ਪੰਜਾਬ

ਯੂਥ ਨੂੰ ਜੋੜਨ ‘ਚ ਕਾਂਗਰਸ ਅਣਟਰੇਂਡ : ਅੰਬਿਕਾ ਸੋਨੀ

ਕਿਹਾ, ਪ੍ਰਸ਼ਾਂਤ ਕਿਸ਼ੋਰ ਕਰ ਰਹੇ ਨੇ ਟਰੇਂਡ
ਬਜ਼ੁਰਗ ਆਗੂਆਂ ਕੋਲ ਨਹੀਂ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਦਾ ਤਜ਼ਰਬਾ
ਚੰਡੀਗੜ੍ਹ,  (ਅਸ਼ਵਨੀ ਚਾਵਲਾ)।  ਅਸੀਂ ਸਾਰੇ ਕਾਫ਼ੀ ਵੱਡੀ ਉਮਰ ਦੇ ਹਾਂ, ਇਸ ਲਈ ਸਾਨੂੰ ਉਹ ਕੁਝ ਨਹੀਂ ਆਉਂਦਾ ਹੈ, ਜਿਹੜਾ ਕਿ ਇੱਕ ਨੌਜਵਾਨ ਚੰਗੀ ਤਰ੍ਹਾਂ ਕਰ ਸਕਦਾ ਹੈ। ਅਸੀਂ ਸਵੀਕਾਰ ਕਰਦੇ ਹਾਂ ਕਿ ਸਾਡੇ ਕੋਲ ਰਾਜਨੀਤੀ ਵਿੱਚ ਚੰਗਾ ਤਜ਼ਰਬਾ ਹੈ ਪਰ ਯੂਥ ਨੂੰ ਨਾਲ ਜੋੜਨ ਲਈ ਅੱਜ ਸੋਸ਼ਲ ਮੀਡੀਆ ਦੀ ਜ਼ਰੂਰਤ ਹੈ, ਇਸ ਜ਼ਰੂਰਤ ਨੂੰ ਪ੍ਰਸ਼ਾਂਤ ਕਿਸ਼ੋਰ ਪੂਰੀ ਕਰ ਰਿਹਾ ਹੈ। ਇੱਥੋਂ ਤੱਕ ਕਿ ਅਸੀਂ ਖ਼ੁਦ ਪ੍ਰਸ਼ਾਂਤ ਕਿਸ਼ੋਰ ਤੋਂ ਟ੍ਰੇਨਿੰਗ ਤੱਕ ਲੈ ਰਹੇ ਹਾਂ ਅਤੇ ਸਾਰੇ ਕਾਂਗਰਸੀਆਂ ਨੂੰ ਲੈਣੀ
ਵੀ ਚਾਹੀਦੀ ਹੈ। ਇਹ ਹੈਰਾਨੀਜਨਕ  ਬਿਆਨ ਪੰਜਵੀਂ ਵਾਰ ਰਾਜ ਸਭਾ ਮੈਂਬਰ ਬਣੀ ਅੰਬਿਕਾ ਸੋਨੀ ਨੇ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤਾ।
ਅੰਬਿਕਾ ਸੋਨੀ ਨੇ ਕਿਹਾ ਕਿ ਕਾਂਗਰਸ ਨੇ ਪਹਿਲੀਵਾਰ ਰਾਜਨੀਤੀ ਵਿੱਚ ਕਿਸੇ ਮਾਹਿਰ ਦੀ ਸਹਾਇਤਾ ਨਹੀਂ ਲਈ ਹੈ, ਇਸ ਤੋਂ ਪਹਿਲਾਂ 1980 ਦੇ ਦਹਾਕੇ ਵਿੱਚ ਵੀ ਇਸ ਤਰਾਂ ਦੀ ਸੇਵਾਵਾਂ ਲਈ ਜਾ ਚੁੱਕਿਆ ਹਨ। ਇਸ ਵਿੱਚ ਕੋਈ ਗਲਤ ਨਹੀਂ ਹੈ ਕਿ ਅਸੀਂ ਪ੍ਰਸ਼ਾਂਤ ਕਿਸੋਰ ਤੋਂ ਪੰਜਾਬ ਵਿੱਚ ਮਦਦ ਲੈ ਕੇ ਸੱਤਾ ਵਿੱਚ ਆਉਣ ਦੀ ਕੋਸ਼ਸ਼ ਕਰ ਰਹੇ ਹਾਂ। ਅੰਬਿਕਾ ਸੋਨੀ ਨੇ ਕਿਹਾ ਕਿ ਕਾਂਗਰਸ ਦੇ ਬਹੁਤ ਸਾਰੇ ਸੀਨੀਅਰ ਲੀਡਰ ਅਤੇ ਵਿਧਾਇਕ ਸੋਸ਼ਲ ਮੀਡੀਆ ‘ਤੇ ਕੰਮ ਹੀ ਨਹੀਂ ਕਰ ਸਕਦੇ ਹਨ ਕਿਉਂਕਿ ਉਨਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਹੀ ਨਹੀਂ ਕਰਨੀ ਆਉਂਦੀ ਹੈ, ਇਸ ਲਈ ਉਨਾਂ ਸਣੇ ਕਾਂਗਰਸੀ ਪ੍ਰਸ਼ਾਂਤ ਕਿਸੋਰ ਤੋਂ ਟ੍ਰੇਨਿੰਗ ਤੱਕ ਲੈ ਰਹੇ ਹਨ।
ਉਨਾਂ ਅੱਗੇ ਕਿਹਾ ਕਿ ਪੰਜਾਬ ਕਾਂਗਰਸ ਅਤੇ ਯੂਥ ਵਿੱਚ ਕਾਫ਼ੀ ਜਿਆਦਾ ਵੱਡਾ ਗੈਪ ਪੈਦਾ ਹੋ ਗਿਆ ਸੀ, ਜਿਸ ਨੂੰ ਭਰਨ ਦੀ ਕੋਸ਼ਸ਼ ਪ੍ਰਸ਼ਾਂਤ ਕਿਸੋਰ ਕਰ ਰਿਹਾ ਹੈ, ਇਸ ਦਾ ਫਾਇਦਾ ਕਾਂਗਰਸ ਨੂੰ ਹੀ ਹੋਵੇਗਾ।
ਉਨਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਸੱਤਾ ‘ਚ ਬਦਲਾਓ ਦੀ ਬਹੁਤ ਹੀ ਜਿਆਦਾ ਜਰੂਰਤ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਖਜਾਨੇ ਖ਼ਾਲੀ ਕਰਨ ਦੇ ਨਾਲ ਹੀ ਗੁੰਡਾ ਰਾਜ ਪੰਜਾਬ ਵਿੱਚ ਫੈਲਾ ਕੇ ਰੱਖਿਆ ਹੋਇਆ ਹੈ, ਜਿਸ ਕਾਰਨ ਹਰ ਪਾਸੇ ਲੋਕ ਦੁਖੀ ਹਨ।

ਪ੍ਰਸਿੱਧ ਖਬਰਾਂ

To Top