ਫੀਚਰ

ਮਸ਼ੀਨੀਕਰਨ ਨੇ ਖੋਹੀ ‘ਘੁੰਗਰੂਆਂ ਵਾਲੀਆਂ ਦਾਤੀਆਂ’ ਦੀ ਸਰਦਾਰੀ

ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਖੇਤੀਬਾੜੀ ਦਾ ਸਾਰਾ ਕੰਮਕਾਰ ਆਪਣੇ ਹੱਥੀਂ ਕਰਿਆ ਕਰਦੇ ਸਨ। ਕੰਮ ਦਾ ਜਦੋਂ ਪੂਰਾ ਜ਼ੋਰ ਹੁੰਦਾ ਸੀ ਉਦੋਂ ਲੋਕ ਵੱਡੇ ਤੜਕੇ (ਸਵੇਰੇ) ਹੀ ਬਲਦ ਲੈ ਕੇ ਆਪਣੇ ਖੇਤਾਂ ਵੱਲ ਵਾਹ-ਵਹਾਈ ਆਦਿ ਲਈ ਚੱਲ ਪੈਂਦੇ ਸਨ। ਉਦੋਂ ਲੋਕ ਦੂਸਰੇ ‘ਤੇ ਨਿਰਭਰ ਨਹੀਂ ਹੁੰਦੇ ਸਨ, ਸਭ ਆਪਣੀ ਮਰਜ਼ੀ ਨਾਲ ਕੰਮ ਕਰਦੇ ਰਹਿੰਦੇ ਸੀ। ਉਨ੍ਹਾਂ ਸਮਿਆਂ ‘ਚ ਲੋਕਾਂ ਦੇ ਭਰਵੇਂ ਜੁੱਸੇ ਵਾਲੇ ਸਰੀਰਾਂ ਵਿੱਚ ਚੰਗੀ ਊਰਜਾ ਹੁੰਦੀ ਸੀ ਕਿਉਂਕਿ ਉਦੋਂ ਸਾਰੀਆਂ ਚੀਜ਼ਾਂ ਆਪਣੇ ਹੱਥੀਂ ਤਿਆਰ ਕਰਨ ਕਰਕੇ ਮਿਲਾਵਟ ਰਹਿਤ ਹੁੰਦੀਆਂ ਸਨ। ਜਿਸ ਕਰਕੇ ਲੋਕ ਤੰਦਰੁਸਤ ਅਤੇ ਬਿਮਾਰੀਆਂ ਤੋਂ ਰਹਿਤ ਜੀਵਨ ਜਿਉਂਦੇ ਸਨ। ਮਸ਼ੀਨੀਕਰਨ ਨਾ ਹੋਣ ਕਾਰਨ ਸਭ ਕੰਮ ਆਪਣੇ ਢੰਗ ਨਾਲ ਕੀਤੇ ਜਾਂਦੇ ਸਨ। ਪਰ ਮੌਜੂਦਾ ਸਮੇਂ ਵਿੱਚ ਉਪਰੋਕਤ ਦਰਸਾਈਆਂ ਗਈਆਂ ਸਤਰਾਂ ਸਿਰਫ਼ ਗੱਲਾਂ ਬਣ ਕੇ ਰਹਿ ਗਈਆਂ ਹਨ। ਹੁਣ ਕੋਈ ਵੀ ਆਦਮੀ ਆਪਣਾ ਕੰਮਕਾਜ ਹੱਥੀਂ ਕਰਨ ਤੋਂ ਟਲਦਾ ਹੈ, ਸਭ ਕੁੱਝ ਮਸ਼ੀਨੀਕਰਨ ਵਿਚ ਤਬਦੀਲ ਹੋ ਚੁੱਕਾ ਹੈ। ਸਾਰੇ ਕੰਮ ਮਸ਼ੀਨਾਂ ਨਾਲ ਹੋਣ ਲੱਗ ਪਏ ਹਨ। ਸਮੇਂ ਦੀ ਘਾਟ ਹੋਣ ਕਰਕੇ ਹਰੇਕ ਆਦਮੀ  ਕੰਮਕਾਜ ਜ਼ਲਦੀ ਕਰਵਾਉਣ ਲਈ ਮਸ਼ੀਨੀਕਰਨ ਨੂੰ ਜ਼ਿਆਦਾ ਤਰਜ਼ੀਹ ਦੇਣ ਲੱਗ ਪਿਆ ਹੈ। ਲੋਕ ਇੰਜ ਸੋਝਦੇ ਹਨ ਕਿ ਖਰਚਾ ਭਾਵੇਂ ਵੱਧ ਹੋ ਜਾਵੇ ਪਰ ਆਪ ਨੂੰ ਕੋਈ ਕੰਮ ਨਾ ਕਰਨਾ ਪਵੇ, ਸਾਰਾ ਕੰਮ ਜ਼ਲਦੀ ਅਤੇ ਆਸਾਨੀ ਨਾਲ ਹੋ ਜਾਵੇ।

ਜੇਕਰ ਗੱਲ ਕਰੀਏ ਮੌਜੂਦਾ ਸਮੇਂ ਦੀ ਤਾਂ ਹੁਣ ਹਾੜੀ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ ਭਾਵ ਕਣਕ ਪੱਕ ਗਈ ਹੈ ਤੇ ਵਾਢੀ ਸ਼ੁਰੂ ਹੋ ਗਈ ਹੈ। ਕਣਕ ਦੀ ਫ਼ਸਲ ਹਰੇ ਰੰਗ ਤੋਂ ਸੁਨਹਿਰੀ ਰੰਗ ਵਿਚ ਤਬਦੀਲ ਹੋ ਗਈ ਹੈ ਜੋ ਕੁੱਝ ਸਮਾਂ ਪਿਛੇਤੀਆਂ ਹਨ ਉਹਨਾਂ ਦਾ ਰੰਗ ਵੀ ਤੇਜ਼ੀ ਨਾਲ ਬਦਲ ਰਿਹਾ ਹੈ। ਸਾਰੇ ਮਜ਼ਦੂਰਾਂ ਨੂੰ ਇਸ ਸਮੇਂ ਆਸ ਹੁੰਦੀ ਹੈ ਕਿ ਉਹ ਕਣਕ ਦੀ ਵਢਾਈ ਕਰਕੇ ਆਪਣੇ ਪਰਿਵਾਰ ਲਈ ਦਾਣੇ ਇਕੱਠੇ ਕਰ ਲੈਣਗੇ। ਪਰੰਤੂ ਹੁਣ ਇਨ੍ਹਾਂ ਦੀਆਂ ਆਸਾਂ ‘ਤੇ ਮਸ਼ੀਨੀਕਰਨ ਦੇ ਯੁੱਗ ਨੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਹੁਣ ਜ਼ਿਆਦਾਤਰ ਲੋਕ ਕਣਕ ਦੀ ਵਾਢੀ ਕੰਬਾਇਨਾਂ ਤੋਂ ਕਰਵਾਉਣ ਲੱਗ ਪਏ ਹਨ। ਕੰਬਾਇਨ ਨਾਲ ਵਢਾਈ ਕਰਵਾਉਣ ਵਾਲੇ ਕਿਸਾਨਾਂ ਵਿਚ ਆਈ ਵਾਰ ਵਾਧਾ ਹੋ ਰਿਹਾ ਹੈ। ਇਸ ਵਾਰ ਤਾਂ 80-90 ਫ਼ੀਸਦੀ ਲੋਕ ਕੰਬਾਇਨਾਂ ਤੋਂ ਕਟਾਈ ਕਰਵਾ ਰਹੇ ਹਨ। ਜਿਸ ਦਾ ਅੰਦਾਜ਼ਾ ਅੱਜ ਤੋਂ ਦੋ ਮਹੀਨੇ ਪਹਿਲਾਂ ਲੱਗ ਜਾਣ ਲੱਗ ਪਿਆ ਸੀ, ਕਿਉਂ ਕਿ ਲੰਘੇ ਸਮਿਆਂ ਵਿਚ ਲੋਕ, ਜਿਨ੍ਹਾਂ ਨੇ ਕਣਕ ਦੀ ਹੱਥੀਂ ਵਢਾਈ ਕਰਵਾਉਣੀ ਹੁੰਦੀ ਸੀ, ਉਹ ਦੋ-ਤਿੰਨ ਮਹੀਨੇ ਪਹਿਲਾਂ ਹੀ ਪਰਾਲੀ ਦੇ ਸੁੱਬ ਵੱਟਣ ਲੱਗ ਪੈਂਦੇ ਸਨ। ਪਰ ਹੁਣ ਸੁੱਬ ਵੱਟਦੇ ਲੋਕੀਂ ਟਾਵੇਂ-ਟਾਵੇਂ ਦੇਖੇ ਗਏ ਹਨ।

ਜਿਵੇਂ ਅਨੇਕਾਂ ਪੰਜਾਬੀ ਦੀਆਂ ਕਹਾਵਤਾਂ ਪ੍ਰਸਿੱਧ ਹਨ ਜੋ ਵੱਖ-ਵੱਖ ਸਮਿਆਂ, ਰੁੱਤਾਂ ਅਤੇ ਖੇਤੀ ਦੇ ਸੰਦਾਂ ਲਈ ਵਰਤੀਆਂ ਜਾਂਦੀਆਂ ਹਨ। ਉਨ੍ਹਾਂ ਵਿੱਚੋਂ ਹੀ ਦਾਤੀ ਲਈ ਵੀ ਇੱਕ ਕਹਾਵਤ ਲਈ ਪ੍ਰਸਿੱਧ ਹੈ ਕਿ ‘ਦਾਤੀ ਨੂੰ ਲਵਾ ਦੇ ਘੁੰਗਰੂ, ਹਾੜੀ ਵੱਢੂੰਗੀ ਬਰਾਬਰ ਤੇਰੇ’। ਪਰ ਹੁਣ ਘੁੰਗਰੂਆਂ ਵਾਲੀ ਦਾਤੀ ਦੀ ਸਰਦਾਰੀ ਮਸ਼ੀਨੀਕਰਨ ਨੇ ਖੋਹ ਲਈ ਹੈ। ਇਸ ਵਾਰ ਤਾਂ ਦਾਤੀ ਬਹੁਤ ਘੱਟ ਹੀ ਕਣਕ ਦੀ ਵਾਢੀ ਕਰ ਰਹੀ ਹੈ। ਸਭ ਜ਼ਲਦੀ ਕੰਮ ਨਬੇੜ ਕੇ ਵਿਹਲੇ ਹੋਣ ਦੀ ਤਾਕ ਵਿੱਚ ਹਨ। ਕਿਸਾਨਾਂ ਨੇ ਦੱਸਿਆ ਕਿ ਹੱਥੀਂ ਕਣਕ ਵਢਾਉਣ ਵਿਚ ਲੰਮਾ ਸਮਾਂ ਲੱਗ ਜਾਂਦਾ ਸੀ। ਪਹਿਲਾਂ ਤਾਂ ਕਣਕ ਵਢਾਉਣ ਲਈ ਲੇਬਰ ਦਾ ਪ੍ਰਬੰਧ ਬੜੀ ਮੁਸ਼ਕਿਲ ਨਾਲ ਹੁੰਦਾ ਸੀ ਕਿਉਂਕਿ ਲੇਬਰ ਦੀ ਵੱਡੀ ਘਾਟ ਪੈ ਚੁੱਕੀ ਹੈ। ਫਿਰ ਲੇਬਰ ਦੇ ਖਰਚੇ ਬਹੁਤ ਪੈਣ ਲੱਗ ਪਏ। ਮਹਿੰਗਾਈ ਵਧਣ ਕਰਕੇ ਕਣਕ ਦੀ ਹੱਥੀਂ ਵਢਾਈ ਦਾ ਕੰਬਾਇਨ ਦੀ ਵਢਾਈ ਨਾਲੋਂ ਜ਼ਿਆਦਾ ਖਰਚਾ ਪੈਂਦਾ ਹੈ।

ਬੇਸ਼ੱਕ ਰੀਪਰ ਨਾਲ ਤੂੜੀ ਬਣਾਉਣ ਨਾਲ ਤੂੜੀ ਤਾਂ ਜ਼ਰੂਰ ਘੱਟ ਬਣਦੀ ਹੈ ਪਰ ਕੰਮ ਜ਼ਲਦੀ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿੰਨਾ ਸਮਾਂ ਫ਼ਸਲ ਦੀ ਸਾਂਭ-ਸੰਭਾਈ ਨਹੀਂ ਹੁੰਦੀ ਓਨਾ ਸਮਾਂ ਫਿਕਰ ਲੱਗਿਆ ਰਹਿੰਦਾ ਹੈ ਕਿ ਕਿਧਰੇ ਕੋਈ ਕੁਦਰਤੀ ਕਰੋਪੀ ਹੀ ਨਾ ਹੋ ਜਾਵੇ। ਹੱਥੀਂ ਵਢਾਈ ਕਰਨ ਤੋਂ ਬਾਅਦ ਭਰੀਆਂ ਬੰਨ੍ਹ ਕੇ ਖੇਤ ਵਿਚ ਰੱਖਣੀਆਂ ਪੈਂਦੀਆਂ ਹਨ। ਫਿਰ ਕਣਕ ਤਾਂ ਹੜੰਬੇ ਨਾਲ ਕਢਵਾ ਕੇ ਸਾਂਭ ਲਈ ਜਾਂਦੀ ਹੈ ਪਰ ਤੂੜੀ ਫਿਰ ਖੇਤ ਵਿਚ ਰਹਿ ਜਾਂਦੀ ਹੈ। ਡਰ ਬਣਿਆ ਰਹਿੰਦਾ ਹੈ ਕਿ ਕਿਤੇ ਹਨ੍ਹੇਰੀ ਆਦਿ ਨਾਲ ਉੱਡ ਨਾ ਜਾਵੇ, ਪਰ ਕੰਬਾਇਨ ਨਾਲ ਵਢਾਈ ਕਰਵਾ ਕੇ ਸਾਰਾ ਕੰਮ ਜਲਦੀ ਤੇ ਆਸਾਨੀ ਨਾਲ ਖਤਮ ਹੋ ਜਾਂਦਾ ਹੈ।

ਇੱਕ ਦਿਨ ਵਿਚ ਕੰਬਾਇਨ ਵੱਢ ਦਿੰਦੀ ਹੈ ਅਤੇ ਦੋ-ਚਾਰ ਦਿਨ ਬਾਅਦ ਤੂੜੀ ਰੀਪਰ ਨਾਲ ਬਣਾ ਕੇ ਸਾਂਭ ਲਈ ਜਾਂਦੀ ਹੈ। ਜਿਸ ਕਰਕੇ ਸਾਰਾ ਕੰਮ ਜਲਦੀ ਨੇਪਰੇ ਚੜ੍ਹ ਜਾਂਦਾ ਹੈ। ਹੁਣ ਬਹੁਤ ਕਿਸਾਨਾਂ ਨੇ ਆਪਣੇ ਹੜੰਬੇ ਵੇਚ ਕੇ ਤੂੜੀ ਬਣਾਉਣ ਵਾਲੇ ਰੀਪਰ ਖਰੀਦ ਲਏ ਹਨ। ਜਿਸ ਕਰਕੇ ਜੋ ਲੋਕ ਹੱਥੀਂ ਵਾਢੀ ਕਰਵਾਉਂਦੇ ਹਨ ਉਨ੍ਹਾਂ ਨੂੰ ਹੜੰਬੇ ਬਹੁਤ ਮੁਸ਼ਕਿਲ ਨਾਲ ਮਿਲਦੇ ਹਨ। ਦਾਤੀ ਰਿਪੇਅਰ ਕਰਨ ਵਾਲੇ ਕਾਰੀਗਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਮੇਂ ਪੂਰੀ ਆਸ ਹੁੰਦੀ ਸੀ ਕਿ ਇਸ ਵਾਰ ਚੰਗਾ ਕੰਮ ਕਰਕੇ ਚੰਗਾ ਮੁਨਾਫਾ ਕਮਾ ਲੈਣਗੇ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਲੋਕ ਦਾਤੀਆਂ ਨਵੀਆਂ ਤੇ ਪੁਰਾਣੀਆਂ ਦੀ ਰਿਪੇਅਰ ਕਰਵਾਉਣ ਆਉਂਦੇ ਰਹਿੰਦੇ ਸਨ ਜਿਸ ਇਹ ਦਿਨ ਉਹਨਾਂ ਲਈ ਸੋਨੇ ‘ਤੇ ਸੁਹਾਗੇ ਵਾਲੇ ਦਿਨ ਹੁੰਦੇ ਸਨ। ਪਰ ਹੁਣ ਆਸ ਤੋਂ ਬਹੁਤ ਘੱਟ ਲੋਕ ਦਾਤੀਆਂ ਦਾ ਕੰਮ ਕਰਵਾਉਂਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਮੰਦੇ ਦੇ ਦੌਰ ‘ਚੋਂ ਗੁਜ਼ਰਨਾ ਪੈਂਦਾ ਹੈ।

ਕੋਈ ਸਮਾਂ ਉਹ ਵੀ ਹੁੰਦਾ ਸੀ ਜਦੋਂ ਲੋਕ ਕਈ ਮਹੀਨੇ ਪਹਿਲਾਂ ਤਿਆਰੀ ਕਰਨ ਵਿਚ ਜੁਟ ਜਾਂਦੇ ਸਨ ਅਤੇ ਕਹਿੰਦੇ ਸਨ ਕਿ ਹਾੜੀ ਦਾ ਸਮਾਂ ਆਉਣ ਵਾਲਾ ਹੈ। ਬਾਕੀ ਕੰਮ ਨਬੇੜ ਲਈਏ ਫਿਰ ਤਾਂ ਹਾੜੀ ਦਾ ਕੰਮ ਲੰਮਾ ਸਮਾਂ ਚੱਲੇਗਾ। ਪਰ ਹੁਣ ਕੋਈ ਆਦਮੀ ਅਜਿਹਾ ਨਹੀਂ ਸੋਚਦਾ ਹੁਣ ਤਾਂ ਕਹਿੰਦੇ ਹਨ ਕਿ ਕੋਈ ਨ੍ਹੀਂ ਹਾੜੀ ਦਾ ਕੰਮ ਕਿਹੜਾ ਹੱਥੀਂ ਕਰਨਾ ਕੰਬਾਇਨ ਨਾਲ ਵਢਾ ਕੇ ਚਾਰ ਦਿਨਾਂ ਵਿਚ ਵਿਹਲੇ ਹੋ ਜਾਣਾ। ਜੋ ਪਹਿਲਾਂ ਹਾੜੀ ਦਾ ਕੰਮ ਬਹੁਤ ਲੰਮਾ ਸਮਾਂ ਚਲਦਾ ਸੀ ਹੁਣ ਤਾਂ ਇੱਕ ਮਹੀਨੇ ਅੰਦਰ ਹੀ ਸਾਰੇ ਲੋਕਾਂ ਦਾ ਕੰਮ ਖ਼ਤਮ ਹੋ ਜਾਂਦਾ ਹੈ।

ਅਸਲੀਅਤ ਵਿਚ ਮਸ਼ੀਨੀਕਰਨ ਦੇ ਯੁੱਗ ਨੇ ਕਈਆਂ ਦੇ ਰੁਜ਼ਗਾਰ ਖੋਹ ਲਏ ਹਨ ਤੇ ਜੋ ਕਣਕ ਦੀ ਵਾਢੀ ਕਰਕੇ ਆਪਣੇ ਪਰਿਵਾਰ ਲਈ ਕਣਕ ਜਮ੍ਹਾ ਕਰ ਲੈਂਦੇ ਸਨ। ਉਹ ਹੁਣ ਉਨ੍ਹਾਂ ਨੂੰ ਮਹਿੰਗੇ ਭਾਅ ਖਰੀਦਣੀ ਪੈਂਦੀ ਹੈ। ਭਾਵੇਂ ਕਿ ਇਸ ਮਸ਼ੀਨੀ ਯੁੱਗ ਦਾ ਵੱਡੇ ਕਿਸਾਨਾਂ ਨੂੰ ਵੱਡਾ ਲਾਭ ਹੁੰਦਾ ਹੋਵੇ ਪਰ ਘੱਟ ਜ਼ਮੀਨਾਂ ਅਤੇ ਗਰੀਬ ਵਰਗ ਦੇ ਲੋਕਾਂ ਲਈ ਇਹ ਮਸ਼ੀਨੀ ਯੁੱਗ ਇੱਕ ਸਰਾਪ ਬਣ ਕੇ ਰਹਿ ਗਿਆ ਹੈ ਕਿਉਂਕਿ ਛੋਟੇ ਕਿਸਾਨਾਂ ਨੂੰ ਇਨ੍ਹਾਂ ਆਧੁਨਿਕ ਮਸ਼ੀਨਾਂ ਦੀ ਖਰੀਦ ਕਰਨਾ ਸੰਭਵ ਨਹੀਂ ਹੈ।
ਸੁਖਰਾਜ ਚਹਿਲ ਧਨੌਲਾ
ਧਨੌਲਾ (ਬਰਨਾਲਾ)
ਮੋ. 97810-48055 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top