Breaking News

ਭਰਤਇੰਦਰ ਚਾਹਲ ‘ਤੇ ਮਿਹਰਬਾਨ ਸਰਕਾਰ!

ਭਰਤਇੰਦਰ ਚਾਹਲ ‘ਤੇ ਮਿਹਰਬਾਨ ਸਰਕਾਰ!

ਪਟਿਆਲਾ ਅਤੇ ਚੰਡੀਗੜ੍ਹ ਕੋਠੀ ਵਿੱਚ ਤੈਨਾਤ ਰਹਿਣਗੇ 5-5 ਸੁਰੱਖਿਆ ਕਰਮਚਾਰੀ
ਹਰ ਸਮੇਂ ਚਾਹਲ ਦੇ ਆਲ਼ੇ-ਦੁਆਲੇ ਰਹਿਣਗੇ 8 ਪੁਲਿਸ ਕਰਮਚਾਰੀ,
ਇੰਸਪੈਕਟਰ ਦੇ ਪੱਧਰ ਦਾ ਅਧਿਕਾਰੀ ਕਰੇਗਾ ਚਾਹਲ ਦੀ ਸਾਰੀ ਸੁਰਖਿਆ ਦੀ ਦੇਖ-ਰੇਖ
ਚੰਡੀਗੜ੍ਹ, ਅਸ਼ਵਨੀ ਚਾਵਲਾ
ਪੰਜਾਬ ਵਿੱਚੋਂ ਵੀਆਈਪੀ ਕਲਚਰ ਖ਼ਤਮ ਕਰਨ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ‘ਤੇ ਕਾਫ਼ੀ ਜ਼ਿਆਦਾ ਮਿਹਰਬਾਨ ਹੈ। ਭਰਤਇੰਦਰ ਸਿੰਘ ਚਾਹਲ ਦੀ ਸੁਰੱਖਿਆ ਦਸਤੇ ਵਿੱਚ 18 ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਲਦ ਹੀ ਭਰਤਇੰਦਰ ਚਾਹਲ ਨੂੰ ਵੀਆਈਪੀ ਸੁਰੱਖਿਆ ਕਵਚ ਮੁਹੱਈਆ ਕਰਵਾ ਦਿੱਤਾ ਜਾਵੇਗਾ। ਭਰਤਇੰਦਰ ਚਾਹਲ ਦੇ ਸੁਰੱਖਿਆ ਕਵਚ ਦੀ ਪੂਰੀ ਦੇਖ-ਰੇਖ ਇੱਕ ਇੰਸਪੈਕਟਰ ਪੱਧਰ ਦੇ ਅਧਿਕਾਰੀ ਦੇ ਹੱਥ ਵਿੱਚ ਰਹੇਗੀ।
ਜਾਣਕਾਰੀ ਅਨੁਸਾਰ ਭਰਤਇੰਦਰ ਸਿੰਘ ਚਾਹਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣਾ ਸਲਾਹਕਾਰ ਬਣਾਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਵੱਡਾ ਸੁਰੱਖਿਆ ਘੇਰਾ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਆਦੇਸ਼ ਜਾਰੀ ਕਰਕੇ ਭਰਤਇੰਦਰ ਸਿੰਘ ਚਾਹਲ ਦੀ ਪਟਿਆਲਾ ਵਿਖੇ ਸਥਿਤ ਕੋਠੀ ਵਿਖੇ ਸੁਰੱਖਿਆ ਮੁਹਾਈਆ ਕਰਵਾਉਣ ਲਈ 5 ਪੁਲਿਸ ਕਰਮਚਾਰੀ ਲਗਾਏ ਗਏ ਗਏ ਹਨ, ਜਿਸ ਵਿੱਚ ਇੱਕ ਸਬ-ਇੰਸਪੈਕਟਰ ਸ਼ਾਮਲ ਹੈ। ਇਸੇ ਤਰਾਂ ਚੰਡੀਗੜ ਵਿਖੇ ਮਿਲਣ ਵਾਲੀ ਸਰਕਾਰੀ ਕੋਠੀ ਵਿੱਚ ਵੀ 5 ਪੁਲਿਸ ਕਰਮਚਾਰੀ ਸੁਰੱਖਿਆ ਲਈ ਮੁਹਾਈਆ ਹੋਣਗੇ, ਜਿਸ ਦੀ ਅਗਵਾਈ ਏ.ਐਸ.ਆਈ. ਪੱਧਰ ਦੇ ਅਧਿਕਾਰੀ ਕੋਲ ਰਹੇਗੀ। ਇਸ ਤੋਂ ਇਲਾਵਾ ਇੱਕ ਇੰਸਪੈਕਟਰ ਸਣੇ 8 ਪੁਲਿਸ ਕਰਮਚਾਰੀ ਭਰਤਇੰਦਰ ਸਿੰਘ ਚਾਹਲ ਨਾਲ ਰਹਿਣਗੇ ਅਤੇ ਇੱਕ ਐਸਕਾਰਟ ਗੱਡੀ ਵੀ ਮੁਹਾਈਆ ਕਰਵਾਈ ਗਈ ਹੈ।

ਸੰਸਦ ਮੈਂਬਰ ਨੂੰ 4 ਅਤੇ ਵਿਧਾਇਕ ਨੂੰ ਮਿਲੇ ਹਨ 2 ਪੁਲਿਸ ਕਰਮਚਾਰੀ
ਪੰਜਾਬ ਵਿੱਚ ਮੌਜੂਦਾ ਸੰਸਦ ਮੈਂਬਰਾਂ ਨੂੰ 4 ਪੁਲਿਸ ਕਰਮਚਾਰੀ ਅਤੇ ਵਿਧਾਇਕਾਂ ਨੂੰ 2-2 ਪੁਲਿਸ ਕਰਮਚਾਰੀ ਇਨ੍ਹਾਂ ਦੀ ਸੁਰੱਖਿਆ ਲਈ ਤੈਨਾਤ ਕੀਤੇ ਗਏ ਹਨ। ਹਾਲਾਂਕਿ ਦੋ ਹਫ਼ਤੇ ਪਹਿਲਾਂ ਪੰਜਾਬ ਦੇ ਸੰਸਦ ਮੈਂਬਰਾਂ ਕੋਲ 6 ਤੋਂ ਲੈ ਕੇ 12 ਤੱਕ ਅਤੇ ਵਿਧਾਇਕਾਂ ਕੋਲ 4 ਤੋਂ ਲੈ ਕੇ 10 ਤੱਕ ਪੁਲਿਸ ਕਰਮਚਾਰੀ ਉਨ੍ਹਾਂ ਦੀ ਸੁਰੱਖਿਆ ਵਿੱਚ ਤੈਨਾਤ ਸਨ ਪਰ ਵੀਆਈਪੀ ਕਲਚਰ ਖ਼ਤਮ ਕਰਨ ਦੇ ਨਾਂਅ ‘ਤੇ ਇਨ੍ਹਾਂ ਮੌਜੂਦਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਤੋਂ ਵਾਧੂ ਪੁਲਿਸ ਕਰਮਚਾਰੀਆਂ ਨੂੰ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ।

ਪ੍ਰਸਿੱਧ ਖਬਰਾਂ

To Top