸਿਪਾਹੀ ਦੀ ਨੌਕਰੀ ਕਰਦਾ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਅਫੀਮ ਦੀ ਤਸਕਰੀ ਕਰਦਾ ਆ ਰਿਹਾ ਹੈ। ਪੁਲਿਸ ਨੇ ਉਸਨੂੰ ਕਾਬੂ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਤੋਂ ਹੋਰ ਪੁੱਛਗਿਛ ਕੀਤੀ ਜਾਵੇਗੀ।