ਬੁੱਧੀ ਦੀ ਪਰਖ਼

0
 Wisdom ,Trial

ਮਾਸਟਰ ਗਿਆਨ ਸਿੰਘ ਨੇ ਕਲਾਸ ਵਿਚ ਆਉਂਦਿਆਂ ਹੀ ਕੁਰਸੀ ‘ਤੇ ਬੈਠਣ ਉਪਰੰਤ ਹਾਜ਼ਰੀ ਵਾਲਾ ਰਜਿਸਟਰ ਚੁੱਕਿਆ ਅਤੇ ਇੱਕ-ਇੱਕ ਕਰਕੇ ਸਾਰੇ ਮੁੰਡੇ-ਕੁੜੀਆਂ ਦੀ ਹਾਜ਼ਰੀ ਲਾਉਣੀ ਸ਼ੁਰੂ ਕਰ ਦਿੱਤੀ। ਮਾਸਟਰ ਜੀ ਹਾਜ਼ਰੀ ਬੋਲੀ ਜਾ ਰਹੇ ਸਨ, ਤੇ ਮੁੰਡੇ-ਕੁੜੀਆਂ ਹੱਥ ਖੜ੍ਹਾ ਕਰਕੇ ਮੂੰਹ ਨਾਲ, ਹਾਜ਼ਰ ਜੀ!, ਬੋਲ ਕੇ ਹਾਜ਼ਰੀ ਲਵਾ ਰਹੇ ਸਨ। ਮਾਸਟਰ ਜੀ ਨੇ ਹਾਜ਼ਰੀ ਲਾਉਣ ਤੋਂ ਬਾਅਦ ਕਿਹਾ, ”ਲਉ ਬਈ ਪੜ੍ਹਾਈ ਤਾਂ ਆਪਾਂ ਹਰ ਰੋਜ਼ ਹੀ ਕਰਦੇ ਹਾਂ ਪਰ ਅੱਜ ਦੀ ਪੜ੍ਹਾਈ ਵਿਚ ਨਾ ਕਿਸੇ ਨੇ ਕਿਤਾਬੀ ਪੜ੍ਹਾਈ ਕਰਨੀ ਹੈ ਤੇ ਨਾ ਹੀ ਲਿਖਣਾ ਹੈ।”

ਮਾਸਟਰ ਗਿਆਨ ਸਿੰਘ ਅਜੇ ਅੱਗੇ ਬੋਲਣ ਹੀ ਲੱਗੇ ਸਨ ਕਿ ਇੱਕ ਬੱਚਾ ਕਲਾਸ ਰੂਮ ਦੇ ਦਰਵਾਜ਼ੇ ਕੋਲ ਆ ਕੇ ਬੋਲਿਆ, ”ਸਰ ਮੈਂ ਅੰਦਰ ਆ ਸਕਦਾ ਹਾਂ?” ਮਾਸਟਰ ਜੀ ਸਿਰ ਹਿਲਾ ਕੇ ਕਿਹਾ, ਆ ਜਾਓ! ਮਾਸਟਰ ਜੀ ਨੇ ਪੁੱਛਿਆ ਕੀ ਕੰਮ ਹੈ? ਤਾਂ ਬੱਚੇ ਨੇ ਕਿਹਾ, ”ਮਾਸਟਰ ਜੀ ਤੁਹਾਨੂੰ ਹੈੱਡ ਮਾਸਟਰ ਜੀ ਨੇ ਬੁਲਾਇਆ ਹੁਣੇ” ਮਾਸਟਰ ਗਿਆਨ ਸਿੰਘ ਕੁਰਸੀ ਤੋਂ ਖੜ੍ਹੇ ਹੁੰਦੇ ਹੋਏ ਬੋਲੇ, ”ਦੇਖੋ ਸ਼ਰਾਰਤ ਨਾ ਕਰਿਓ, ਮੈਂ ਹੁਣੇ ਆਇਆ ਪੰਜ ਮਿੰਟਾਂ ‘ਚ।” ਮਾਸਟਰ ਜੀ ਨੇ ਜਾਂਦੇ ਹੋਏ ਬੱਚਿਆਂ ਨੂੰ ਹਦਾਇਤ ਕੀਤੀ।

ਮਾਸਟਰ ਜੀ ਦੇ ਜਾਂਦਿਆਂ ਹੀ ਪੂਰੀ ਕਲਾਸ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ। ਕੋਈ ਕਹੇ, ਅੱਜ ਮਾਸਟਰ ਜੀ ਗਰਾਊਂਡ ਸਾਫ਼ ਕਰਵਾਉਣਗੇ, ਕੋਈ ਕਹੇ, ਪਾਰਕ ਸਾਫ਼ ਕਰਵਾਉਣਗੇ, ਕੋਈ ਕੁੱਝ ਤੇ ਕੋਈ ਕੁੱਝ ਪਰ ਮਾਸਟਰ ਜੀ ਦੇ ਮਨ ਦੀ ਗੱਲ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ। ਜਦੋਂ ਮਾਸਟਰ ਜੀ ਦਸ ਕੁ ਮਿੰਟਾਂ ਬਾਅਦ ਵਾਪਸ ਆਏ ਤਾਂ ਕਲਾਸ ਵਿਚ ਕਾਵਾਂਰੌਲੀ ਪਈ ਹੋਈ ਸੀ, ਜੋ ਉਨ੍ਹਾਂ ਦੇ ਆਉਂਦੇ ਸਾਰ ਹੀ ਸੰਨਾਟੇ ‘ਚ ਬਦਲ ਗਈ। ਮਾਸਟਰ ਗਿਆਨ ਸਿੰਘ ਨੇ ਮੁੜ ਕੁਰਸੀ ‘ਤੇ ਬੈਠਦਿਆਂ ਆਪਣੀ ਗੱਲ ਸ਼ੁਰੂ ਕਰਦੇ ਹੋਏ ਕਿਹਾ, ”ਹਾਂ ਬਈ ਬੱਚਿਓ! ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਅੱਜ ਆਪਾਂ ਨਾ ਪੜ੍ਹਨਾ ਨਾ ਲਿਖਣਾ ਹੈ” ਤਾਂ ਮੋਹਣ ਝੱਟ ਬੋਲਿਆ, ”ਫਿਰ ਹੋਰ ਕੀ ਕਰਾਂਗੇ?” ਮਾਸਟਰ ਜੀ ਹੱਸ ਕੇ ਬੋਲੇ, ”ਮੈਂ ਤੁਹਾਨੂੰ ਅੱਜ ਇੱਕ ਸਵਾਲ ਪਾਉਂਦਾ ਹਾਂ, ਜੋ ਉਸ ਦਾ ਸਭ ਤੋਂ ਵਧੀਆ ਉੱਤਰ ਦੇਵੇਗਾ। ਉਸਨੂੰ ਇੱਕ ਪੈੱਨ, ਕਾਪੀ ਤੇ ਨਗਦ ਇਨਾਮ ਵੀ ਮਿਲੇਗਾ।” ਸਾਰੇ ਬੱਚੇ ਮਾਸਟਰ ਜੀ ਦੇ ਮੂੰਹ ਵੱਲ ਤੱਕ ਰਹੇ ਸਨ। ਮਾਸਟਰ ਜੀ ਫਿਰ ਬੋਲੇ, ”ਹਾਂ ਬਈ ਤਿਆਰ ਹੋ ਸਾਰੇ?”

ਤਾਂ ਸਾਰੇ ਬੱਚੇ ਇੱਕ ਸੁਰ ਵਿਚ ਬੋਲੇ, ”ਹਾਂ ਮਾਸਟਰ ਜੀ” ਤਾਂ ਮਾਸਟਰ ਗਿਆਨ ਸਿੰਘ ਬੋਲੇ, ”ਚੰਗਾ ਫਿਰ ਇਹ ਦੱਸੋ ਕਿ ਸਾਡੇ ਲਈ ਚੂਹੇ ਜ਼ਿਆਦਾ ਖਤਰਨਾਕ ਹਨ ਜਾਂ ਫਿਰ ਸੱਪ?” ਸਭ ਨੇ ਵਾਰੋ-ਵਾਰੀ ਸੱਪ ਨੂੰ ਹੀ ਖ਼ਤਰਨਾਕ ਦੱਸਿਆ ਪਰ ਲਾਈਨ ਦੇ ਆਖੀਰ ਵਿਚ ਬੈਠੀ ਅਮਨ ਕਿਸੇ ਡੂੰਘੀ ਸੋਚ ਵਿਚ ਡੁੱਬੀ ਹੋਈ ਸੀ ਮਾਸਟਰ ਜੀ ਨੇ ਅਮਨ ਦੇ ਸੋਚ ਦੇ ਘੇਰੇ ਨੂੰ ਤੋੜਦੇ ਹੋਏ ਕਿਹਾ, ”ਅਮਨ ਬੇਟਾ! ਤੂੰ ਆਪਣਾ ਵਿਚਾਰ ਨਹੀਂ ਦਿੱਤਾ” ਤਾਂ ਅਮਨ ਖੜ੍ਹੀ ਹੋ ਕੇ ਬੋਲੀ, ”ਮਾਸਟਰ ਜੀ! ਮੈਂ ਮੰਨਦੀ ਹਾਂ ਕਿ ਸੱਪ ਜ਼ਹਿਰੀਲਾ ਹੋਣ ਕਰਕੇ ਖ਼ਤਰਨਾਕ ਹੈ, ਫਿਰ ਵੀ ਸੱਪ ਜ਼ਹਿਰੀਲਾ ਹੋਣ ਦੇ ਬਾਵਜੂਦ ਸਾਡਾ ਦੁਸ਼ਮਣ ਘੱਟ ਤੇ ਦੋਸਤ ਜ਼ਿਆਦਾ ਹੈ ਮਾਸਟਰ ਜੀ ਜਦੋਂ ਦੇ ਅਸੀਂ ਕਣਕ ਤੇ ਝੋਨੇ ਦੇ ਨਾੜ ਨੂੰ ਅੱਗ ਲਾਉਣ ਲੱਗੇ ਹਾਂ ਉਦੋਂ ਤੋਂ ਇਨ੍ਹਾਂ ਦੀ ਸੰਖਿਆ ਏਨੀ ਘਟ ਗਈ ਹੈ ਕਿ ਸਪੇਰਿਆਂ ਕੋਲ ਵੀ ਸੱਪ ਦੀ ਜਗ੍ਹਾ ‘ਕੱਲੀ ਬੀਨ ਰਹਿ ਗਈ ਹੈ।”

ਅਮਨ ਨੇ ਗੱਲ ਪੂਰੀ ਹੀ ਕੀਤੀ ਸੀ ਕਿ ਮਾਸਟਰ ਜੀ ਬੋਲੇ, ”ਅਮਨ! ਚੂਹਿਆਂ ਬਾਰੇ ਤੇਰਾ ਕੀ ਵਿਚਾਰ ਹੈ, ਕਿ ਸੱਪਾਂ ਨਾਲੋਂ ਚੂਹੇ ਵੱਧ ਖ਼ਤਰਨਾਕ ਹਨ ਸੱਪ ਵਿਚ ਜ਼ਹਿਰ ਹੁੰਦੀ ਹੈ ਉਹ ਸਾਡਾ ਦੋਸਤ ਹੈ ਤੇ ਚੂਹੇ ਵਿਚ ਜ਼ਹਿਰ ਨਹੀਂ ਹੁੰਦੀ ਉਹ ਸੱਪ ਤੋਂ ਵੱਧ ਖਤਰਨਾਕ ਹੁੰਦੇ ਹਨ, ਇਹ ਕਿਵੇਂ ਹੋ ਸਕਦਾ ਹੈ?” ਤਾਂ ਅਮਨ ਬੋਲੀ, ”ਮਾਸਟਰ ਜੀ! ਸਾਡੇ ਦੇਸ਼ ਦੀ ਆਬਾਦੀ ਦਿਨੋ-ਦਿਨ ਵਧਦੀ ਤੇ ਉਪਜਾਊ ਜ਼ਮੀਨ ਘਟਦੀ ਜਾ ਰਹੀ ਹੈ। ਦੂਸਰੇ ਪਾਸੇ ਇਹ ਚੂਹੇ ਹਰ ਸਾਲ ਗੋਦਾਮਾਂ ਦੇ ਨਾਲ ਖੇਤਾਂ ਤੇ ਘਰਾਂ ਵਿਚ ਵੱਡੇ ਪੱਧਰ ‘ਤੇ ਅਨਾਜ ਦਾ ਨੁਕਸਾਨ ਕਰਦੇ ਹਨ, ਇਸ ਲਈ ਚੂਹੇ ਸੱਪ ਨਾਲੋਂ ਵੱਧ ਖ਼ਤਰਨਾਕ ਹੁੰਦੇ ਹਨ ਤੇ ਸੱਪ ਚੂਹਿਆਂ ਨੂੰ ਖਾ ਕੇ ਸਾਡੇ ਲਈ ਹਰ ਸਾਲ ਵੱਡੇ ਪੱਧਰ ‘ਤੇ ਚੂਹਿਆਂ ਤੋਂ ਅੰਨ ਦੀ ਸੁਰੱਖਿਆ ਕਰਦੇ ਹਨ। ਇਸ ਲਈ ਸੱਪ ਸਾਡੇ ਸੱਚੇ ਮਿੱਤਰ ਜੀਵ ਹਨ।” ਅਮਨ ਦੀਆਂ ਵਜ਼ਨਦਾਰ ਗੱਲਾਂ ਸੁਣ ਕੇ ਮਾਸਟਰ ਜੀ ਕੁਰਸੀ ਤੋਂ ਉੱਠੇ ਅਤੇ ਤਾੜੀ ਮਾਰਦੇ ਹੋਏ ਅਮਨ ਕੋਲ ਆਏ ਅਤੇ ਆਪÎਣੀ ਜੇਬ੍ਹ ‘ਚੋਂ ਪਹਿਲਾਂ ਤੋਂ ਹੀ ਰੱਖਿਆ ਸ਼ਾਨਦਾਰ ਪੈੱਨ ਤੇ ਕਾਪੀ ਨਾਲ ਨਗਦ ਇਨਾਮ ਅਮਨ ਨੂੰ ਦੇ ਕੇ ਆਪਣੀ ਬੁੱਕਲ ਵਿੱਚ ਲੈ ਲਿਆ। ਸਾਰੇ ਬੱਚਿਆਂ ਨੇ ਜਿੱਥੇ ਸਹੀ ਨਜ਼ਰੀਏ ਦੀ ਪ੍ਰਸੰਸਾ ਕੀਤੀ, Àੁੱਥੇ ਹੀ ਅਮਨ ਨੂੰ ਇਨਾਮ ਮਿਲਣ ਦੀ ਵਧਾਈ ਵੀ ਦਿੱਤੀ।

ਬਲਵਿੰਦਰ ਅਜ਼ਾਦ,
 ਸੇਖਾ ਰੋਡ (ਬਰਨਾਲਾ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।