ਮੰਦਰ ਦੇ ਪੁਜਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਰਘਬੀਰ ਸਿੰਘ ਭਾਮੀਆਂ ਕਲਾਂ/ਲੁਧਿਆਣਾ,
ਪਿੰਡ ਭਾਮੀਆਂ ਕਲਾਂ ‘ਚ ਸਥਿਤ ਮੰਦਰ ਬਾਬਾ ਕੀਰਤੀ ‘ਚ ਅਣਪਛਾਤੇ ਹਮਲਾਵਰਾਂ ਨੇ ਪੁਜਾਰੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਉਸਦਾ ਕਤਲ ਕਰ ਦਿੱਤਾ। ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਇੱਕ ਔਰਤ ਸਵੇਰੇ 7 ਵਜੇ ਦੇ ਕਰੀਬ ਮੰਦਰ ‘ਚ ਮੱਥਾ ਟੇਕਣ ਗਈ ਉਕਤ ਔਰਤ ਮੁਤਾਬਕ ਜਿਸ ਸਮੇਂ ਉਹ ਮੰਦਰ ‘ਚ ਦਾਖਲ ਹੋਈ ਤਾਂ ਖੂਨ ਨਾਲ ਲਥਪਥ ਪੁਜਾਰੀ ਜੈ ਰਾਮ ਦੀ ਲਾਸ਼ ਜ਼ਮੀਨ ‘ਤੇ ਪਈ ਸੀ। ਜੈਰਾਮ ‘ਤੇ ਤੇਜ਼ਧਾਰ ਹਥਿਆਰਾਂ ਨਾਲ 5-6 ਵਾਰ ਕੀਤੇ ਗਏ ਸਨ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੁਜਾਰੀ ਜੈਰਾਮ ਵਾਸੀ ਜੌਨਪੁਰ ਯੂਪੀ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਸੀਪੀ ਇਨਵੈਸਟੀਗੇਸ਼ਨ ਭੁਪਿੰਦਰ ਸਿੰਘ ਸਿੱਧੂ, ਸੰਦੀਪ ਮਲਿਕ ਆਈਪੀਐੱਸ, ਬਲਕਾਰ ਸਿੰਘ ਐੱਸਪੀ ਕ੍ਰਾਈਮ, ਸੰਦੀਪ ਸ਼ਰਮਾ ਏਡੀਸੀ-4, ਗੁਰਮੀਤ ਸਿੰਘ ਕਿੰਗਰਾ ਇਲਾਕਾ ਡੀਐੱਸਪੀ ਥਾਣਾ ਜਮਾਲਪੁਰ ਦੀ ਪੁਲਿਸ ਤੇ ਸੀਆਈਏ ਮੌਕੇ ‘ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ ਜਾਂਚ ਦੌਰਾਨ ਪੁਲਿਸ ਨੇ ਡਾਗ ਸਕਵੈਡ ਦੀ ਮਦਦ ਵੀ ਲਈ। ਲੋਕਾਂ ਵੱਲੋਂ ਗੱਦੀ ਨੂੰ ਲੈ ਕੇ ਸੇਵਕਾਂ ਦਰਮਿਆਨ ਚੱਲ ਰਹੀ ਖਿਚੋਤਾਣ ਕਾਰਨ ਕਤਲ ਕੀਤੇ ਜਾਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਐੱਸਐੱਚਓ ਜਮਾਲਪੁਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਸੁੰਦਰ ਨਗਰ ਚੌਂਕ ‘ਚ ਨਾਕਾਬੰਦੀ ‘ਤੇ ਮੌਜੂਦ ਸੀ। ਉਨ੍ਹਾਂ ਨੂੰ ਸੰਤੋਸ਼ ਤਿਵਾੜੀ ਨਾਂਅ ਦੇ ਵਿਅਕਤੀ ਨੇ ਘਟਨਾ ਬਾਰੇ ਸੂਚਨਾ ਦਿੱਤੀ।