ਪੰਜਾਬ

ਭਖੀ ਸਿਆਸਤ: ਮਜੀਠਾ ਤੋਂ ਰਿਲੀਜ਼ ਕਰਾਂਗੇ ‘ਉੜਤਾ ਪੰਜਾਬ’: ਅਮਰਿੰਦਰ

ਚੰਡੀਗੜ੍ਹ,  (ਅਸ਼ਵਨੀ ਚਾਵਲਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ 17 ਜੂਨ ਨੂੰ ਫ਼ਿਲਮ ‘ਉੜਤਾ ਪੰਜਾਬ’ ਦੇ ਰਿਲੀਜ਼ ਹੋਣ ਦੀ ਤਰੀਖ਼ ਵਾਲੇ ਦਿਨ ਅੰਮ੍ਰਿਤਸਰ ਦੇ ਮਜੀਠਾ ‘ਚ ਬਗੈਰ ਫਿਲਮ ਦਾ ਕੋਈ ਸੀਨ ਕੱਟੇ ਫਿਲਮ ਨੂੰ ਰਿਲੀਜ਼ ਕਰਨਗੇ ਤੇ ਜਿਹੜਾ ਉਨ੍ਹਾਂ ਨੂੰ ਰੋਕ ਸਕਦਾ ਹੈ, ਉਹ ਰੋਕ ਲਵੇ।
ਉਨ੍ਹਾਂ ਨੇ ਕਿਹਾ ਕਿ ਮੈਕਸੀਕੋ ਦੀ ਤਰ੍ਹਾਂ ਮਜੀਠਾ ਪੰਜਾਬ ‘ਚ ਨਸ਼ੇ ਦੇ ਵਪਾਰ ਦਾ ਕੇਂਦਰ ਬਣ ਚੁੱਕਾ ਹੈ, ਇਸੇ ਲਈ ਉਨ੍ਹਾਂ ਨੇ ਇੱਥੇ ਫਿਲਮ ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ।

ਕੈਪਟਨ ਅਮਰਿੰਦਰ ਨੇ ਫਿਲਮ ਦੇ ਨਿਰਮਾਣਕਾਰਾਂ ਅਨੁਰਾਗ ਕਸ਼ੱਯਪ ਤੇ ਏਕਤਾ ਕਪੂਰ ਨੂੰ ਚਿੱਠੀ ਲਿੱਖ ਕੇ ਉਨ੍ਹਾਂ ਨੂੰ ਫਿਲਮ ਦੀਆਂ ਬਗੈਰ ਕੱਟੀਆਂ ਸੀਡੀਜ਼ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਉਹ 17 ਜੂਨ ਨੂੰ ਵਿਸ਼ਵ ਭਰ ‘ਚ ਫਿਲਮ ਨੂੰ ਰਿਲੀਜ਼ ਕਰਨ ਲਈ ਤੈਅ ਤਰੀਕ ਵਾਲੇ ਦਿਨ ਇਨ੍ਹਾਂ ਨੂੰ ਰਿਲੀਜ਼ ਕਰ ਸਕਣ। ਸਾਬਕਾ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਮਜੀਠਾ ‘ਚ ਫਿਲਮ ਨੂੰ ਰਿਲੀਜ਼ ਕਰਨ ਦਾ ਉਦੇਸ਼ ਅਕਾਲੀਆਂ ਤੇ ਭਾਜਪਾ ਨੂੰ ਇਹ ਦੱਸਣਾ ਹੈ ਕਿ ਭਾਵੇਂ ਉਹ ਸੱਚਾਈ ਨੂੰ ਦਬਾਉਣ ਦੀ ਜਿੰਨੀ ਵੀ ਮਰਜ਼ੀ ਕੋਸ਼ਿਸ਼ ਕਰ ਲੈਣ, ਉਹ ਕਿਸੇ ਵੀ ਕੀਮਤ ‘ਤੇ ਉਸ ਤੋਂ ਪਰਦਾ ਚੁੱਕ ਕੇ ਰਹਿਣਗੇ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਇਸ਼ਾਰੇ ‘ਤੇ ਭਾਜਪਾ ਸੈਂਸਰ ਬੋਰਡ ਦੀ ਵਰਤੋਂ ਕਰਕੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਕੈਪਟਨ ਅਮਰਿੰਦਰ ਨੇ ਨਿਰਮਾਣਕਾਰਾਂ ਨੂੰ ਇਹ ਵੀ ਸਪੱਸ਼ਟ ਕੀਤਾ ਕਿ ਬਗੈਰ ਕੱਟੀ ਫਿਲਮ ਨੂੰ ਰਿਲੀਜ਼ ਕਰਨ ਸਬੰਧੀ ਸਾਰੀ ਕਾਨੂੰਨੀ ਜ਼ਿੰਮੇਵਾਰੀ ਸਿਰਫ ਉਨ੍ਹਾਂ ਦੀ ਹੋਵੇਗੀ।

ਪ੍ਰਸਿੱਧ ਖਬਰਾਂ

To Top