ਬਹੁਤ ਸੌਖੀ ਹੈ ਨੁਕਤਾਚੀਨੀ ਕਰਨੀ

ਸਾ ਡੇ ਸੁਭਾਅ ਵਿੱਚ ਸਭ ਤੋਂ ਬੁਰੀ ਆਦਤ ਹੈ ਕਿ ਕਿਸੇ ਵੀ ਚੰਗੇ ਮਾੜੇ ਬੰਦੇ ਦੀ ਨੁਕਤਾਚੀਨੀ ਕਰਨ ਲੱਗਿਆਂ ਮਿੰਟ ਨਹੀਂ ਲਾਉਂਦੇ। ਇਸ ਗੋਲਾਬਾਰੀ ਦਾ ਅੱਜ ਸਭ ਤੋਂ ਵੱਡਾ ਸ਼ਿਕਾਰ ਬਣਿਆ ਹੋਇਆ ਹੈ ਪੰਜਾਬ ਦਾ ਸ਼੍ਰੋਮਣੀ ਗਾਇਕ ਗੁਰਦਾਸ ਮਾਨ । ਆਥਣ ਵੇਲੇ ਹਰ ਕੋਈ ਗੁਰਦਾਸ ਮਾਨ ਦੇ ਗਾਣਿਆਂ ‘ਤੇ ਬਹਿਸ ਕਰਨ ਜਾਂਦੇ ਆ, ਲੈ ਯਾਰ, ਪਹਿਲਾਂ ਇਸ ਨੇ ਗਾਣਾ ਗਾਇਆ ਸੀ ਕਿ ਘਰ ਦੀ ਸ਼ਰਾਬ ਹੋਵੇ ਤੇ ਹੁਣ ਕਹੀ ਜਾਂਦਾ ਨਸ਼ਿਆਂ ਨੇ ਗਭਰੂ ਮਾਰ ‘ਤੇ। ਹੱਦ ਹੋਗੀ, ਬੰਦਾ ਕਿਸੇ ਇੱਕ ਪਾਸੇ ਤਾਂ ਲੱਗ ਜੇ। ਜੇ ਪਹਿਲਾਂ ਘਰ ਦੀ ਸ਼ਰਾਬ ਬਾਰੇ ਲਿਖਿਆ ਸੀ ਤਾਂ ਵੀ ਉਹ ਮਾੜਾ ਤੇ ਜੇ ਹੁਣ ਨਸ਼ਿਆਂ ਦੇ ਖਿਲਾਫ਼ ਲਿਖ ਦਿੱਤਾ ਤਾਂ ਵੀ ਉਹ ਮਾੜਾ ।
ਹੁਣ ਸੋਸ਼ਲ ਮੀਡੀਆ ਦਾ ਹਰ ‘ਵਿਦਵਾਨ’ ਅੱਗ ਉਗਲ਼ ਰਿਹਾ ਹੈ ਕਿ ਇਸ ਨੇ ਪੰਜਾਬ ਦੇ ਹਾਲਾਤ ਬਾਰੇ ਚੋਣਾਂ ਤੋਂ ਪਹਿਲਾਂ ਕਿਉਂ ਨਹੀਂ ਲਿਖਿਆ? ਅਜਿਹੀ ਹਰਕਤ ਕਰ ਕੇ ਇਸ ਨੇ ਇੱਕ ਸਿਆਸੀ ਪਾਰਟੀ ਨਾਲ ਵਫ਼ਾਦਾਰੀ ਪੁਗਾਈ ਹੈ। ਜੇ ਕਿਤੇ ਉਹ ਚੋਣਾਂ ਤੋਂ ਪਹਿਲਾਂ ਇਹ ਗਾਣੇ ਰਿਲੀਜ਼ ਕਰ ਦੇਂਦਾ ਤਾਂ ਲੋਕਾਂ ਨੇ ਉਸ ਨੂੰ ਫਿਰ ਵੀ ਨਹੀਂ ਸੀ ਬਖਸ਼ਣਾ ਕਿ ਇਸ ਨੇ ਇੱਕ ਖਾਸ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਜਾਣ ਬੁੱਝ ਕੇ ਚੋਣਾਂ ਮੌਕੇ ਅਜਿਹੇ ਗਾਣੇ ਰਿਲੀਜ਼ ਕੀਤੇ ਹਨ । ਬੰਦਾ ਹੁਣ ਕਿਹੜੇ ਖੂਹ ਵਿੱਚ ਛਾਲ ਮਾਰੇ? ਨਾਲੇ ਕਥਿੱਤ ਸਿਆਣੇ ਕਹਿੰਦੇ ਰਹਿੰਦੇ ਸਨ ਕਿ ਗਾਇਕਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਗਾਉਣਾ ਚਾਹੀਦਾ। ਜੇ ਹੁਣ ਗੁਰਦਾਸ ਮਾਨ ਨੇ ਗਾ ਦਿੱਤਾ ਤਾਂ ਫਿਰ ਜਨਤਾ ਨੇ ਬਲੇਡ ਦਾਤਰੀ ਦੇ ਦੂਸਰੇ ਪਾਸੇ ਲਗਵਾ ਲਏ, ਕਹਿੰਦੇ ਗਲਤ ਮੌਕੇ ਗਾਇਆ ਹੈ। ਪੁੱਛਣ ਵਾਲਾ ਹੋਵੇ ਕਿ ਜੇ ਭਾਈ ਪਹਿਲਾਂ ਗਾ ਦੇਂਦਾ ਤਾਂ ਫਿਰ ਆਪਾਂ ਕਿਹੜਾ ਸੁਧਰ ਜਾਣਾ ਸੀ। ਹੁਣ ਉਹਦਾ ਗਾਣਾ ਸੁਣ ਕੇ ਕਿੰਨਿਆਂ ਕੁ ਨੇ ਸ਼ਰਾਬ-ਨਸ਼ੇ ਤਿਆਗ ਦਿੱਤੇ ਹਨ?
ਅਸਲ ਵਿੱਚ ਨੁਕਤਾਚੀਨੀ ਕਰਨੀ ਸੌਖੀ ਹੀ ਬਹੁਤ ਹੈ। ਪਲਾਂ ਵਿੱਚ ਕਿਸੇ ਚੰਗੇ ਭਲੇ ਬੰਦੇ ਵਿੱਚ ਹਜ਼ਾਰਾਂ ਨੁਕਸ ਕੱਢੇ ਜਾ ਸਕਦੇ ਸਨ। ਜਦੋਂ ਭਾਰਤੀ ਕ੍ਰਿਕਟ ਟੀਮ ਕੋਈ ਟੂਰਨਾਮੈਂਟ ਜਿੱਤਦੀ ਹੈ ਤਾਂ ਸਾਰੇ ਚੈਨਲਾਂ ਵਾਲਿਆਂ ਨੂੰ ਖਿਡਾਰੀ ਮਹਾਨ ਨਜ਼ਰ ਆਉਣ ਲੱਗ ਜਾਂਦੇ ਹਨ । ਉਨ੍ਹਾਂ ਦੀਆਂ ਤਾਰੀਫ਼ਾਂ ਦੇ ਕਸੀਦੇ ਪੜ੍ਹੇ ਜਾਂਦੇ ਹਨ । ਪਰ ਜੇ ਕਿਤੇ ਟੀਮ ਦੋ-ਚਾਰ ਮੈਚ ਹਾਰ ਜਾਵੇ ਤਾਂ ਉਹੀ ਲੋਕ ਖਿਡਾਰੀਆਂ ਦੇ ਪੁਤਲੇ ਫੂਕਣ ਤੱਕ ਜਾਂਦੇ ਹਨ । ਇੱਥੋਂ ਤੱਕ ਕਿ ਖਿਡਾਰੀਆਂ ਦੀਆਂ ਮਹਿਲਾ ਦੋਸਤਾਂ ‘ਤੇ ਵੀ ਉਨ੍ਹਾਂ ਦਾ ਧਿਆਨ ਭਟਕਾਉਣ ਦੇ ਇਲਜ਼ਾਮ ਸ਼ਰੇਆਮ ਲਾਏ ਜਾਂਦੇ ਹਨ ।
ਸੋਸ਼ਲ ਮੀਡੀਆ ਵਾਲੇ ‘ਵਿਦਵਾਨ’ ਆਪਣੇ ਆਪ ਨੂੰ ਦੁੱਧ ਧੋਤੇ ਸਮਝਦੇ ਹਨ । ਸਾਰਾ ਦਿਨ ਹੋਰ ਲੋਕਾਂ-ਲੀਡਰਾਂ ਦੀਆਂ ਨੁਕਤਾਚੀਨੀ ਭਰੀਆਂ ਵੀਡੀਓ ਤੇ ਮੈਸੇਜ਼ ਪੋਸਟ ਕਰੀ ਜਾਂਦੇ ਹਨ । ਪੌਣਾ ਪੰਜਾਬ ਤਾਂ ਫੇਸਬੁੱਕ-ਵਟਸਐਪ ‘ਤੇ ਹੈਗਾ ਈ ਆ । ਸਾਰੇ ਈ ਜੇਕਰ ਐਨੇ ਸਿਆਣੇ ਆ ਤਾਂ ਫਿਰ ਲੜਾਈਆਂ, ਜਬਰ ਜਨਾਹਾਂ , ਲੁੱਟਾਂ ਅਤੇ ਕਤਲਾਂ ਦੀਆਂ ਖਬਰਾਂ ਨਾਲ ਭਰੇ ਅਖ਼ਬਾਰ ਕੀ ਯੂ.ਪੀ.- ਬਿਹਾਰ ਦੀਆਂ ਵਾਰਦਾਤਾਂ ਨਾਲ ਭਰੇ ਹੁੰਦੇ ਹਨ?
ਜਦੋਂ ਅਸੀਂ ਘਰੋਂ ਤੁਰਦੇ ਹਾਂ ਤਾਂ ਸਿਰ ‘ਤੇ ਹੈਲਮੈਟ ਜਾਂ ਕਾਰ ਦੇ ਕਾਗਜ਼ਾਤ ਨਾਲ ਰੱਖਣ ਦੀ ਬਜਾਏ ਕਿਸੇ ਰਿਸ਼ਤੇਦਾਰ ਨੇਤਾ ਜਾਂ ਪੁਲਿਸ ਵਾਲੇ ਦਾ ਫੋਨ ਨੰਬਰ ਜੇਬ ਵਿੱਚ ਰੱਖਣਾ ਜ਼ਿਆਦਾ ਜ਼ਰੂਰੀ ਸਮਝਦੇ ਹਾਂ । ਟਰੈਫ਼ਿਕ ਪੁਲਿਸ ਵਾਲੇ ਨੂੰ ਡਰਾਇਵਿੰਗ ਲਾਇਸੰਸ ਵਿਖਾਉਣ ਦੀ ਬਜਾਏ ਮੋਬਾਇਲ ਉਸ ਦੇ ਕੰਨ ਨੂੰ ਲਾ ਦੇਂਦੇ ਹਾਂ। ਜੇ ਓਵਰ ਸਪੀਡ ਕਾਰਨ ਕੋਈ ਹਾਦਸਾ ਵਾਪਰ ਜਾਵੇ, ਹੈਲਮੈਟ ਨਾ ਪਾਉਣ ਕਾਰਨ ਸਿਰ ਫੁੱਟ ਜਾਵੇ ਜਾਂ ਸੀਟ ਬੈਲਟ ਨਾ ਲਾਉਣ ਕਾਰਨ ਸੱਟਾਂ ਲੱਗ ਜਾਣ ਤਾਂ ਆਪਣੀ ਗਲਤੀ ਮੰਨਣ ਦੀ ਬਜਾਏ ਇਲਜ਼ਾਮ ਨਾਕਸ ਟਰੈਫਿਕ ਪ੍ਰਬੰਧਾਂ ਅਤੇ ਮਾੜੀਆਂ ਸੜਕਾਂ ਕਾਰਨ ਪੁਲਿਸ-ਸਰਕਾਰ ‘ਤੇ ਥੋਪ ਦਿੱਤਾ ਜਾਂਦਾ ਹੈ।
ਜੇ ਕੋਈ ਆਪਣੀ ਮਸਤੀ ਨਾਲ ਮਜ਼ੇ-ਮਜ਼ੇ ਗੱਡੀ ਚਲਾ ਰਿਹਾ ਹੋਵੇ ਤਾਂ ਲੋਕ ਕਹਿਣਗੇ, ਉਏ ਇਸ ਕੱਛੂਕੁੰਮੇ ਦੀ ਔਲਾਦ ਨੂੰ ਲਾਇਸੰਸ ਕਿਸ ਨੇ ਦੇ ਦਿੱਤਾ? ਨਾ ਆਪ ਤੁਰਦਾ ਨਾ ਕਿਸੇ ਨੂੰ ਤੁਰਨ ਦੇਂਦਾ। ਤੇ ਜੇ ਕੋਈ ਗੱਡੀ ਭਜਾਈ ਜਾਵੇ ਤਾਂ ਫਿਰ, ਹੂੰ! ਫੁਕਰਾ ਕਿਸੇ ਥਾਂ ਦਾ। ਆਪ ਤਾਂ ਮਰਨਾ ਨਾਲ ਕਿਸੇ ਹੋਰ ਨੂੰ ਵੀ ਲੈ ਕੇ ਮਰੇਗਾ। ਦੱਸੋ ਹੁਣ ਕੋਈ ਕੀ ਕਰੇ? ਅਸੀਂ ਹੋਰ ਕੌਮਾਂ ਨੂੰ ਭ੍ਰਿਸ਼ਟ ਕਰਨ ਵਿੱਚ ਵੀ ਕਸਰ ਨਹੀਂ ਛੱਡ ਰਹੇ।
ਵਿਦੇਸ਼ ਵਿੱਚ ਇੱਕ ਮਿੱਤਰ ਨੂੰ ਫ੍ਰੀ ਪਾਰਕਿੰਗ ਕਰਾਉਣ ਲਈ ਗਾਰਡਾਂ ਨੂੰ 5-10 ਡਾਲਰ ਦਾ ਲਾਲਚ ਦੇਣ ਦੀ ਕੋਸ਼ਿਸ਼ ਕਰਦਿਆਂ ਮੈਂ ਅੱਖੀਂ ਵੇਖਿਆ। ਪਰ ਇੱਕ ਵੀ ਵਿਦੇਸ਼ੀ ਨੇ ਉਸ ਦੀ ਰਿਸ਼ਵਤ ਸਵੀਕਾਰ ਨਾ ਕੀਤੀ। ਅਸੀਂ ਰੱਜ ਕੇ ਹਵਾ-ਪਾਣੀ ਗੰਦਾ ਕਰਦੇ ਹਾਂ। ਪੂਰੀ ਬੇਸ਼ਰਮੀ ਨਾਲ ਨਹਿਰਾਂ, ਡਰੇਨਾਂ ਅਤੇ ਦਰਿਆਵਾਂ ਵਿੱਚ ਜ਼ਹਿਰ ਘੋਲਦੇ ਹਾਂ। ਉਨ੍ਹਾਂ ਨੂੰ ਪਵਿੱਤਰ ਰੱਖਣ ਦੀ ਬਜਾਏ ਘਰਾਂ ਵਿੱਚ ਆਰਓ ਲਾ ਕੇ ਸਾਫ਼ ਪਾਣੀ ਪੀਣਾ ਜ਼ਿਆਦਾ ਬਿਹਤਰ ਸਮਝਦੇ ਹਾਂ । ਘਰ ਦਾ ਸਾਰਾ ਕੂੜਾ, ਰੂੜੀਆਂ ਅਤੇ ਹੋਰ ਗੰਦ ਮੰਦ ਸੜਕਾਂ ‘ਤੇ ਖਿਲਾਰਦੇ ਹਾਂ ਤੇ ਫਿਰ ਗੰਦਗੀ ਦਾ ਦੋਸ਼ ਪੰਚਾਇਤ ਅਤੇ ਮਿਊਂਸੀਪਲ ਕਮੇਟੀ ਦੇ ਸਿਰ ਮੜ੍ਹਦੇ ਹਾਂ ।
ਖਰੀਦਦਾਰ ਸਸਤੇ ਦੇ ਲਾਲਚ ਵਿੱਚ ਤੇ ਵਪਾਰੀ ਟੈਕਸ ਬਚਾਉਣ ਦੇ ਚੱਕਰ ਵਿੱਚ ਬਿੱਲ ਨਹੀਂ ਕੱਟਦੇ । ਇੱਕ ਦੂਜੇ ਨੂੰ ਲੁੱਟਣ ਦੇ ਚੱਕਰ ਵਿੱਚ ਦੇਸ਼ ਨੂੰ ਲੁੱਟੀ ਜਾਂਦੇ ਹਨ । ਜਦੋਂ ਬਿਨਾਂ ਬਿੱਲ ਦੀ ਵਸਤੂ ਖਰਾਬ ਨਿੱਕਲਣ ‘ਤੇ ਵਪਾਰੀ ਵਾਪਸ ਨਹੀਂ ਕਰਦਾ ਤੇ ਨਾ ਹੀ ਕੰਜ਼ਿਊਮਰ ਕੋਰਟ ਸੁਣਦੇ ਹਨ ਤਾਂ ਦੋਸ਼ ਫਿਰ ਸਰਕਾਰ ਦੇ ਸਿਰ ਮੜ੍ਹਿਆ ਜਾਂਦਾ ਹੈ । ਲੁੱਟਣ ਵਾਲੇ ਵੀ ਅਸੀਂ ਤੇ ਲੁਟਾਉਣ ਵਾਲੇ ਵੀ ਅਸੀਂ । ਸਾਡੀ ਤ੍ਰਾਸਦੀ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਬਦਲਣ ਦੀ ਬਜਾਏ ਦੂਜਿਆਂ ਦੇ ਬਦਲਣ ਦੀ ਆਸ ਜ਼ਿਆਦਾ ਰੱਖਦੇ ਹਾਂ । ਜਦੋਂ ਤੱਕ ਅਸੀਂ ਦੂਜਿਆਂ ਦੀ ਬਜਾਏ ਆਪਣੇ ਨੁਕਸ ਨਹੀਂ ਵੇਖਦੇ, ਸਮਾਜ ਸੁਧਰ ਨਹੀਂ ਸਕਦਾ।
ਬਲਰਾਜ ਸਿੰਘ ਸਿੱਧੁ
ਲੇਖਕ ਸੀਨੀਅਰ ਪੁਲਿਸ ਅਧਿਕਾਰੀ
ਹਨ
ਪੰਡੋਰੀ ਸਿੱਧਵਾਂ (ਤਰਨਤਾਰਨ)
ਮੋ. 98151-24449