ਮਿਰਗੀ ਦਾ ਦੌਰਾ ਪੈਣ ‘ਤੇ ਮੁੱਢਲੀ ਸਹਾਇਤਾ

0
1290

ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਭਰ ਵਿੱਚ 50 ਮਿਲੀਅਨ ਦੇ ਕਰੀਬ ਲੋਕ ਮਿਰਗੀ ਤੋਂ ਪੀੜਤ ਹਨ ਅਤੇ ਭਾਰਤ ਵਿੱਚ ਵੀ ਮਿਰਗੀ ਪੀੜਤਾਂ ਦੀ ਗਿਣਤੀ 10 ਮਿਲੀਅਨ ਦਾ ਅੰਕੜਾ ਪਾਰ ਕਰ ਚੁੱਕੀ ਹੈ। ਅੰਧਵਿਸ਼ਵਾਸ਼ਾਂ ਦੇ ਚਲਦਿਆਂ ਲੋਕ ਦਵਾਈਆਂ ਅਤੇ ਡਾਕਟਰੀ ਇਲਾਜ ਨੂੰ ਛੱਡ ਮਿਰਗੀ ਰੋਗ ਨੂੰ ਵਧਾ ਲੈਂਦੇ ਹਨ ਪਰੰਤੂ ਸਹੀ ਡਾਕਟਰੀ ਇਲਾਜ ਨਾਲ ਦੂਸਰੇ ਲੋਕਾਂ ਦੀ ਤਰ੍ਹਾਂ ਨਾਰਮਲ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ। ਅਕਸਰ ਹੀ ਸਾਡਾ ਵਾਹ-ਵਾਸਤਾ ਕਿਸੇ ਅਜਿਹੇ ਵਿਅਕਤੀ ਨਾਲ ਪੈਂਦਾ ਹੈ ਜੋ ਚੰਗਾ-ਭਲਾ ਆਪਣਾ ਕੰਮਕਾਜ ਕਰਦਿਆਂ ਇੱਕਦਮ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ। ਉਸਦਾ ਸਰੀਰ ਆਕੜਦਾ ਹੈ ਤੇ ਝਟਕੇਦਾਰ ਦੌਰੇ ਪੈਂਦੇ ਹਨ। ਮੂੰਹ ਵਿੱਚੋਂ ਝੱਗ ਨਿੱਕਲਦੀ ਹੈ, ਦੰਦਲ ਪੈ ਜਾਂਦੀ ਹੈ ਅਤੇ ਜੀਭ ਟੁੱਕੀ ਜਾਂਦੀ ਹੈ। ਵਿਅਕਤੀ ਦਾ ਪਿਸ਼ਾਬ ਜਾਂ ਮਲ ਕੱਪੜਿਆਂ ਵਿੱਚ ਹੀ ਨਿਕਲ ਜਾਂਦਾ ਹੈ। ਡਿੱਗਣ ਨਾਲ ਕਿਸੇ ਕਿਸਮ ਦੀ ਸੱਟ ਲਗਵਾ ਬੈਠਦਾ ਹੈ ਤਾਂ ਅਜਿਹੀ ਹਾਲਤ ਵਾਲੇ ਵਿਅਕਤੀਆਂ ਨੂੰ ਮਿਰਗੀ ਦਾ ਦੌਰਾ ਪਿਆ ਹੋ ਸਕਦਾ ਹੈ। ਮਿਰਗੀ ਦਾ ਦੌਰਾ ਪੈਣ ਦੀ ਹਾਲਤ ਦੌਰਾਨ ਤੁਰੰਤ ਫਸਟ ਏਡ ਦੇ ਕੇ ਵਿਅਕਤੀ ਦੀ ਵਿਗੜ ਰਹੀ ਹਾਲਤ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਮਿਰਗੀ (ਐਪੀਲੈਪਸੀ), ਜਿਸ ਨੂੰ ਸੀਜ਼ਰਜ਼ ਭਾਵ ਦੌਰੇ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਆਪਣੇ-ਆਪ ਵਿੱਚ ਕੋਈ ਰੋਗ ਨਹੀਂ ਸਗੋਂ ਦਿਮਾਗ ਨਾਲ ਸਬੰਧਿਤ ਤੰਤੂ ਪ੍ਰਣਾਲੀ ਦਾ ਇੱਕ ਵਿਗਾੜ ਹੈ। ਜਿਸ ਵਿੱਚ ਦੌਰੇ ਪੈਂਦੇ ਹਨ। ਮਿਰਗੀ ਬੱਚੇ ਤੋਂ ਲੈ ਕੇ ਕਿਸੇ ਵੀ ਉਮਰ ਦੇ ਵਿਅਕਤੀ ਵਿੱਚ ਵੇਖਣ ਨੂੰ ਮਿਲ ਸਕਦੀ ਹੈ। ਮਿਰਗੀ ਦੌਰੇ ਦਾ ਕਾਰਨ ਪੈਦਾਇਸ਼ੀ ਵੀ ਹੋ ਸਕਦਾ ਹੈ, ਇਸ ਤੋਂ ਇਲਾਵਾ ਦਿਮਾਗ ਵਿੱਚ ਟਿਊਮਰਜ਼ ਦਾ ਹੋਣਾ, ਦਿਮਾਗ ਵਿਚਲੀ ਬਿਜਲਈ ਸਰਗਰਮੀ ਵਿੱਚ ਵਿਘਨ ਪੈਣ ਕਰਕੇ, ਸਿਰ ਦੀ ਸੱਟ ਜਾਂ ਦਿਮਾਗੀ ਤਪਦਿਕ, ਦਿਮਾਗੀ ਤਣਾਅ, ਦਿਮਾਗੀ ਸੋਜਿਸ਼ ਜਾਂ ਪੀਕ ਹੋਣਾ, ਦਿਮਾਗੀ ਲਹੂ ਨਾੜੀਆਂ ਦੇ ਨੁਕਸ, ਮੰਦ-ਬੁੱਧੀ ਹੋਣਾ, ਦਿਮਾਗ ਵਿੱਚ ਇਨਫੈਕਸ਼ਨਾਂ ਦਾ ਹੋਣਾ, ਸ਼ਰਾਬ, ਤੇਜ਼ ਦਵਾਈਆਂ ਹੋਰ ਨਸ਼ਿਆਂ ਦੇ ਕਾਰਨ ਅਤੇ ਨਾ-ਮਾਲੂਮ ਕਾਰਨ ਵੀ ਹੋ ਸਕਦੇ ਹਨ। ਮਿਰਗੀ ਦੌਰੇ ਦੌਰਾਨ ਦਿਮਾਗ ਵਿੱਚ ਅਸਥਾਈ ਤੌਰ ‘ਤੇ ਗੜਬੜ ਹੋਣ ਕਾਰਨ ਝੰਜੋੜਨੀ ਦੌਰੇ ਪੈਣਾ, ਨੀਂਦ ਵਿੱਚ ਦੌਰੇ ਪੈਣਾ, ਹੱਥਾਂ-ਪੈਰਾਂ ਨੂੰ ਝਟਕੇ ਆਉਣਾ ਜਾਂ ਇੱਕ ਪਾਸੇ ਝਟਕੇ ਆਉਣਾ, ਮੂੰਹ ਵਿੱਚੋਂ ਝੱਗ ਆਉਣਾ ਅਤੇ ਜੀਭ ਦਾ ਕੱਟਿਆ ਜਾਣਾ, ਸਰੀਰ ਦਾ ਅਕੜਾਅ, ਦੰਦਲ ਪੈਣੀ, ਪਿਸ਼ਾਬ ਜਾਂ ਮਲ ਦਾ ਕੱਪੜਿਆਂ ਵਿੱਚ ਨਿਕਲ ਜਾਣਾ ਅਤੇ ਬੇਹੋਸ਼ੀ ਵਰਗੇ ਚਿੰਨ੍ਹ ਮਿਲਦੇ ਹਨ।

ਮਿਰਗੀ ਦੌਰੇ ਦੇ ਸ਼ਿਕਾਰ ਵਿਅਕਤੀ ਲਈ ਫਸਟ ਏਡ:

-ਬਿਨਾਂ ਕਿਸੇ ਘਬਰਾਹਟ ਦੇ ਖੁਦ ਸ਼ਾਂਤ ਰਹਿੰਦਿਆਂ ਪੀੜਤ ਨੂੰ ਸੱਟ ਲੱਗਣ ਤੋਂ ਬਚਾਓ।
-ਭੀੜ ਨੂੰ ਪਰ੍ਹਾਂ ਕਰਕੇ ਰੋਗੀ ਨੂੰ ਖੁੱਲ੍ਹੀ ਹਵਾ ਆਉਣ ਦਿਓ।
-ਪੀੜਤ ਦੀ ਧੌਣ ਦੁਆਲੇ ਤੰਗ ਕੱਪੜੇ ਢਿੱਲੇ ਕਰ ਦਿਓ। ਟਾਈ ਵਗੈਰਾ ਬੰਨ੍ਹੀ ਹੋਵੇ ਤਾਂ ਖੋਲ੍ਹ ਦਿਓ ਜਾਂ ਢਿੱਲੀ ਕਰ ਦਿਓ।
-ਐਨਕ ਲੱਗੀ ਹੋਵੇ ਤਾਂ ਲਾਹ ਦਿਓ।
-ਪੀੜਤ ਦੇ ਆਲੇ-ਦੁਆਲੇ ਪਈ ਕੋਈ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਪਰ੍ਹਾਂ ਕਰ ਦਿਓ।
-ਪੀੜਤ ਦੇ ਸਿਰ ਥੱਲੇ ਕੋਈ ਨਰਮ ਸਿਰ੍ਹਾਣਾ ਜਾਂ ਗੱਦੀ ਰੱਖ ਦਿਓ।
-ਪੀੜਤ ਨੂੰ ਇੱਕ ਪਾਸੇ ਰਿਕਵਰੀ ਪੁਜੀਸ਼ਨ ਭਾਵ ਵੱਖੀ ਪਰਨੇ ਪਾਓ ਤਾਂ ਜੋ ਮੂੰਹ ਵਿੱਚੋਂ ਨਿੱਕਲਣ ਵਾਲੀ ਥੁੱਕ, ਝੱਗ ਜਾਂ ਉਲਟੀ ਆਦਿ ਬਾਹਰ ਨਿੱਕਲੇ ਅਤੇ ਸਾਹ ਨਾਲੀ ਵਿੱਚ ਕੋਈ ਰੁਕਾਵਟ ਨਾ ਕਰੇ।
-ਮੂੰਹ ਵਿੱਚੋਂ ਨਿੱਕਲ ਰਹੀ ਥੁੱਕ ਜਾਂ ਝੱਗ ਨੂੰ ਰੁਮਾਲ ਜਾਂ ਕਿਸੇ ਕੱਪੜੇ ਨਾਲ ਸਾਫ਼ ਕਰੋ।
-ਹੱਥਾਂ ਦੇ ਸਹਾਰੇ ਨਾਲ ਪੀੜਤ ਨੂੰ ਕਿਸੇ ਕਿਸਮ ਦੀ ਸੱਟ-ਫੇਟ ਤੋਂ ਬਚਾਉਣ ਦੀ ਕੋਸ਼ਿਸ਼ ਕਰੋ।
-ਜਦੋਂ ਤੀਕ ਪੀੜਤ ਵਿਅਕਤੀ ਹੋਸ਼ ਵਿੱਚ ਨਾ ਆ ਜਾਵੇ ਉਦੋਂ ਤੀਕ ਉਸ ਦਾ ਪੂਰਾ ਖਿਆਲ ਰੱਖੋ। ਹੋਸ਼ ਵਿੱਚ ਆਉਣ ‘ਤੇ ਉਸ ਨੂੰ ਧਰਵਾਸਾ ਦਿਓ ਤੇ ਆਰਾਮਦੇਹ ਹਾਲਤ ਵਿੱਚ ਬਿਠਾਓ। ਉਦੋਂ ਤੀਕ ਉਸ ਨਾਲ ਰਹੋ ਜਦ ਤੀਕ ਉਹ ਪੂਰੀ ਤਰ੍ਹਾਂ ਸੁਰਤ ਵਿੱਚ ਨਹੀਂ ਆ ਜਾਂਦਾ।
-ਲੋੜ ਪੈਣ ‘ਤੇ ਡਾਕਟਰੀ ਸਹਾਇਤਾ ਪ੍ਰਾਪਤ ਕਰੋ।

ਅਜਿਹਾ ਬਿਲਕੁਲ ਨਾ ਕਰੋ:

-ਮਿਰਗੀ ਦੌਰੇ ਵਾਲੇ ਵਿਅਕਤੀ ਦੇ ਆਲੇ-ਦੁਆਲੇ ਇਕੱਠ ਨਾ ਕਰੋ। ਪੀੜਤ ਵੱਲ ਖੁੱਲ੍ਹੀ ਹਵਾ ਆਉਣ ਦਿਓ।
-ਜੁੱਤੀ ਜਾਂ ਛਿੱਤਰ ਨਾ ਸੁੰਘਾਓ। ਗੰਦੀ ਜੁੱਤੀ ਵਗੈਰਾ ਸੁੰਘਾਉਣ ਨਾਲ ਇਨਫੈਕਸ਼ਨ ਹੋ ਸਕਦੀ ਹੈ। ਆਮ ਤੌਰ ‘ਤੇ ਮਿਰਗੀ ਦੌਰਾ ਕੁੱਝ ਕੁ ਮਿੰਟਾਂ ਵਾਸਤੇ ਹੀ ਪੈਂਦਾ ਹੈ ਜਿੰਨੀ ਦੇਰ ਅਸੀਂ ਜੁੱਤੀ ਲੱਭਦੇ ਹਾਂ ਜਾਂ ਸੁੰਘਾਉਂਦੇ ਹਾਂ ਉਨੀ ਦੇਰ ਵਿੱਚ ਦੌਰਾ ਆਪਣੇ-ਆਪ ਹੀ ਹਟ ਜਾਂਦਾ ਹੈ।
-ਜੇ ਮੂੰਹ ਬੰਦ ਹੋਵੇ ਤਾਂ ਚਾਬੀ ਜਾਂ ਚਮਚੇ ਨਾਲ ਦੰਦਲ ਖੋਲ੍ਹਣ ਦੀ ਕੋਸ਼ਿਸ਼ ਬਿਲਕੁਲ ਨਾ ਕਰੋ, ਦੰਦ ਟੁੱਟ ਸਕਦੇ ਹਨ।
-ਜਦੋਂ ਦੌਰਾ ਪਿਆ ਹੋਵੇ ਤਾਂ ਸਰੀਰ ਦੇ ਅਕੜਾਅ ਨੂੰ ਲੱਤਾਂ-ਬਾਹਾਂ ਫੜ੍ਹ ਕੇ ਕਾਬੂ ਕਰਨ ਦੀ ਕੋਸ਼ਿਸ਼ ਨਾ ਕਰੋ। ਹੱਡੀ ਦਾ ਕੋਈ ਜੋੜ ਉੱਤਰ ਜਾਂ ਟੁੱਟ ਸਕਦਾ ਹੈ।
-ਦੌਰੇ ਦੌਰਾਨ ਮੂੰਹ ਵਿੱਚ ਪਾਣੀ ਨਾ ਪਾਓ। ਕਿਉਂਕਿ ਬੇਹੋਸ਼ ਵਿਅਕਤੀ ਕੋਈ ਵੀ ਚੀਜ਼ ਅੰਦਰ ਨਹੀਂ ਲੰਘਾ ਸਕਦਾ। ਬੇਹੋਸ਼ੀ ਦੌਰਾਨ ਪਿਆਇਆ ਪਾਣੀ ਫੇਫੜਿਆਂ ਵਿੱਚ ਜਾ ਕੇ ਸਾਹ ਦੀ ਰੁਕਾਵਟ ਦਾ ਕਾਰਨ ਬਣ ਸਕਦਾ ਹੈ। ਅਕਸਰ ਹੀ ਭੀੜ ਵਿੱਚੋਂ ਕੋਈ ਅਜਿਹੀ ਗਲਤੀ ਕਰ ਬਹਿੰਦਾ ਹੈ।
-ਅੰਧ-ਵਿਸ਼ਵਾਸ਼ਾਂ ਵਿੱਚ ਨਾ ਪਓ। ਮਿਰਗੀ ਕਿਸੇ ਭੂਤ-ਪ੍ਰੇਤ ਜਾਂ ਗੈਬੀ ਸ਼ਕਤੀ ਕਰਕੇ ਨਹੀਂ ਪੈਂਦੀ।
-ਸਾਵਧਾਨੀ ਦੇ ਤੌਰ ‘ਤੇ ਮਿਰਗੀ ਰੋਗੀਆਂ ਨੂੰ ਅੱਗ, ਪਾਣੀ ਅਤੇ ਮਸ਼ੀਨਰੀ ਤੋਂ ਦੂਰ ਰਹਿਣਾ ਚਾਹੀਦਾ ਹੈ। ਬਾਥਰੂਮ ਵਿੱਚ ਨਹਾਉਣ ਲੱਗਿਆਂ ਅੰਦਰੋਂ ਲਾਕ ਨਾ ਕੀਤਾ ਜਾਵੇ। ਅੰਧ-ਵਿਸ਼ਵਾਸ਼ਾਂ ਤੋਂ ਦੂਰ ਰਹੋ ਅਤੇ ਡਾਕਟਰੀ ਇਲਾਜ ਨੂੰ ਹੀ ਤਰਜੀਹ ਦਿਓ।

ਨਰੇਸ਼ ਪਠਾਣੀਆ, ਫਸਟ ਏਡ ਟ੍ਰੇਨਰ,
ਭਾਗੂ ਰੋਡ, ਬਠਿੰਡਾ।
ਮੋ. 98557-00157