ਭ੍ਰਿਸ਼ਟਾਚਾਰ ਦਾ ਜਿੰਨ

ਭ੍ਰਿਸ਼ਟਾਚਾਰ ਦਾ ਜਿੰਨ ਅਜੇ ਵੀ ਭਾਰਤ ਲਈ ਸਮੱਸਿਆ ਬਣਿਆ ਹੋਇਆ ਹੈ ਦੁਨੀਅਜ਼ ਭਰ ‘ਚ ਭ੍ਰਿਸ਼ਟਾਚਾਰ ਬਾਰੇ ਸਰਵੇਖਣ ਕਰਨ ਵਾਲੀ ਸੰਸਥਾ ‘ਟਰਾਂਸਪੇਰੈਂਸੀ ਇੰਟਰਨੈਸ਼ਨਲ’ ਨੇ ਦਾਅਵਾ ਕੀਤਾ ਹੈ  ਕਿ 69 ਫੀਸਦੀ ਭਾਰਤੀਆਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਇਸ ਮਾਮਲੇ ‘ਚ ਭਾਰਤ ਨੂੰ ਆਪਣੇ ਕਈ ਗੁਆਂਢੀ ਮੁਲਕਾਂ ਨਾਲੋਂ ਵੱਧ ਭ੍ਰਿਸ਼ਟਾਚਾਰ ਵਾਲਾ ਵਿਖਾਇਆ ਗਿਆ ਹੈ ਭਾਵੇਂ ਕੇਂਦਰ ਸਰਕਾਰ ਤੇ ਕੁਝ ਰਾਜ ਸਰਕਾਰਾਂ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਜੰਗ ਤੇਜ਼ ਕੀਤੀ ਹੋਈ ਹੈ ਪਰ ‘ਟਰਾਂਸਪੇਰੈਂਸੀ ਇੰਟਰਨੈਸ਼ਨਲ’ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਿਆ ਵੀ ਨਹੀਂ ਜਾ ਸਕਦਾ ਰੋਜ਼ਾਨਾ ਹੀ ਛੋਟੇ ਤੋਂ ਛੋਟੇ ਮੁਲਾਜ਼ਮਾਂ ਤੋਂ ਲੈ ਕੇ ਵੱਡੇ ਤੋਂ ਵੱਡੇ ਅਧਿਕਾਰੀਆਂ ਦੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜੇ ਜਾਣ ਦੀਆਂ ਰਿਪੋਰਟਾਂ ਛਪਦੀਆਂ ਹਨ ਮੋਦੀ ਸਰਕਾਰ ਨੇ ਕੇਂਦਰੀ ਪੱਧਰ ਖਾਸਕਰ ਮੰਤਰਾਲਿਆਂ ਦੇ ਕੰਮ ਕਾਰ ‘ਚ ਸੁਧਾਰ ਕੀਤਾ ਹੈ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਿੰਮਤ ਤੇ ਮਿਹਨਤ ਹੈ ਕਿ ਉਹਨਾਂ ਆਪਣੇ ਦਫ਼ਤਰ ਦੇ ਅਧਿਕਾਰੀਆਂ ਦੀ ਕਲਾਸ ਤੱਕ ਵੀ ਲਾ ਦਿੱਤੀ ਜਿਹੜੇ ਖੇਤੀ ਸਬੰਧੀ ਅਧੂਰੀ ਪ੍ਰੈਜੈਟੇਂਸ਼ਨ ਲੈ ਕੇ ਉਹਨਾਂ ਕੋਲ ਸਨ ਪ੍ਰਧਾਨ ਮੰਤਰੀ ਨੇ ਖਾਸ ਕਰਕੇ ਭਾਜਪਾ ਸਾਸਦਾਂ ਨੂੰ ਵੀ ਆਪਣੇ ਕੰਮ ਪ੍ਰਤੀ ਗੰਭੀਰ ਹੋਣ ਲਈ ਪ੍ਰੇਰਿਤ ਕੀਤਾ ਸੀ ਪਰ ਰਾਜਾਂ ਦੇ ਪੱਧਰ ‘ਤੇ ਕੋਈ ਖਾਸ ਸੁਧਾਰ ਨਹੀਂ ਹੋ ਸਕਿਆ ਭਾਵੇਂ ਹਰਿਆਣਾ ਦੀ ਮਨੋਹਰ ਲਾਲ ਸਰਕਾਰ ਨੇ ਸੀਐੱਮ ਵਿੰਡੋ ਪ੍ਰਣਾਲੀ ਸ਼ੁਰੂ ਕਰਕੇ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਕੀਤਾ ਹੈ ਪਰ ਬਹੁਤੇ ਰਾਜਾਂ ਅੰਦਰ ਸਿਆਸੀ ਆਗੂਆਂ ਦੇ ਫੋਨ ਤੋਂ ਬਿਨਾ, ਪੈਸੇ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੁੰਦਾ ਲੋਕ ਵੀ ਇਸ ਆਦਤ ਦੇ ਸ਼ਿਕਾਰ ਹੋ ਗਏ ਹਨ ਕਿ ਜੇਕਰ ਕੋਈ ਵਿਰਲਾ ਅਫ਼ਸਰ ਜਾਂ ਮੁਲਾਜ਼ਮ ਬਿਨਾ ਪੈਸੇ ਲਿਆਂ ਵੀ ਕੰਮ ਕਰ ਰਿਹਾ ਹੋਵੇ ਤਾਂ ਲੋਕ ਪੈਸੇ ਦੇਣ ਲਈ ਤਿਆਰ ਹੀ ਹੁੰਦੇ ਹਨ ਪੈਸੇ ਤੋਂ ਬਿਨਾ ਕੰਮ ਹੋ ਜਾਣਾ ਲੋਕਾਂ ਨੂੰ ਅਜੂਬਾ ਲੱਗਦਾ ਹੈ ਪੈਸੇ ਤੋਂ ਬਿਨਾਂ ਚੱਕਰ ਕਟਾਉਣ ਦਾ ਅਜਿਹਾ ਚੱਕਰ ਪੈਂਦਾ ਹੈ ਕਿ ਆਦਮੀ ਦਾ ਸਿਰ ਚੱਕਰ ਖਾਣ ਲੱਗਦਾ ਹੈ ਹਾਲਾਤ ਅਜਿਹੇ ਹਨ ਕਿ ਦੋ ਟਰੈਕਟਰਾਂ ਦੇ ਮਾਲਕ ਤੇ 50 ਕਿੱਲੇ ਜ਼ਮੀਨ ਵਾਲਾ ਪਰਿਵਾਰ ਵੀ ਆਪਣੀ ਸਿਆਸੀ ਪਹੁੰਚ ਜਾਂ ਰਿਸ਼ਵਤ ਨਾਲ ਬੀਪੀਐੱਲ ਕਾਰਡ ਬਣਾਉਣ ‘ਚ ਕਾਮਯਾਬ ਹੋ ਜਾਂਦਾ ਹੈ ਲੋਕ ਹਵੇਲੀ ਵਰਗੇ ਘਰ ਦੇ ਦਰਵਾਜੇ ‘ਤੇ ਬੀਪੀਐੱਲ ਪਰਿਵਾਰ ਲਿਖਵਾਉਣ ਤੋਂ ਵੀ ਸੰਗ ਨਹੀਂ ਕਰਦੇ ਇਸੇ ਤਰ੍ਹਾਂ 10-12 ਕਿੱਲਿਆਂ ਦੇ ਮਾਲਕ ਜਿੰਮੀਂਦਾਰ ਨਰੇਗਾ ਕਾਰਡ ਵੀ ਬਣਵਾਈ ਫਿਰਦੇ ਹਨ ਜਦੋਂ ਕਈ ਵਿਧਵਾਵਾਂ ਤੇ ਬਜ਼ੁਰਗ ਆਪਣੀ ਪੈਨਸ਼ਨ ਖਾਤਰ ਧੱਕੇ ਖਾਣ ਲਈ ਮਜ਼ਬੂਰ ਹੁੰਦੇ ਹਨ ਪੰਜਾਬ ਸਰਕਾਰ ਨੇ ‘ਸੇਵਾ ਅਧਿਕਾਰ ਐਕਟ’ ਲਾਗੂ ਕਰਕੇ ਲੋਕਾਂ ਦੇ ਕੰਮ ਸਮਾਂਬੱਧ ਕਰਨ ਲਈ ਕਦਮ ਚੁੱਕਿਆ ਸੀ ਪਰ ਸਰਕਾਰ ਦੀ ਇੱਛਾ ਸ਼ਕਤੀ ਦੀ ਘਾਟ ‘ਤੇ ਚਲਾਕ ਅਫ਼ਸ਼ਾਹੀ ਕਾਰਨ ਇਹ ਕਾਨੂੰਨ ਧੂੜ ‘ਚ ਉੱਡ ਗਿਆ ਸੂਚਨਾ ਅਧਿਕਾਰ ਐਕਟ ਦਾ ਅਸਰ ਹੋਇਆ ਪਰ ਆਮ ਲੋਕ ਇਸ ਅਧਿਕਾਰ ਦੀ ਵਰਤੋਂ ਬਾਰੇ ਜਾਗਰੂਕ ਨਹੀਂ ਹੋ ਸਕੇ  ਭ੍ਰਿਸ਼ਟਾਚਾਰ ਰਹਿਤ ਸਮਾਜ ਹੀ ਸੁਖੀ ਤੇ ਬਰਾਬਰਤਾ ਦੀ ਭਾਵਨਾ ਵਾਲਾ ਬਣਦਾ ਹੈ ਰਿਸ਼ਵਤ ਲੈਣ ਵਾਲੇ ਹੋਰਾਂ ਨੂੰ ਗਰੀਬ ਕਰ ਕੇ ਅਮੀਰੀ ਹਾਸਲ ਕਰਦੇ ਹਨ ਅਜਿਹਾ ਪ੍ਰਬੰਧ ਅਖੀਰ ‘ਚ ਬੇਚੈਨੀ ਪੈਦਾ ਕਰਦਾ ਹੈ ਜੋ ਕਈ ਵਾਰ ਉਥਲ-ਪੁਥਲ ਵੀ ਲੈ ਆਉਂਦਾ ਹੈ ਮਨੁੱਖ ਦੀ ਮਨੁੱਖ ਪ੍ਰਤੀ ਸਨਮਾਨ ਤੇ ਸਮਾਨਤਾ ਦੀ ਭਾਵਨਾ ਰਿਸ਼ਵਤਖੋਰੀ ਤੇ ਹੋਰ ਬੁਰਾਈਆਂ ਦਾ ਅੰਤ ਕਰ ਸਕਦੀ ਹੈ ਸੋ ਭ੍ਰਿਸ਼ਟਾਚਾਰ ਸਮਾਜ ਤੇ ਦੇਸ਼ ਦੇ ਰਾਹ ਵਿੱਚ ਭਾਰੀ ਰੁਕਾਵਟ ਹੈ