‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਵੰਡਣ ਤੋਂ ਖੁੰਝੀ ਪੰਜਾਬ ਸਰਕਾਰ

ਪਿਛਲੇ ਪੰਜ ਸਾਲਾਂ ਦੇ ਪੁਰਸਕਾਰਾਂ ਨੂੰ ਤਰਸ ਰਹੇ ਨੇ ਖਿਡਾਰੀ
ਬਠਿੰਡਾ, ਸੁਖਜੀਤ ਮਾਨ
ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਪ੍ਰਬੰਧ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਇਸ ਮਹਾਨ ਯੋਧੇ ਦੇ ਨਾਂਅ ‘ਤੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਐਵਾਰਡ ਦੇਣ ਤੋਂ ਖੁੰਝ ਰਹੀ ਹੈ ਇਨ੍ਹਾਂ ਐਵਾਰਡਾਂ ਦੇ ਪਿਛਲੇ ਲਗਭਗ 5 ਸਾਲਾਂ ਦੇ ਦਾਅਵੇਦਾਰ ਖਿਡਾਰੀ ਸਰਕਾਰ ਦਾ ਰਾਹ ਤੱਕ ਰਹੇ ਹਨ ਪਰ ਹੁਣ ਆਖਰੀ ਦਿਨਾਂ ‘ਚ ਪਹੁੰਚੀ ਸਰਕਾਰ ਕੋਲ ਇਹ ਐਵਾਰਡ ਵੰਡਣ ਦਾ ਸਮਾਂ ਘੱਟ ਹੀ ਬਚਿਆ ਹੈ ਕਿਉਂਕਿ ਚੋਣ ਜ਼ਾਬਤਾ ਅੱਜ ਜਾਂ ਭਲਕ ਲੱਗਣ ਦੇ ਅਸਾਰ ਬਣੇ ਹੋਏ ਹਨ
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੂੰ ਦਿੱਤੇ ਜਾਂਦੇ ਅਰਜਨ ਐਵਾਰਡ ਸਮੇਤ ਹੋਰ ਖੇਡ ਪੁਰਸਕਾਰਾਂ ਵਾਂਗ 1978 ਵਿੱਚ ਇਹ ਐਵਾਰਡ ਦੇਣ ਦਾ ਫੈਸਲਾ ਅਕਾਲੀ ਸਰਕਾਰ ਨੇ ਹੀ ਲਿਆ ਸੀ ਤੇ ਉਸ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਸਨ 1978 ਤੋਂ ਸ਼ੁਰੂ ਹੋਏ ਇਹ ਐਵਾਰਡ ਸਿਰਫ 1980, 1981, 1985, 1986, 1989, 1994 ਤੇ 1996  ਵਿੱਚ ਵੰਡੇ ਗਏ ਸਨ ਲੰਮੇ ਸਮੇਂ ਦੇ ਸੋਕੇ ਮਗਰੋਂ ਸਾਲ 2006 ‘ਚ ਕਾਂਗਰਸ ਦੀ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਲਗਭਗ 8 ਸਾਲ ਦੇ ਐਵਾਰਡ ਇਕੱਠੇ ਵੰਡੇ ਸਨ 2006 ਮਗਰੋਂ 29 ਅਪਰੈਲ 2013 ਨੂੰ ਚੰਡੀਗੜ੍ਹ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2005 ਤੋਂ ਲੈ ਕੇ ਸਾਲ 2010 ਤੱਕ ਦੇ ਇਸ ਐਵਾਰਡ ਦੇ ਹੱਕਦਾਰ ਖਿਡਾਰੀਆਂ ਨੂੰ ਇਹ ਐਵਾਰਡ ਪ੍ਰਦਾਨ ਕੀਤੇ ਸਨ ਜਿਸਦੇ ਸਿੱਟੇ ਵਜੋਂ ਪੰਜਾਬ ‘ਚ ਹੁਣ ਤੱਕ ਇਹ ਖੇਡ ਐਵਾਰਡ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੀ ਗਿਣਤੀ 304 ਹੋ ਗਈ ਹੈ ਇਸ ਐਵਾਰਡ ਲਈ ਸਾਲ 2010 ਤੋਂ ਲੈ ਕੇ 2016 ਤੱਕ ਦੇ ਸ਼ਾਨਦਾਰ ਪ੍ਰਦਰਸ਼ਨ ਵਾਲੇ ਖਿਡਾਰੀਆਂ ਪਾਸੋਂ ਅਰਜੀਆਂ ਤਾਂ ਮੰਗੀਆਂ ਹੋਈਆਂ ਹਨ ਪਰ ਐਵਾਰਡ ਵੰਡਣ ਬਾਰੇ ਕਿਸੇ ਸਮਾਗਮ ਸਬੰਧੀ ਕਿਸੇ ਤਰ੍ਹਾਂ ਦੀ ਤਿਆਰੀ ਨਹੀਂ ਹੋਈ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ‘ਚ ਖੇਡ ਸੱਭਿਆਚਾਰ ਦਾ ਪਸਾਰਾ ਕਰਨ ਦੀ ਨੀਤੀ ਤਹਿਤ ਕਈ ਹਾਕੀ ਦੇ ਐਸਟਰੋਟਰਫਾਂ ਦਾ ਨਿਰਮਾਣ ਵੀ ਕਰਵਾਇਆ ਹੈ ਪਰ ਹਾਲੇ ਤੱਕ ਇਨ੍ਹਾਂ ਟਰਫਾਂ ‘ਤੇ ਕੋਈ ਕੌਮੀ ਜਾਂ ਕੌਮਾਂਤਰੀ ਪੱਧਰ ਦੇ ਮੈਚ ਨਹੀਂ ਕਰਵਾਏ ਗਏ ਜਦੋਂ ਕਿ ਵਿਸ਼ਵ ਕਬੱਡੀ ਲੀਗ ਦੇ ਮੈਚਾਂ ਮੌਕੇ ਇਨ੍ਹਾਂ ਮੈਦਾਨਾਂ ਦੀ ਵਰਤੋਂ ਕੀਤੀ ਗਈ ਸੀ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ 6 ਵਿਸ਼ਵ ਕਬੱਡੀ ਕੱਪ ਕਰਵਾ ਕੇ ਵੀ ਕਰੋੜਾਂ ਰੁਪਏ ਦੇ ਇਨਾਮ ਵੰਡੇ ਹਨ ਪਰ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਦੀ ਵੰਡ ਲਈ ਸਰਕਾਰ ਨੂੰ ਹੁਣ ਵਕਤ ਨਹੀਂ ਮਿਲ ਰਿਹਾ ਜਦੋਂ ਕਿ ਪੰਜਾਬ ਦੇ ਖੇਡ ਵਿਭਾਗ ਦਾ ਅਹੁਦਾ ਵੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਹੀ ਹੈ
—ਡੱਬੀ—
ਸਰਕਾਰ ਨੇ ਨਹੀਂ ਤੈਅ ਕੀਤੀ ਕੋਈ ਪੱਕੀ ਤਾਰੀਖ
ਆਮ ਤੌਰ ‘ਤੇ ਕੇਂਦਰ ਸਰਕਾਰ ਵੱਲੋਂ ਹਰ ਵਰ੍ਹੇ 29 ਅਗਸਤ ਨੂੰ ਖਿਡਾਰੀਆਂ ਨੂੰ ਐਵਾਰਡ ਵੰਡੇ ਜਾਂਦੇ ਹਨ ਹਰਿਆਣਾ ਸਰਕਾਰ ਵੱਲੋਂ ਵੀ ਹਰ ਵਰ੍ਹੇ ਭੀਮ ਐਵਾਰਡ ਵੰਡੇ ਜਾਂਦੇ ਹਨ ਇਸਦੇ ਉਲਟ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਦੀ ਵੰਡ ਲਈ ਸਾਲ ‘ਚ ਕੋਈ ਵੀ ਦਿਨ ਨਿਸ਼ਚਿਤ ਨਹੀਂ ਕੀਤਾ ਹੋਇਆ

ਇਹ ਕੁੱਝ ਮਿਲਦੈ ਇਸ ਐਵਾਰਡ ‘ਚ
ਮਹਾਰਾਜਾ ਰਣਜੀਤ ਸਿੰਘ ਐਵਾਰਡ ‘ਚ ਸਰਕਾਰ ਵੱਲੋਂ 2 ਲੱਖ ਰੁਪਏ ਇਨਾਮੀ ਰਾਸ਼ੀ, ਮਹਾਰਾਜਾ ਰਣਜੀਤ ਸਿੰਘ ਦੀ ਯੋਧੇ ਦੇ ਰੂਪ ‘ਚ ਘੋੜੇ ‘ਤੇ ਸਵਾਰ ਵਾਲੀ ਟਰਾਫੀ, ਇੱਕ ਬਲੇਜਰ, ਇੱਕ ਟਾਈ ਆਦਿ ਸ਼ਾਮਿਲ ਹੁੰਦਾ ਹੈ

ਐਵਾਰਡਾਂ ਲਈ ਸੂਚੀ ਤਿਆਰ ਹੈ : ਡਿਪਟੀ ਡਾਇਰੈਕਟਰ
ਇਸ ਸਬੰਧੀ ਜਦੋਂ ਖੇਡ ਵਿਭਾਗ ਦੇ ਡਾਇਰੈਕਟਰ ਰਾਹੁਲ ਗੁਪਤਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ ਜਦੋਂ ਕਿ ਡਿਪਟੀ ਡਾਇਰੈਕਟਰ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਐਵਾਰਡ ਲਈ ਸੂਚੀ ਤਿਆਰ ਕਰਕੇ ਵਿਭਾਗ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਜਲਦੀ ਹੀ ਐਵਾਰਡ ਵੰਡਣ ਦੀ ਤਾਰੀਖ ਲਗਭਗ ਤੈਅ ਹੋ ਜਾਵੇਗੀ