ਮੁਫ਼ਤ ਭੇਜੀਆਂ ਜਾ ਰਹੀਆਂ ਪੀਆਰਟੀਸੀ ਬੱਸਾਂ ਦੇ ਵਿਰੋਧ ‘ਚ ਆਏ ਮੁਲਾਜ਼ਮ

ਖੁਸ਼ਵੀਰ ਸਿੰਘ ਤੂਰ  ਪਟਿਆਲਾ, 
ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਪੀਆਰਟੀਸੀ ਵਿਭਾਗ ਨੂੰ ਨਪੀੜਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਸਰਕਾਰ ਵੱਲੋਂ ਧਾਰਮਿਕ ਯਾਤਰਾਵਾਂ ਸਮੇਤ ਹੋਰ ਥਾਵਾਂ ‘ਤੇ ਪੀਆਰਟੀਸੀ ਦੀਆਂ ਭੇਜੀਆਂ ਜਾ ਰਹੀਆਂ ਬੱਸਾਂ ਦਾ ਕਰੋੜਾਂ ਰੁਪਇਆ ਸਰਕਾਰ ਵੱਲ ਬਕਾਇਆ ਖੜ੍ਹਾ ਹੈ।  ਇੱਧਰ ਮੁੜ ਸਰਕਾਰ ਵੱਲੋਂ ਪੀਆਰਟੀਸੀ ਵਿਭਾਗ ਨੂੰ ਹੁਕਮ ਚਾੜੇ ਗਏ ਹਨ ਕਿ ਆਪਣੇ ਖਰਚੇ ‘ਤੇ 2 ਜਨਵਰੀ ਨੂੰ 150 ਬੱਸਾਂ ਵੱਖ-ਵੱਖ ਹਲਕਿਆਂ ਤੋਂ ਪਟਨਾ ਸਾਹਿਬ ਭੇਜੀਆਂ ਜਾਣ ਜਿਸ ਦਾ ਪੀਆਰਟੀਸੀ ਦੀ ਵਰਕਰਜ਼ ਐਕਸ਼ਨ ਕਮੇਟੀ ਨੇ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਵਰਕਰਜ਼ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਦੇ ਵਿੱਤ ਸਕੱਤਰ, ਟਰਾਂਸਪੋਰਟ ਸਕੱਤਰ, ਸਟੇਟ ਟਰਾਂਸਪੋਰਟ ਕਮਿਸ਼ਨਰ, ਚੇਅਰਮੈਨ ਅਤੇ ਐਮ.ਡੀ. ਪੀ.ਆਰ.ਟੀ.ਸੀ. ਨੂੰ ਨੋਟਿਸ ਭੇਜਿਆ ਹੈ ਅਤੇ ਐਲਾਨ ਕੀਤਾ ਕਿ ਜੇਕਰ 2 ਜਨਵਰੀ ਤੋਂ ਪਹਿਲਾਂ ਪੀਆਰਟੀਸੀ ਨੂੰ ਸਰਕਾਰ ਵੱਲੋਂ ਬਣਦੀਆਂ ਅਦਾਇਗੀਆਂ ਨਾ ਕੀਤੀਆਂ ਗਈਆਂ ਤਾਂ ਕਰਮਚਾਰੀਆਂ ਵਲੋਂ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ 2 ਜਨਵਰੀ ਨੂੰ ਯਾਤਰਾ ‘ਤੇ ਭੇਜੀਆਂ ਜਾਣ ਵਾਲੀਆਂ ਬੱਸਾਂ ਦਾ ਕਾਫਲਾ ਨਹੀਂ ਜਾਣ ਦਿੱਤਾ ਜਾਵੇਗਾ। ਅੱਜ ਇੱਥੇ ਐਕਸ਼ਨ ਕਮੇਟੀ ਦੇ ਆਗੂਆਂ ਨਿਰਮਲ ਸਿੰਘ ਧਾਲੀਵਾਲ,  ਸੁੱਚਾ ਸਿੰਘ,  ਗੁਰਬਖਸ਼ਾ ਰਾਮ ਅਤੇ ਉਤਮ ਸਿੰਘ ਬਾਗੜੀ ਨੇ ਕਿਹਾ ਕਿ ਪੰਜਾਬ ਸਰਕਾਰ ਨਿੱਤ ਨਵੇਂ ਦਿਨ ਕੋਈ ਨਾ ਕੋਈ ਮੁਫ਼ਤ ਯਾਤਰਾ ਦੀਆਂ ਸਕੀਮਾਂ ਦੇ ਐਲਾਨ ਚੋਣਾਂ ਨੂੰ ਸਾਹਮਣੇ ਰੱਖਦਿਆਂ ਵੋਟਰਾਂ ਨੂੰ ਭਰਮਾਉਣ ਲਈ ਕਰਦੀ ਆ ਰਹੀ ਹੈ। ਇਨ੍ਹਾਂ ਸਭ ਸਕੀਮਾਂ, ਯਾਤਰਾਵਾਂ ਦਾ ਬੋਝ ਮਾਲੀ ਤੌਰ ‘ਤੇ ਪੀ.ਆਰ.ਟੀ.ਸੀ ਨੂੰ ਉਠਾਉਣਾ ਪੈ ਰਿਹਾ ਹੈ ਅਤੇ ਪੀ.ਆਰ.ਟੀ.ਸੀ. ਦੇ ਪ੍ਰਬੰਧਕਾਂ ਵੱਲੋਂ ਇਹ ਬੋਝ ਕਰਮਚਾਰੀਆਂ ਦੀਆਂ ਜੇਬਾਂ ਉੱਪਰ ਉਨ੍ਹਾਂ ਦੇ ਵਿੱਤੀ ਬਕਾਏ ਨਾ ਦੇਣ ਦੇ ਰੂਪ ਵਿੱਚ ਪਾ ਦਿੱਤਾ ਜਾਂਦਾ ਹੈ।  ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਮੁਫਤ ਸਫਰ ਸਹੂਲਤਾਂ, ਵੱਖ-ਵੱਖ ਸਹੂਲਤਾਂ ਸਮੇਤ ਮੁਫ਼ਤ ਧਾਰਮਿਕ ਯਾਤਰਾਵਾਂ ਬਦਲੇ ਬਣਦੇ 130 ਕਰੋੜ ਰੁਪਏ ਤੋਂ ਵੱਧ ਦੀ ਰਕਮ ਪੀਆਰਟੀਸੀ ਨੂੰ ਦਿੱਤੇ ਜਾਣ ਲਈ ਮਜ਼ਬੂਰ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਹੁਣ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਰਾਹੀ ਹੁਕਮ ਚਾੜ੍ਹ ਦਿੱਤਾ ਕਿ 150 ਬੱਸਾਂ ਪੰਜਾਬ ਦੇ ਵੱਖ-ਵੱਖ 46 ਵਿਧਾਨ ਸਭਾ ਹਲਕਿਆਂ ਤੋਂ 2 ਜਨਵਰੀ ਨੂੰ ਪਟਨਾ ਸਾਹਿਬ ਲਈ 10 ਦਿਨਾਂ ਦੀ ਮੁਫ਼ਤ ਧਾਰਮਿਕ ਯਾਤਰਾ ਲਈ ਭੇਜੀਆਂ ਜਾਣ ਜਿਸ ਦਾ ਸਾਰਾ ਖਰਚਾ ਅੱਡਵਾਂਸ ਰੂਪ ਵਿੱਚ ਯਾਤਰੀਆਂ ਦੇ ਖਾਣ-ਪੀਣ, ਰਹਿਣ ਆਦਿ ਦਾ ਪੀ.ਆਰ.ਟੀ.ਸੀ. ਵੱਲੋਂ ਸਹਿਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਸਾਂ ਦਾ ਡੀਜਲ, ਪਰਮਿਟ ਫੀਸਾਂ, ਟੋਲ ਪਲਾਜਾ ਆਦਿ ਦਾ ਖਰਚਾ ਪੀ.ਆਰ.ਟੀ.ਸੀ. ਹੀ ਸਹਿਣ ਕਰੇਗੀ। ਇਸ ਤਰ੍ਹਾਂ ਪੀ.ਆਰ.ਟੀ.ਸੀ. ਇਸ ਯਾਤਰਾ ਦਾ ਬਣਦਾ 6 ਕਰੋੜ ਰੁਪਿਆ ਵਰਕਰਾਂ ਦੀਆਂ ਵਿੱਤੀ ਅਦਾਇਗੀਆਂ ਨਾ ਕਰਕੇ ਉਨ੍ਹਾਂ ਦੇ ਸਿਰ ਪਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਰਕਰਾਂ ਦੇ ਪਹਿਲਾਂ ਹੀ 120 ਕਰੋੜ ਰੁਪਏ ਦੇ ਵਿੱਤੀ ਬਕਾਏ ਨਹੀਂ ਦਿੱਤੇ ਜਾ ਰਹੇ। ਦੂਸਰੇ ਪਾਸੇ ਸਰਕਾਰ ਵੱਲੋਂ ਮੁਫ਼ਤ ਸਫਰ ਸਹੂਲਤਾਂ ਬਦਲੇ ਬਣਦੇ 90 ਕਰੋੜ ਰੁਪਏ, ਮੁਫਤ ਧਾਰਮਿਕ ਯਾਤਰਾਵਾਂ ਦੇ ਲਗਭਗ 15 ਕਰੋੜ ਰੁਪਏ, ਸਰਕਾਰ ਦੇ ਹੁਕਮ ‘ਤੇ ਘਾਟੇ ਵਾਲੀਆਂ ਮਿੰਨੀ ਬੱਸਾਂ ਚਲਾਉਣ ਲਈ ਖਰੀਦੀਆਂ 50 ਬੱਸਾਂ ਦਾ 8 ਕਰੋੜ ਦਾ ਬੋਝ, ਪਟਨਾ ਯਾਤਰਾ ਦਾ 6 ਕਰੋੜ, ਸਰਕਾਰੀ ਇਸ਼ਤਿਹਾਰਾਂ ਨਾਲ ਖਰਾਬ ਕੀਤਾ ਬੱਸ ਬਾਡੀਆਂ ਦਾ ਪੇਂਟ ਦੁਬਾਰਾ ਕਰਨ ਦਾ ਖਰਚਾ 2 ਕਰੋੜ ਰੁਪਏ ਆਦਿ ਦੇਣ ਤੋਂ ਸਰਕਾਰ ਚੁੱਪ ਵੱਟੀ ਬੈਠੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਾਰਾ ਖਰਚਾ ਵਿਭਾਗ ਨੂੰ ਨਾ ਦਿੱਤਾ ਗਿਆ ਤਾ ਉਹ 2 ਜਨਵਰੀ ਨੂੰ ਕਿਸੇ ਵੀ ਹਾਲਤ ਵਿੱਚ ਬੱਸਾਂ ਨਹੀਂ ਭੇਜਣ ਦੇਣਗੇ।