Breaking News

ਬੀ.ਐੱਸ.ਐੱਫ. ਵੱਲੋਂਸਰਹੱਦ ਤੋਂ 75 ਕਰੋੜ ਦੀ ਹੈਰੋਇਨ ਬਰਾਮਦ

-ਪਾਕਿ ਸਮਗਲਰਾਂ ਅਤੇ ਬੀਐੱਸਐੱਫ ਦਰਮਿਆਨ ਹੋਈ ਗੋਲੀਬਾਰੀ
ਤਰਨਤਾਰਨ/ਖੇਮਕਰਨ/ਫਿਰੋਜ਼ਪੁਰ (ਸੱਚ ਕਹੂੰ ਨਿਊਜ) ਭਾਰਤ ਪਾਕਿ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐੱਫ. ਦੀ 191 ਬਟਾਲੀਅਨ ਨੇ ਪਾਕਿ ਸਮਗਲਰਾਂ ਦੇ ਨਾਪਾਕ ਇਰਾਦਿਆਂ ਨੂੰ ਫੇਲ ਕਰਦਿਆਂ ਭਾਰਤੀ ਸਰਹੱਦ ਅੰਦਰ ਦਾਖਲ ਕੀਤੀ 15 ਕਿੱਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਿਸ ਦੀ ਅੰਤਰ ਰਾਸ਼ਟਰੀ ਬਜ਼ਾਰ ਵਿਚ ਕੀਮਤ 75 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ।
ਖੇਮਕਰਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀ.ਐੱਸ.ਐੱਫ. ਦੇ ਡੀ.ਆਈ.ਜੀ. ਆਰ.ਕੇ. ਥਾਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਜੀ. ਅਨਿਲ ਪਾਲੀਵਾਲ ਵੱਲੋਂ ਦੁਸ਼ਮਣਾਂ ਦੀਆਂ ਕੋਝੀਆਂ ਹਰਕਤਾਂ ਨੂੰ ਠੱਲ ਪਾਉਣ ਲਈ ਬੀ.ਐੱਸ.ਐੱਫ. ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। 2 ਅਗਸਤ ਨੂੰ ਸਵੇਰੇ 3.15 ਵਜੇ ਬੀ.ਐੱਸ.ਐੱਫ. ਦੀ 191 ਬਟਾਲੀਅਨ ਦੇ ਜਵਾਨ ਜਦ ਗਸ਼ਤ ਕਰ ਰਹੇ ਸਨ ਤਾਂ ਬੀ.ਓ.ਪੀ. ਮੀਆਂ ਵਾਲੀ (ਉਤਾੜ) ਤਾਰੋਂ ਪਾਰ ਪਾਕਿ ਤਰਫੋਂ ਕੁਝ ਹਰਕਤ ਹੁੰਦੀ ਵਿਖਾਈ ਦਿੱਤੀ ਬੀ.ਐੱਸ.ਐੱਫ. ਨੇ ਜਦੋਂ ਚੌਕਸੀ ਵਰਤਦਿਆਂ ਵੇਖਿਆ ਤਾਂ ਪਾਕਿ ਸਮਗਲਰ ਤਾਰਾਂ ਵਿਚੋਂ ਪਾਈਪ ਨੁਮਾ ਚੀਜ਼ ਭਾਰਤੀ ਸੀਮਾ ਅੰਦਰ ਦਾਖਲ ਕਰ ਰਹੇ ਸਨ। ਬੀ.ਐੱਸ.ਐੱਫ. ਵੱਲੋਂ ਚਿਤਾਵਨੀ ਦੇਣ ‘ਤੇ ਪਾਕਿ ਸਮਗਲਰਾਂ ਨੇ ਬੀ.ਐੱਸ.ਐੱਫ. ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਜਵਾਬ ਵਿਚ ਬੀ.ਐੱਸ.ਐੱਫ. ਵੱਲੋਂ ਵੀ ਫਾਈਰਿੰਗ ਕੀਤੀ ਗਈ ਅਤੇ ਇਸ ਦੌਰਾਨ ਪਾਕਿ ਸਮਗਲਰ ਵਾਪਸ ਦੌੜ ਗਏ। ਉਪਰੰਤ ਚਲਾਏ ਗਏ ਸਰਚ ਅਭਿਐਨ ਦੌਰਾਨ ਬੀ.ਐੱਸ.ਐੱਫ. ਨੂੰ ਸਰਹੱਦ ਤੋਂ 10 ਫੁੱਟ ਲੰਬੀ ਪਲਾਸਟਿਕ ਦੀ ਪਾਈਪ ਬਰਾਮਦ ਹੋਈ ਜਿਸ ਵਿਚੋਂ 15 ਪੈਕੇਟ ਹੈਰੋਇਨ ਨਿਕਲੇ। ਬਰਾਮਦ ਹੋਈ ਹੈਰੋਇਨ ਦੀ ਅੰਤਰ ਰਾਸ਼ਟਰੀ ਬਜ਼ਾਰ ਵਿਚ ਕੀਮਤ 75 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਡੀ.ਆਈ.ਜੀ. ਆਰ.ਕੇ. ਥਾਪਾ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ ਇਹ ਵੱਡੀ ਰਿਕਵਰੀ ਹੈ ਅਤੇ ਇਸ ਨਾਲ ਪਾਕਿ ਸਮਗਲਰਾਂ ਦੇ ਨਾਪਾਕ ਮਨਸੂਬਿਆਂ ਨੇ ਫੇਲ ਕਰਦਿਆਂ ਉਨਾਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ। ਇਸ ਮੌਕੇ ‘ਤੇ ਕਮਾਂਡੈਂਟ ਵਾਈ.ਪੀ. ਸਿੰਘ ਤੋਂ ਇਲਾਵਾ ਬੀ.ਐੱਸ.ਐੱਫ. ਦੇ ਅਧਿਕਾਰੀ ਅਤੇ ਜਵਾਨ ਹਾਜ਼ਰ ਸਨ।
ਸਰਹੱਦ ਤੋਂ ਬਰਾਮਦ ਕੀਤੀ ਹੈਰੋਇਨ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਆਰ.ਕੇ. ਥਾਪਾ ਅਤੇ ਹੋਰ ਅਧਿਕਾਰੀ।

ਪ੍ਰਸਿੱਧ ਖਬਰਾਂ

To Top