ਮੰਤਰੀ ਬਾਜਵਾ ਦੀ ਨਹੀਂ ਸੁਣਦਾ ਪੰਚਾਇਤ ਵਿਭਾਗ, ਇੱਕ ਲੱਖ ਤੋਂ ਜ਼ਿਆਦਾ ਪੰਚ-ਸਰਪੰਚ ਵੀ ਹੋਏ ਔਖੇ

0
Minister Bajwa, Panchayat Department, one Lakh, Sarpanch

ਪਿਛਲੇ 9 ਮਹੀਨਿਆਂ ਤੋਂ ਪੰਚ-ਸਰਪੰਚ ਮਾਰ ਰਹੇ ਹਨ ਚੰਡੀਗੜ੍ਹ ਗੇੜੇ, ਨਹੀਂ ਸੁਣ ਰਿਹਾ ਵਿਭਾਗ

9 ਮਹੀਨੇ ਤੋਂ ਪਹਿਚਾਣ ਪੱਤਰ ਨਹੀਂ ਹੋ ਰਹੇ ਹਨ ਜਾਰੀ, ਦਰਜਨ ਵਾਰ ਖ਼ੁਦ ਮੰਤਰੀ ਦੇ ਚੁੱਕੇ ਹਨ ਆਦੇਸ਼

ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਵੀ ਲਾਉਣ ਲੱਗੇ ਚੰਡੀਗੜ੍ਹ ਦੇ ਗੇੜੇ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਸੁਣਵਾਈ ਖ਼ੁਦ ਦੇ ਵਿਭਾਗ ਦਾ ਡਾਇਰੈਕਟਰ ਹੀ ਨਹੀਂ ਕਰ ਰਿਹਾ ਹੈ, ਜਿਸ ਕਾਰਨ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਨਾਲ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਤੋਂ ਪੰਜਾਬ ਦੇ 1 ਲੱਖ ਤੋਂ ਜ਼ਿਆਦਾ ਪੰਚ-ਸਰਪੰਚ ਹੀ ਨਰਾਜ਼ ਹੋ ਕੇ ਬੈਠ ਗਏ ਹਨ। ਇਨ੍ਹਾਂ ਨਰਾਜ਼ ਪੰਚਾਂ-ਸਰਪੰਚਾਂ ਤੋਂ ਇਲਾਵਾ ਇਸ ਲਿਸਟ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪਰੀਸ਼ਦ ਦੇ ਮੈਂਬਰ ਵੀ ਹੁਣ ਸ਼ਾਮਲ ਹੋ ਗਏ ਹਨ ਜਿਹੜੇ ਕਿ ਰੋਜ਼ਾਨਾ ਚੰਡੀਗੜ੍ਹ ਵਿਖੇ ਗੇੜੇ ’ਤੇ ਗੇੜਾ ਮਾਰਦੇ ਹੋਏ ਵਿਭਾਗੀ ਅਧਿਕਾਰੀਆਂ ਦੀ ਬੇਰੁਖੀ ਦਾ ਬਿਆਨ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਕੋਲ ਕਰਦੇ ਹਨ। ਇਨ੍ਹਾਂ ਦੀ ਨਰਾਜ਼ਗੀ ਸੁਣਦੇ ਹੋਏ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੀ ਤੁਰੰਤ ਵਿਭਾਗ ਦੇ ਡਾਇਰੈਕਟਰ ਨੂੰ ਫੋਨ ਲਗਾਉਂਦੇ ਹੋਏ ਜਲਦ ਹੀ ਇਨ੍ਹਾਂ ਨਰਾਜ਼ ਪੰਚਾਂ-ਸਰਪੰਚਾਂ ਸਣੇ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰਾਂ ਦੀ ਦੁਖ ਦੂਰ ਕਰਨ ਲਈ ਕਹਿ ਦਿੰਦੇ ਹਨ। ਮੰਤਰੀ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਵਾਰ ਨਹੀਂ ਸਗੋਂ ਦਰਜਨਾਂ ਵਾਰ ਆਦੇਸ਼ ਜਾਰੀ ਕਰ ਚੁੱਕੇ ਹਨ ਪਰ ਵਿਭਾਗੀ ਡਾਇਰੈਕਟਰ ਵੀ ਇਸ ਪਾਸੇ ਕੋਈ ਧਿਆਨ ਦੇਣ ਦੀ ਬਜਾਇ ਹਰ ਵਾਰ ਅਣਗੌਲਿਆ ਹੀ ਕਰਨ ਰਹੇ ਹਨ।

ਮਾਮਲਾ ਕੋਈ ਜ਼ਿਆਦਾ ਵੱਡਾ ਨਹੀਂ, ਸਗੋਂ ਸਿਰਫ਼ ਇੱਕ ਪਹਿਚਾਣ ਪੱਤਰ ਦਾ ਹੀ ਹੈ, ਜਿਹੜਾ ਕਿ ਚੋਣ ਜਿੱਤਣ ਤੋਂ ਬਾਅਦ ਪੰਚਾਇਤੀ ਰਾਜ ਵਿਭਾਗ ਵੱਲੋਂ ਪੰਜਾਬ ਦੇ 13 ਹਜ਼ਾਰ 276 ਸਰਪੰਚਾਂ ਤੇ 83 ਹਜ਼ਾਰ 831 ਪੰਚਾਂ ਸਣੇ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰਾਂ ਨੂੰ ਜਾਰੀ ਕੀਤੇ ਜਾਣੇ ਸਨ। ਇਨ੍ਹਾਂ ਸਾਰਿਆਂ ਦੀ ਚੋਣ ਪਿਛਲੇ ਸਾਲ 30 ਦਸੰਬਰ ਨੂੰ ਹੀ ਹੋ ਗਈ ਸੀ ਤੇ ਪਿਛਲੇ 9 ਮਹੀਨੇ ਤੋਂ ਇਹ ਸਾਰੇ ਅਹੁਦੇਦਾਰ ਤਾਂ ਬਣ ਗਏ ਪਰ ਅਜੇ ਤੱਕ ਇਨ੍ਹਾਂ ਨੂੰ ਵਿਭਾਗ ਵੱਲੋਂ ਜਰੂਰੀ ਪਹਿਚਾਣ ਪੱਤਰ ਜਾਰੀ ਨਹੀਂ ਹੋਇਆ ਹੈ। ਤ੍ਰਿਪਤ ਰਾਜਿੰਦਰ ਬਾਜਵਾ ਇਨ੍ਹਾਂ ਪੰਚਾਂ-ਸਰਪੰਚਾਂ ਅਤੇ ਮੈਂਬਰਾਂ ਦੀ ਬੇਨਤੀ ਸੁਣਨ ਤੋਂ ਬਾਅਦ ਵਿਭਾਗੀ ਉੱਚ ਅਧਿਕਾਰੀਆਂ ਤੇ ਡਾਇਰੈਕਟਰ ਨੂੰ ਲਗਾਤਾਰ ਫੋਨ ਵੀ ਕਰਦੇ ਹਨ ਪਰ ਕੈਬਨਿਟ ਮੰਤਰੀ ਦੇ ਫੋਨ ਦਾ ਵੀ ਕੋਈ ਜ਼ਿਆਦਾ ਅਸਰ ਨਹੀਂ ਹੋ ਪਾ ਰਿਹਾ ਹੈ, ਪਿਛਲੇ 9 ਮਹੀਨਿਆਂ ਵਿੱਚ ਇਨ੍ਹਾਂ ਨੂੰ ਅਜੇ ਤੱਕ ਪਹਿਚਾਣ ਪੱਤਰ ਜਾਰੀ ਨਹੀਂ ਹੋਏ ਹਨ। ਪਿਛਲੇ ਇੱਕ ਹਫਤੇ ਦੌਰਾਨ ਹੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਡਾਇਰੈਕਟਰ ਨੂੰ 3 ਤੋਂ ਜ਼ਿਆਦਾ ਵਾਰ ਫੋਨ ਕੀਤਾ ਹੈ ਪਰ ਅੱਜ ਵੀ ਸਥਿਤੀ ਜਿਉਂ ਦੀ ਤਿਉਂ ਸੀ। ਇਸ ਸਬੰਧੀ ਪੰਚਾਇਤ ਵਿਭਾਗ ਦੇ ਡਾਇਰੈਕਟਰ ਜਸਕਿਰਨ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।