ਪੰਜਾਬ

ਮਹਿਲਾਵਾਂ ਲਈ ‘ਈ-ਰਿਕਸ਼ਾ’ ਸ਼ੁਰੂ ਕਰਨ ਵਾਲਾ ਲੁਧਿਆਣਾ ਸੂਬੇ ਦਾ ਪਹਿਲਾ ਸ਼ਹਿਰ

ਲੁਧਿਆਣਾ ਪਹਿਲੇ ਗੇੜ ਤਹਿਤ ਚਾਲੂ ਕੀਤੇ ਗਏ ਗੁਲਾਬੀ ਰੰਗ ਦੇ 11 'ਈ-ਰਿਕਸ਼ਾ' 'ਤੇ ਤੈਨਾਤ ਮਹਿਲਾ ਡਰਾਇਵਰ।
  • ‘ਈ-ਰਿਕਸ਼ਾ’ ‘ਤੇ ਹੋਣਗੀਆਂ ਸਿਰਫ਼ ਮਹਿਲਾ ਡਰਾਈਵਰ
  • ‘ਈ-ਰਿਕਸ਼ਾ’ ਵਾਹਨਾਂ ਨੂੰ ਸਿੰਚਾਈ ਮੰਤਰੀ ਨੇ ਦਿਖਾਈ ਹਰੀ ਝੰਡੀ

ਲੁਧਿਆਣਾ, (ਰਾਮ ਗੋਪਾਲ ਰਾਏਕੋਟੀ) ਜ਼ਿਲਾ ਲੁਧਿਆਣਾ ਦੀਆਂ ਔਰਤਾਂ/ਲੜਕੀਆਂ ਦੇ ਸਸ਼ਕਤੀਕਰਨ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲਾ ਪ੍ਰਸਾਸ਼ਨ ਨੇ ਇੱਕ ਅਨੋਖੀ ਪਹਿਲਕਦਮੀ ਕੀਤੀ ਹੈ, ਜਿਸ ਤਹਿਤ ਪ੍ਰਸਿੱਧ ਵਪਾਰਕ ਅਦਾਰੇ ‘ਹੀਰੋ ਇਲੈਕਟ੍ਰੀਕਲ’, ‘ਏਵਨ ਸਾਈਕਲਜ਼’, ‘ਫਿੱਕੀ’, ਗੈਰ ਸਰਕਾਰੀ ਸੰਸਥਾ ‘ਸਾਹਸ’ ਅਤੇ ਹੋਰਾਂ ਨਾਲ ਮਿਲ ਕੇ ਸ਼ਹਿਰ ਵਿੱਚ ‘ਈ-ਰਿਕਸ਼ਾ’ ਸ਼ੁਰੂ ਕੀਤੇ ਗਏ ਹਨ। ਇਨਾਂ ਈਕੋ ਰਿਕਸ਼ਿਆਂ ਨੂੰ ਸਿਰਫ਼ ਔਰਤ/ਲੜਕੀ ਚਾਲਕ ਹੀ ਚਲਾਉਣਗੀਆਂ ਅਤੇ ਇਨਾਂ ਵਿੱਚ ਸਫ਼ਰ ਵੀ ਔਰਤਾਂ/ਲੜਕੀਆਂ ਹੀ ਕਰਿਆ ਕਰਨਗੀਆਂ। ਪਹਿਲੇ ਗੇੜ ਤਹਿਤ 11 ‘ਈ-ਰਿਕਸ਼ਾ’ ਵਾਹਨ ਚਾਲੂ ਕੀਤੇ ਗਏ ਹਨ, ਜੋ ਕਿ ਗੁਲਾਬੀ ਰੰਗ ਵਿੱਚ ਸ਼ਹਿਰ ਲੁਧਿਆਣਾ ਦੀਆਂ ਸੜਕਾਂ ‘ਤੇ ਦੌੜਦੇ ਦਿਖਾਈ ਦੇਣਗੇ। ਇਸ ਤਰਾਂ ਲੁਧਿਆਣਾ ਇਹ ‘ਈ-ਰਿਕਸ਼ਾ’ ਸ਼ੁਰੂ ਕਰਨ ਵਾਲਾ ਸੂਬੇ ਦਾ ਪਹਿਲਾ ਸ਼ਹਿਰ ਬਣ ਗਿਆ ਹੈ।

ਇਨਾਂ ਰਿਕਸ਼ਿਆਂ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਨਾਂ ‘ਈ-ਰਿਕਸ਼ਾ’ ਨੂੰ ਸ਼ੁਰੂ ਕਰਨ ਦਾ ਇੱਕ ਮਕਸਦ ਔਰਤਾਂ/ਲੜਕੀਆਂ ਦਾ ਸਸ਼ਕਤੀਕਰਨ ਕਰਨਾ ਵੀ ਹੈ, ਤਾਂ ਜੋ ਉਹ ਆਪਣੇ ਪੈਰਾਂ ‘ਤੇ ਖੜੀਆਂ ਹੋ ਸਕਣ ਅਤੇ ਹੋਰਨਾਂ ਔਰਤਾਂ ਲਈ ਪ੍ਰੇਰਨਾ ਬਣ ਸਕਣ। ਰਿਕਸ਼ਾ ਚਾਲਕ ਔਰਤਾਂ/ਲੜਕੀਆਂ ਨੂੰ ਮਾਰੂਤੀ ਸਜ਼ੂਕੀ, ਹੀਰੋ ਅਤੇ ਹੋਰ ਕੰਪਨੀਆਂ ਨੇ ਸਿਖ਼ਲਾਈ ਦਿੱਤੀ ਹੈ। ਉਨਾਂ ਕਿਹਾ ਕਿ ਇਸ ਨਾਲ ਜਿੱਥੇ ਔਰਤਾਂ ਨੂੰ ਸੁਰੱਖਿਆ ਦਾ ਮਾਹੌਲ ਮਿਲੇਗਾ, ਉਥੇ ਸ਼ਹਿਰ ਦੇ ਪ੍ਰਦੂਸ਼ਣ ਵਿੱਚ ਵੀ ਭਾਰੀ ਕਮੀ ਆਵੇਗੀ। ਉਨਾਂ ਕਿਹਾ ਕਿ ਜੇਕਰ ਸ਼ਹਿਰ ਲੁਧਿਆਣਾ ਵਿੱਚ ਇਹ ਤਜ਼ਰਬਾ ਸਫ਼ਲ ਹੋ ਗਿਆ ਤਾਂ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ਇਸ ਯੋਜਨਾ ਨੂੰ ਲਾਗੂ ਕਰੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਨਵੀਂ ਪਹਿਲ ਦਾ ਹਿੱਸਾ ਬਣਨ ਲਈ ਕਈ ਲੜਕੀਆਂ/ਔਰਤਾਂ ਨੇ ਹਿੰਮਤ ਦਿਖਾਈ ਹੈ। ਇਹ ਚਾਲਕ ਔਰਤਾਂ/ਲੜਕੀਆਂ 18 ਸਾਲ ਤੋਂ ਉੱਪਰ ਉਮਰ ਦੀਆਂ ਹਨ ਅਤੇ ਇਨਾਂ ਨੂੰ ਸਿਖ਼ਲਾਈ ਦਿਵਾ ਕੇ ਬਕਾਇਦਾ ਡਰਾਈਵਿੰਗ ਲਾਇਸੰਸ ਮੁਹੱਈਆ ਕਰਵਾਏ ਗਏ ਹਨ। ਸ਼ੁਰੂਆਤ ਵਿੱਚ ਇਹ ਰਿਕਸ਼ਾ ਵਾਹਨ ਕੁਝ ਚੋਣਵੇਂ ਰੂਟਾਂ ‘ਤੇ ਹੀ ਚਲਾਏ ਜਾਣਗੇ, ਜਿੱਥੇ ਕਿ ਔਰਤਾਂ/ਲੜਕੀਆਂ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਟਰੇਡਰਜ਼ ਬੋਰਡ ਦੇ ਉੱਪ ਚੇਅਰਮੈਨ ਮਦਨ ਲਾਲ ਬੱਗਾ, ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਪਰਮਜੀਤ ਸਿੰਘ, ਏਵਨ ਸਾਈਕਲਜ਼ ਤੋਂ ਬੀ. ਐੱਸ. ਧੀਮਾਨ, ਹੀਰੋ ਇਲੈਕਟ੍ਰੀਕਲ ਤੋਂ ਸੁਨੀਲ ਸ਼ਰਮਾ ਅਤੇ ਫਿੱਕੀ ਤੋਂ ਸ਼੍ਰੀਮਤੀ ਸੰਗੀਤਾ ਭੰਡਾਰੀ ਅਤੇ ਹੋਰ ਹਾਜ਼ਰ ਸਨ।

ਪ੍ਰਸਿੱਧ ਖਬਰਾਂ

To Top