ਬੋਰਡ ਦੇ ਸੁਪਰਡੈਂਟ ‘ਤੇ ਰਿਸ਼ਵਤ ਲੈਣ ਦੇ ਲੱਗੇ ਦੋਸ਼ਾਂ ਦੀ ਪੜਤਾਲ ਦੇ ਹੁਕਮ

ਕੁਲਵੰਤ ਕੋਟਲੀ ਮੋਹਾਲੀ,
ਮੀਡੀਆ ਵਿੱਚ ਗੁਰੂ ਹਰ ਗੋਬਿੰਦ ਪਬਲਿਕ ਸਕੂਲ ਕਾਉਕੇ ਕਲਾਂ ਦੇ 12 ਵੀਂ ਸ਼੍ਰੇਣੀ ਦੇ 5 ਵਿਦਿਆਰਥੀਆਂ ਦੇ ਗਰੁੱਪ ਬਦਲਣ ਲਈ ਬੋਰਡ ਦੇ ਇੱਕ ਸੁਪਰਡੈਂਟ ‘ਤੇ ਰਿਸ਼ਵਤ ਲੈਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਵੱਲੋਂ ਪ੍ਰੀਖਿਆ ਕੰਟਰੋਲਰ ਕਰਨਜਗਦੀਸ਼ ਕੌਰ ਨੂੰ ਇਸਦੀ ਮੁੱਢਲੀ ਪੜਤਾਲ ਕਰਕੇ ਦੋ ਦਿਨਾਂ ‘ਚ ਰਿਪੋਰਟ ਸੌਂਪਣ ਦੇ ਆਦੇਸ਼ ਜਾਰੀ ਕੀਤੇ ਹਨ।
ਸ੍ਰੀ ਢੋਲ ਨੇ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਜੇਕਰ ਕੋਈ ਬੋਰਡ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਬੋਰਡ ਦੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੋ ਪਿਛਲੇ ਕਈ ਸਾਲਾਂ ਤੋਂ ਇੱਕੋ ਸੀਟ ‘ਤੇ ਬੈਠੇ ਹਨ ਉਨ੍ਹਾਂ ਦੀ ਰਿਪੋਰਟ ਮੰਗੀ ਗਈ ਹੈ, ਜਿਸ ‘ਤੇ ਕਾਰਵਾਈ ਕਰਦੇ ਹੋਏ ਬਦਲੀਆਂ ਦੀ ਨਵੀਂ ਨੀਤੀ ਬਣਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਗੁਰੂ ਹਰ ਗੋਬਿੰਦ ਪਬਲਿਕ ਸਕੂਲ ਕਾਉਕੇ ਕਲਾਂ ਦੇ ਵਾਈਸ ਪ੍ਰਧਾਨ ਨਵਦੀਪ ਸਿੰਘ ਵੱਲੋਂ ਪਿਛਲੇ ਦਿਨੀ ਪ੍ਰੈੱਸ ਰਾਹੀਂ ਬੋਰਡ ਪ੍ਰੀਖਿਆ ਸ਼ਾਖਾ ਦੇ ਸੁਪਰਡੈਂਟ ਹਰਚਰਨ ਸਿੰਘ ‘ਤੇ ਰਿਸ਼ਵਤ ਲੈ ਕੇ ਕੰਮ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ‘ਤੇ 12 ਵੀਂ ਸ਼੍ਰੇਣੀ ਦੇ 5 ਵਿਦਿਆਰਥੀਆਂ ਦਾ ਗਰੁੱਪ ਬਦਲਾਉਣ ਦੇ ਨਾਂਅ ‘ਤੇ ਬੋਰਡ ਸੁਪਰਡੈਂਟ ਵੱਲੋਂ ਰਿਸ਼ਵਤ ਲੈਣ ਅਤੇ ਆਪਣੀ ਨਿਜੀ ਗੱਡੀ ਦੀ ਕਿਸ਼ਤ ਵੀ ਸਕੂਲ ਵੱਲੋਂ ਜਮ੍ਹਾਂ ਕਰਵਾਉਣ ਦੇ ਗੰਭੀਰ ਦੋਸ਼ ਲਗਾਏ ਗਏ ਸਨ।