ਬੈਂਕ ਦੇ ਬਾਹਰ 3.5 ਲੱਖ ਲੁੱਟਕੇ ਮੋਟਰਸਾਈਕਲ ਲੁਟੇਰੇ ਫਰਾਰ

ਰਘਬੀਰ ਸਿੰਘ ਲੁਧਿਆਣਾ,
ਸਥਾਨਕ ਚੀਮਾ ਚੌਂਕ ਲਾਗੇ ਸਥਿੱਤ ਇੰਡੀਅਨ ਓਵਰਸੀਜ਼ ਬੈਂਕ ਦੇ ਬਾਹਰ ਇੱਕ ਵਿਅਕਤੀ ਤੋਂ ਮੋਟਰਸਾਈਕਲ ਸਵਾਰ ਦੋ ਲੁਟੇਰੇ 3.5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਲੁੱਟ ਦੀ ਵਾਰਦਾਤ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਪੁਲਿਸ ਫੁਟੇਜ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ‘ਚ ਜੁਟ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਵਿੰਦਰ ਨਰੂਲਾ (55) ਵਾਸੀ ਪ੍ਰੇਮ ਨਗਰ ਸਿਵਲ ਲਾਈਨ ਲੁਧਿਆਣਾ ਆਪਣੀ ਫੈਟਕਰੀ ਦੇ ਵਰਕਰਾਂ ਨੂੰ ਤਨਖਾਹ ਦੇਣ ਲਈ ਬੈਂਕ ‘ਚੋਂ ਪੈਸੇ ਕੱਢਵਾਉਣ ਆਇਆ ਸੀ। ਜਦੋਂ ਦਵਿੰਦਰ ਨਰੂਲਾ ਪੈਸੇ ਕੱਢਵਾ ਕੇ ਬੈਂਕ ਦੇ ਬਾਹਰ ਆਪਣੀ ਕਾਰ ‘ਚ ਬੈਠਣ ਲਈ ਕਾਰ ਦਾ ਲੌਕ ਖੋਲ੍ਹਣ ਲੱਗ ਪਿਆ। ਪਿੱਛੋਂ ਗਲਤ ਸਾਈਡ ਤੋਂ ਮੋਟਰਸਾਈਕਲ ‘ਤੇ ਆਏ ਦੋ ਲੁਟੇਰਿਆਂ ਨੇ ਦਵਿੰਦਰ ਨਰੂਲੇ ਦੀ ਕੱਛ ‘ਚ ਲਿਆ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਸੂਫੀਆਂ ਚੌਂਕ ਵੱਲ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਦਵਿੰਦਰ ਨਰੂਲੇ ਨੇ ਲੁਟੇਰਿਆਂ ਨੂੰ ਫੜਨ ਲਈ ਰੌਲਾ ਪਾਇਆ ਪ੍ਰੰਤੂ ਲੁਟੇਰੇ ਫਰਾਰ ਹੋ ਚੁੱਕੇ ਸਨ। ਉਨ੍ਹਾਂ ਕੁਝ ਦੂਰੀ ‘ਤੇ ਸਥਿੱਤ ਥਾਣਾ ਡਿਵੀਜਨ ਨੰਬਰ 6 ਹੇਠ ਆਉਂਦੀ ਜਨਕਪੁਰੀ ਚਂੌਕੀ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਂਚ ਅਧਿਕਾਰੀ ਜਸਵੀਰ ਸਿੰਘ ਨਾਲ ਗੱਲ ਕਰਨ ‘ਤੇ ਉਨ੍ਹਾਂ ਦੱਸਿਆ ਕਿ ਦਵਿੰਦਰ ਨਰੂਲਾ ਆਪਣੀ ਇੰਡਸਟਰੀਅਲ ਏਰੀਆ ਸਥਿੱਤ ਫੈਕਟਰੀ ਦੇ ਵਰਕਰਾਂ ਨੂੰ ਤਨਖਾਹ ਦੇਣ ਲਈ 2.5 ਲੱਖ ਰੁਪਏ ਘਰੋਂ ਲਿਆਇਆ ਸੀ ਤੇ ਬਾਕੀ ਇੱਕ ਲੱਖ ਰੁਪਏ ਉਨ੍ਹਾਂ ਨੇ ਬੈਂਕ ‘ਚੋਂ ਕੱਢਵਾਏ ਸਨ। ਕਾਰ ‘ਚ ਬੈਠਣ ਮੌਕੇ ਲੁਟੇਰਿਆਂ ਨੇ ਉਨ੍ਹਾਂ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜਿਸ ਪਾਸੇ ਲੁਟੇਰੇ ਫਰਾਰ ਹੋਏ ਹਨ ਉਸ ਰਸਤੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਲੈ ਕੇ ਜਾਂਚ ਕਰੇਗੀ।