ਬਰਨਾਲਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਤੋੜਨ ਦਾ ਦਾਅਵਾ

0
119
Barnala Police, Drug

ਬਰਨਾਲਾ ਤੋਂ ਦਿੱਲੀ ਜੁੜੀਆਂ ਨਸ਼ੀਲੇ ਪਦਾਰਥਾਂ ਦੀਆਂ ਤਾਰਾਂ ਤਹਿਤ 11 ’ਚੋਂ 9 ਸਪਲਾਇਰ ਕਾਬੂ

3 ਲੱਖ 53 ਹਜ਼ਾਰ 500 ਨਸ਼ੀਲੀਆਂ ਗੋਲੀਆਂ, 38 ਹਜ਼ਾਰ 400 ਨਸ਼ੀਲੇ ਕੈਪਸੂਲ, 193 ਨਸ਼ੀਲੀਆਂ ਸ਼ੀਸ਼ੀਆਂ, ਇੱਕ 32 ਬੋਰ ਦਾ ਪਿਸਤੋਲ

ਸਮੇਤ ਤਿੰਨ ਗੱਡੀਆਂ ਵੀ ਬਰਾਮਦ

640000 ਦੀ ਡਰੱਗ ਮਨੀ ਵੀ ਸਪਲਾਇਰਾਂ ਕੋਲੋਂ ਬਰਾਮਦ

ਜਸਵੀਰ ਸਿੰਘ/ਰਜਿੰਦਰ, ਬਰਨਾਲਾ

ਬਰਨਾਲਾ ਪੁਲਿਸ ਨੇ ਦਿੱਲੋਂ ਤੋਂ ਬਰਨਾਲਾ, ਸੰਗਰੂਰ ਤੇ ਪਟਿਆਲਾ ਜ਼ਿਲਿ੍ਹਆਂ ਨਾਲ ਜੁੜੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਨੂੰ ਤੋੜਨ ਦਾ ਦਾਅਵਾ ਕਰਦਿਆਂ 353500 ਨਸ਼ੀਲੀਆਂ ਗੋਲੀਆਂ, 38400 ਨਸ਼ੀਲੇ ਕੈਪਸ਼ੂਲ, 193 ਨਸ਼ੀਲੀਆਂ ਸ਼ੀਸ਼ੀਆਂ, ਇੱਕ 32 ਬੋਰ ਦਾ ਪਿਸਤੋਲ ਸਮੇਤ ਦੋ ਜਿੰਦਾ ਕਾਰਤੂਸ, ਇੱਕ ਨਿਸ਼ਾਨ ਕਾਰ ਮਾਇਕਰਾ, ਇੱਕ ਐਕਸਯੂਵੀ ਗੱਡੀ, ਇੱਕ ਸਵਿਫ਼ਟ ਕਾਰ ਤੇ ਛੇ ਲੱਖ ਚਾਲੀ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਸਮੇਤ 9 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਦਕਿ ਦੋ ਅਜੇ ਵੀ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਅਗਲੇਰੀ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ।

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਗੋਬਿੰਦ ਸਿੰਘ ਵਾਸੀ ਦੁਘਾਟ (ਪਟਿਆਲਾ) ਤੇ ਬਲਕਾਰ ਸਿੰਘ ਵਾਸੀ ਰਾਮ ਨਗਰ ਸੰਗਰੂਰ ਨੂੰ ਐਕਸਯੂਵੀ ਗੱਡੀ ਨੰਬਰ ਪੀਬੀ-13- ਏਡਬਲਯੂ-4373 ’ਚੋਂ 4 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਥਾਣਾ ਸਦਰ ਵਿਖੇ 24 ਜੁਲਾਈ 2019 ਨੂੰ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਨ੍ਹਾਂ ਪਾਸੋਂ ਕੀਤੀ ਪੁੱਛਗਿਛ ਦੌਰਾਨ ਕਰਮਜੀਤ ਸਿੰਘ ਉਰਫ਼ ਟੋਨੀ, ਸ਼ਿੰਦਰ ਕੌਰ ਵਾਸੀਆਨ ਰਾਮਬਾਗ ਦੀ ਬੈਕਸਾਈਡ ਬਰਨਾਲਾ, ਵਿਜੈ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ, ਜਗਦੇਵ ਸਿੰਘ ਵਾਸੀ ਸੰਗਰੂਰ ਤੇ ਸ਼ਮਸ਼ਾਦ ਮੁਹੰਮਦ ਵਾਸੀ ਦਿੱਲੀ ਨੂੰ ਨਾਮਜ਼ਦ ਕਰਕੇ ਜੁਰਮ ’ਚ ਵਾਧਾ ਕਰਦਿਆਂ ਦੋ ਨੂੰ ਕਾਬੂ ਕੀਤਾ ਗਿਆ ਸੀ ਜਦਕਿ ਤਿੰਨ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਸਨ।

ਸਿਕੰਦਰ ਸਿੰਘ ਨੇ ਵੀ ਪੁੱਛਗਿੱਛ ਦੌਰਾਨ ਸ਼ਮਸ਼ਾਦ ਮੁਹੰਮਦ ਵਾਸੀ ਦਿੱਤੀ ਤੇ ਰਾਸੀਦ ਉਰਫ਼ ਸੋਨੂ ਵਾਸੀ ਪ੍ਰੇਮ ਨਗਰ ਲੋਨੀ, ਜ਼ਿਲ੍ਹਾ ਗਾਜ਼ੀਆਬਾਦ (ਯੂਪੀ) ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਅਦਾਲਤ ਪਾਸੋਂ ਵਾਰੰਟ ਗ੍ਰਿਫਤਾਰੀ ਹਾਸਲ ਕੀਤੀ। ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਇਸ ਲੜੀ ਤਹਿਤ ਤੀਜੀ ਸਫ਼ਲਤਾ ’ਚ ਬਲਜੀਤ ਸਿੰਘ ਵਾਸੀ ਖੇੜੀ ਗਿੱਲਾਂ (ਸੰਗਰੂਰ) ਗੁਰਪ੍ਰੀਤ ਸਿੰਘ ਵਾਸੀ ਕਲਰ ਭੈਣੀ (ਪਟਿਆਲਾ) ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਥਾਣਾ ਸਿਟੀ ਬਰਨਾਲਾ ਵਿਖੇ 28 ਅਗਸਤ 2019 ਨੂੰ ਤੀਜਾ ਮਾਮਲਾ ਦਰਜ਼ ਕਰਦਿਆਂ ਮਾਇਕਰਾ ਕਾਰ ਨੰਬਰ ਪੀਬੀ- 59 ਬੀ- 1253 ’ਚੋਂ ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਗੋਬਿੰਦ ਸਿੰਘ ਨੂੰ ਕਾਬੂ ਕਰਕੇ ਇੱਕ ਲੱਖ ਨਸ਼ੀਲੀਆਂ ਗੋਲੀਆਂ ਤੇ ਇੱਕ 32 ਬੋਰ ਦਾ ਪਿਸਤੋਲ ਸਮੇਤ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਉਪਰੰਤ ਉਨ੍ਹਾਂ ਉਕਤ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਨੂੰ ਤੋੜਨ ਤੇ ਮੁੱਖ ਸਪਲਾਇਰਾਂ ਨੂੰ ਕਾਬੂ ਕਰਨ ਦੇ ਮੰਤਵ ਹਿੱਤ ਇੰਚਾਰਜ਼ ਸੀਆਈਏ ਬਲਜੀਤ ਸਿੰਘ ਦੀ ਅਗਵਾਈ ’ਚ ਸਟਾਫ਼ ਸਮੇਤ ਤਿੰਨ ਪਾਰਟੀਆਂ ਗਾਜ਼ੀਆਬਾਦ ਭੇਜੀਆਂ।

ਜਿੱਥੇ ਗੋਬਿੰਦ ਸਿੰਘ ਦੀ ਸ਼ਨਾਖਤ ਦੇ ਅਧਾਰ ’ਤੇ ਆਰੀਆ ਨਗਰ ਲੋਨੀ, ਜ਼ਿਲ੍ਹਾ ਗਾਜ਼ੀਆਬਾਦ (ਯੂਪੀ) ਰੇਡ ਕੀਤੀ ਤੇ ਦੋਸ਼ੀ ਸ਼ਮਸ਼ਾਦ ਮੁਹੰਮਦ ਤੇ ਰਾਸ਼ੀਦ ਉਰਫ਼ ਸੋਨੂੰ ਨੂੰ ਕਾਬੂ ਕਰਦਿਆਂ ਉਨ੍ਹਾਂ ਦੇ ਕਬਜ਼ੇ ’ਚੋਂ 2 ਲੱਖ 40 ਹਜ਼ਾਰ ਨਸ਼ੀਲੀਆਂ ਗੋਲੀਆਂ, 38 ਹਜ਼ਾਰ 400 ਨਸ਼ੀਲੇ ਕੈਪਸੂਲ, 100 ਨਸ਼ੀਲੀਆਂ ਸ਼ੀਸ਼ੀਆਂ, 640000 ਰੁਪਏ ਦੀ ਨਗਦੀ ਬਤੌਰ ਡਰੱਗ ਮਨੀ ਤੇ ਸਵਿਫ਼ਟ ਕਾਰ ਨੰਬਰ ਡੀਐੱਲ- 05 ਸੀਕਿਊ-0952 ਬਰਾਮਦ ਕੀਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਸਪਲਾਈਰ ਬਰਨਾਲਾ, ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ਅੰਦਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਸਪਲਾਇਰਾਂ ਨੂੰ ਕਾਬੂ ਕਰਦਿਆਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਨੂੰ ਤੋੜਨ ਦਾ ਦਾਅਵਾ ਕੀਤਾ। ਕਿਹਾ ਕਿ ਅੱਗੇ ਵੀ ਤਫ਼ਤੀਸ਼ ਜਾਰੀ ਹੈ। ਇਸ ਦੌਰਾਨ ਪੁਲਿਸ ਨੇ ਕੁੱਲ 11 ਸਪਲਾਇਰਾਂ ਵਿੱਚੋਂ 9 ਸਪਲਾਇਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮੌਕੇ ਸੁਖਦੇਵ ਸਿੰਘ ਵਿਰਕ, ਡੀਐੱਸਪੀ (ਡੀ) ਆਰਐਸ ਦਿਓਲ, ਰਾਜੇਸ ਛਿੱਬਰ, ਪੀਐਸ ਗਰੇਵਾਲ, ਬਲਜੀਤ ਸਿੰਘ ਢਿੱਲੋਂ, ਥਾਣਾ ਟੱਲੇਵਾਲ ਮੁਖੀ ਜਸਵੀਰ ਸਿੰਘ, ਬਲਜੀਤ ਸਿੰਘ ਸੀਆਈਏ ਇੰਚਾਰਜ਼ ਤੇ ਪੁਲਿਸ ਪਾਰਟੀ ਹਾਜ਼ਰ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।