ਭਾਜਪਾ ਕੌਂਸਲਰ ਨਸ਼ੀਲੇ ਟੀਕਿਆਂ ਸਮੇਤ ਪੁਲਿਸ ਅੜਿੱਕੇ

ਖੁਸ਼ਵੀਰ ਸਿੰਘ ਤੂਰ ਪਟਿਆਲਾ,
ਭਾਰਤੀ ਜਨਤਾ ਪਾਰਟੀ ਦੇ ਬੰਗਾ ਤੋਂ ਕੌਂਸਲਰ ਸਮੇਤ ਤਿੰਨ ਵਿਅਕਤੀਆਂ ਨੂੰ ਟਾਟਾ ਸਫਾਰੀ ਕਾਰ ‘ਚ 1000 ਨਸ਼ੀਲੇ ਟੀਕਿਆਂ ਸਮੇਤ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਵੱਲੋਂ ਕਾਰ ਅੱਗੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਦੀ ਨੇਮ ਪਲੇਟ ਲਗਾਈ ਹੋਈ ਸੀ, ਤਾਂ ਜੋ ਪੁਲਿਸ ‘ਤੇ ਰੋਹਬ ਜਮਾ ਕੇ ਚੈਕਿੰਗ ਤੋਂ ਬਚਿਆ ਜਾ ਸਕੇ।
ਜਾਣਕਾਰੀ ਦਿੰਦਿਆਂ ਥਾਣਾ ਸਦਰ ਰਾਜਪੁਰਾ ਦੇ ਐਸ.ਐਚ.ਓ. ਜਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਇਸ ਦੌਰਾਨ ਜਦੋਂ ਉਨ੍ਹਾਂ ਟਾਟਾ ਸਫਾਰੀ ਗੱਡੀ ਨੂੰ ਰੋਕ ਕੇ ਉਸਦੀ ਚੈਕਿੰਗ ਕੀਤੀ ਗਈ ਤਾਂ ਇਸ ‘ਚੋਂ 1000 ਨਸ਼ੀਲੇ ਟੀਕੇ ਬਰਾਮਦ ਹੋਏ। ਗੱਡੀ ‘ਚ ਸਵਾਰ ਵਿਅਕਤੀਆਂ ਦੀ ਪਛਾਣ ਬੰਗਾ ਤੋਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਸਚਿਨ ਘਈ , ਪਰਮਜੀਤ ਸਿੰਘ ਤੇ ਅਜੈ ਕੁਮਾਰ ਵਾਸੀ ਬੰਗਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਟੀਕੇ ਯੂ.ਪੀ. ਤੋਂ ਲੈ ਕੇ ਆਏ ਸਨ, ਜੋਕਿ ਅੱਗੇ ਸਪਲਾਈ ਕਰਨੇ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਪੁਲਸੀਆ ਕਾਰਵਾਈ ਤੋਂ ਬਚਣ ਲਈ ਆਪਣੀ ਟਾਟਾ ਸਫਾਰੀ ਗੱਡੀ ਅੱਗੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਦੀ ਨੇਮ ਪਲੇਟ ਲਗਾਈ ਹੋਈ ਸੀ, ਤਾਂ ਜੋ ਰਾਜਨੀਤਿਕ ਪਹੁੰਚ ਦੇ ਦਬਦਬੇ ਹੇਠ ਇਸ ਕਾਲੇ ਧੰਦੇ ਨੂੰ ਬੇਰੋਕ ਅੰਜ਼ਾਮ ਦਿੱਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।