ਪੰਜਾਬ

ਮੀਂਹ ਨੇ ਪਾਇਆ ਯੋਗ ਦਿਵਸ ਦੀਆਂ ਤਿਆਰੀਆਂ ‘ਚ ਵਿਘਨ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਯੋਗ ਦਿਵਸ ਦੀਆਂ ਤਿਆਰੀਆਂ ਵਿੱਚ ਰੁੱਝੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਮੀਂਹ ਨੇ ਵੱਡਾ ਝਟਕਾ ਦਿੱਤਾ ਹੈ। ਜਿਹੜੇ ਯੋਗ ਦਿਵਸ ਦੀਆਂ ਤਿਆਰੀਆਂ ਲਈ ਚੰਡੀਗੜ੍ਹ ਪ੍ਰਸ਼ਾਸਨ ਪਿਛਲੇ 30 ਦਿਨਾਂ ਤੋਂ ਦਿਨ-ਰਾਤ ਇੱਕ ਕਰਕੇ ਲੱਗਿਆ ਹੋਇਆ ਸੀ, ਉਨ੍ਹਾਂ ਤਿਆਰੀਆਂ ਨੂੰ ਮੀਂਹ ਨੇ ਸਿਰਫ਼ 30 ਮਿੰਟਾਂ ਵਿੱਚ ਹੀ ਖਰਾਬ ਕਰਕੇ ਰੱਖ ਦਿੱਤਾ ਹੈ।
ਅੱਜ ਸ਼ਾਮ ਅਚਾਨਕ ਚੰਡੀਗੜ੍ਹ ਵਿਖੇ ਸ਼ੁਰੂ ਹੋਏ ਮੋਹਲ਼ੇਧਾਰ ਮੀਂਹ ਨੇ ਕੁਝ ਹੀ ਮਿੰਟਾਂ ਵਿੱਚ ਯੋਗ ਵਾਲੀ ਥਾਂ ‘ਤੇ ਤਿਆਰ ਕੀਤੇ ਗਏ ਸਟੇਡੀਅਮ ਵਿੱਚ ਭਰੇ ਪਾਣੀ ਨੇ ਮਿੱਟੀ ਨੂੰ ਨਾ ਸਿਰਫ਼ ਗਾਰੇ ਵਿੱਚ ਬਦਲ ਕੇ ਰੱਖ ਦਿੱਤਾ, ਸਗੋਂ ਯੋਗ ਲਈ ਬਣਾਈ ਗਈ ਸਟੇਜ ਨੂੰ ਵੀ ਕਾਫ਼ੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਤੇਜ ਮੀਂਹ ਕਾਰਨ ਹੋਏ ਨੁਕਸਾਨ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।ਹਾਲਾਂਕਿ ਪ੍ਰਸ਼ਾਸਨ ਨੂੰ ਪਹਿਲਾਂ ਹੀ ਮੌਸਮ ਵਿਭਾਗ ਨੇ ਜਾਣਕਾਰੀ ਦੇ ਦਿੱਤੀ ਸੀ ਕਿ ਸੋਮਵਾਰ ਸ਼ਾਮ ਤੇ ਯੋਗ ਦਿਵਸ ਵਾਲੇ ਦਿਨ ਮੰਗਲਵਾਰ ਸਵੇਰੇ ਤੇਜ਼ ਮੀਂਹ ਪੈ ਸਕਦਾ ਹੈ ਪਰ ਇਹ ਜਾਣਕਾਰੀ ਦੇਰੀ ਨਾਲ ਮਿਲਣ ਕਾਰਨ ਪ੍ਰਸ਼ਾਸਨ ਯੋਗ ਦਿਵਸ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਵਾਟਰ ਪਰੂਫ਼ ਨਹੀਂ ਬਣਾ ਸਕੀ। ਮੀਂਹ ਬੰਦ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਯੋਗ ਵਾਲੀ ਥਾਂ ਕੈਪੀਟਲ ਕੰਪਲੈਕਸ ਵਿਖੇ ਪੁੱਜ ਗਏ ਹਨ, ਜਿੱਥੇ ਕਿ ਜਾਇਜ਼ਾ ਲੈਂਦੇ ਹੋਏ ਮੈਦਾਨ ਨੂੰ  ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਥੇ ਹੀ ਪ੍ਰਸ਼ਾਸਨ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਜੇਕਰ ਦੇਰ ਰਾਤ ਜਾਂ ਫਿਰ ਤੜਕ-ਸਵੇਰ ਮੁੜ ਤੋਂ ਮੀਂਹ ਪੈ ਗਿਆ ਤਾਂ ਉਹ ਕੀ ਕਰਨਗੇ।
30 ਹਜ਼ਾਰ ਲੋਕ ਕਰਨਗੇ ਯੋਗ, 20 ਫੁੱਟ ਉਚਾਈ ‘ਤੇ ਤਿਆਰ ਹੋਈ ਸਟੇਜ
ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਵਿਖੇ ਆ ਰਹੇ ਹਨ ਅਤੇ ਉਹ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਵਿਖੇ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਨਾਲ ਮਿਲ ਕੇ ਯੋਗ ਕਰਨਗੇ ਜਿੱਥੇ ਕਿ ਕਈ ਲੋਕਾਂ ਦੇ ਬੈਠਣ ਲਈ ਸੀਟਿੰਗ ਪਲਾਨ ਵੀ ਤਿਆਰ ਕੀਤਾ ਗਿਆ ਹੈ। ਇਸ ਨੂੰ ਪੌਂਡ ਵਰਗਾ ਬਣਾਇਆ ਗਿਆ ਹੈ। ਜਦੋਂ ਕਿ ਜਿਹੜੀ ਥਾਂ ‘ਤੇ ਆਮ ਲੋਕ ਬੈਠ ਕੇ ਯੋਗ ਕਰਨਗੇ ਉਹ ਇਸ ਤੋਂ 15 ਤੋਂ 20 ਫੁੱਟ ਹੇਠਾਂ ਹੋਵੇਗੀ ਅਤੇ ਨਰਿੰਦਰ ਮੋਦੀ ਸਾਰੇ ਲੋਕਾਂ ਨੂੰ ਯੋਗ ਕਰਦੇ ਹੋਏ ਦਿਖਾਈ ਦੇਣਗੇ। ਯੋਗ ਸਵੇਰੇ 6:30 ‘ਤੇ ਸ਼ੁਰੂ ਹੋ ਜਾਵੇਗਾ ਅਤੇ ਲਗਭਗ ਇੱਕ ਘੰਟੇ ਬਾਅਦ 7:30 ‘ਤੇ ਸਮਾਪਤ ਹੋਵੇਗਾ। ਇਸ ਵਿੱਚ ਪ੍ਰਧਾਨ ਮੰਤਰੀ ਦਾ ਭਾਸ਼ਣ ਵੀ ਸ਼ਾਮਲ ਹੈ।
ਚੰਡੀਗੜ੍ਹ ਵਿਖੇ ਧਾਰਾ 144 ਲੱਗੀ
ਸੋਮਵਾਰ ਬਾਅਦ ਦੁਪਹਿਰ ਤੋਂ ਹੀ ਚੰਡੀਗੜ੍ਹ ਵਿਖੇ ਧਾਰਾ 144 ਲਗਾ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਰ ਸ਼ਾਮ ਚੰਡੀਗੜ੍ਹ ਵਿਖੇ ਪੁੱਜ ਰਹੇ ਹਨ ਅਤੇ ਉਹ ਪੰਜਾਬ ਰਾਜਪਾਲ ਦੀ ਰਿਹਾਇਸ਼ ਪੰਜਾਬ ਰਾਜ ਭਵਨ ਵਿਖੇ ਰਹਿਣਗੇ। ਪੰਜਾਬ ਰਾਜ ਭਵਨ ਨੂੰ ਗੇਂਦੇ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ ਪੂਰੇ ਰਾਜ ਭਵਨ ਨੂੰ ਵਹੁਟੀ ਵਾਂਗ ਸਜਾਇਆ ਗਿਆ ਹੈ
ਇਡਲੀ ਸਾਂਭਰ ਦਾ ਹੋਵੇਗਾ ਪ੍ਰਧਾਨ ਮੰਤਰੀ ਲਈ ਨਾਸ਼ਤਾ
ਨਰਿੰਦਰ ਮੋਦੀ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਪੁੱਜ ਜਾਣਗੇ। ਰਾਜ ਭਵਨ ਵਿਖੇ ਰਾਤ ਬਿਤਾਉਣ ਤੋਂ ਬਾਅਦ ਉਹ ਮੰਗਲਵਾਰ ਸਵੇਰੇ ਕੈਪੀਟਲ ਕੰਪਲੈਕਸ ਵਿਖੇ ਸਵੇਰੇ 6:30 ਵਿਖੇ ਪੁੱਜਣ ਤੋਂ ਬਾਅਦ ਯੋਗ ਸ਼ੁਰੂ ਕਰਨਗੇ। ਨਰਿੰਦਰ ਮੋਦੀ ਦੇ ਨਾਲ ਲਗਭਗ 50 ਵੀਵੀਆਈਪੀਜ਼ ਦੀ ਇੱਕ ਟੀਮ ਆ ਰਹੀ ਹੈ, ਜਿਹੜੀ ਕਿ ਯੋਗ ਦੇ ਮੌਕੇ ਉਨ੍ਹਾਂ ਦੇ ਨਾਲ ਹੀ ਰਹੇਗਾ। ਪ੍ਰਧਾਨ ਮੰਤਰੀ ਲਈ ਯੋਗ ਤੋਂ ਬਾਅਦ ਖ਼ਾਸ ਨਾਸ਼ਤਾ ਤਿਆਰ ਕੀਤਾ ਜਾ ਰਿਹਾ ਹੈ। ਯੋਗ ਵਾਲੀ ਥਾਂ ਤੋਂ 7:30 ਤੋਂ ਆਉਣ ਤੋਂ ਬਾਅਦ ਨਰਿੰਦਰ ਮੋਦੀ ਖ਼ਾਸ ਸੈਫ਼ ਰਾਹੀਂ ਤਿਆਰ ਕੀਤੇ ਜਾਣ ਵਾਲੇ ਨਾਸ਼ਤੇ ਵਿੱਚ ਉਪਮਾ, ਇਡਲੀ-ਸਾਂਭਰ, ਖਾਕਰਾ ਅਤੇ ਪੋਹਾ ਸ਼ਾਮਲ ਹੋਵੇਗਾ। ਸ੍ਰੀ ਮੋਦੀ ਨਾਸ਼ਤਾ ਕਰਨ ਤੋਂ ਬਾਅਦ ਆਪਣੇ ਖ਼ਾਸ ਜਹਾਜ਼ ਰਾਹੀਂ 8:20 ‘ਤੇ ਦਿੱਲੀ ਲਈ ਵਾਪਸੀ ਕਰ ਲੈਣਗੇ।

ਪ੍ਰਸਿੱਧ ਖਬਰਾਂ

To Top