ਰਜਿੰਦਰਾ ਹਸਪਤਾਲ ‘ਚੋਂ ਫਰਾਰ ਹਵਾਲਾਤੀ ਪੁਲਿਸ ਵੱਲੋਂ ਕਾਬੂ

ਖੁਸ਼ਵੀਰ ਸਿੰਘ ਤੂਰ ਪਟਿਆਲਾ, 
ਰਜਿੰਦਰਾ ਹਸਪਤਾਲ ‘ਚੋਂ ਪਿਛਲੇ ਦਿਨੀਂ ਫਰਾਰ ਹੋਇਆ ਹਵਾਲਾਤੀ ਪੁਲਿਸ ਵੱਲੋਂ ਅੱਜ ਚੌਥੇ ਦਿਨ ਕਾਬੂ ਕਰ ਲਿਆ ਗਿਆ। ਥਾਣਾ ਸਿਵਲ ਲਾਈਨ ਪੁਲਿਸ ਅਤੇ ਥਾਣਾ ਸਦਰ ਪੁਲਿਸ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਭੱਜੇ ਹੋਏ ਇਸ ਹਵਾਲਾਤੀ ਦੀ ਭਾਲ ਕੀਤੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਅੱਜ ਥਾਣਾ ਸਿਵਲ ਲਾਈਨ ਅਤੇ ਥਾਣਾ ਸਦਰ ਰਾਜਪੁਰਾ ਪੁਲਿਸ ਵੱਲੋਂ ਸਾਂਝੇ ਅਪ੍ਰੇਸ਼ਨ ਦੌਰਾਨ ਫਰਾਰ ਹੋਏ ਹਵਾਲਾਤੀ ਰਣਧੀਰ ਸਿੰਘ ਵਾਸੀ ਗੱਦੋਂਮਾਜਰਾ ਨੂੰ ਸਵੇਰੇ ਉਸ ਦੇ ਘਰੋਂ ਹੀ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਰਾਜਪੁਰਾ ਦੇ ਮੁੱਖੀ ਜਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਿਛਲੇ ਦਿਨਾਂ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਕੱਲ੍ਹ ਰਾਤ ਪਿੰਡ ਗੱਦੋਂਮਾਜਰਾ ਵਿਖੇ ਪੁਲਿਸ ਵੱਲੋਂ ਆਪਣੇ ਖਬਰੀ ਛੱਡੇ ਗਏ ਸਨ। ਪੁਲਿਸ ਨੂੰ ਅੱਜ ਸਵੇਰੇ ਪਤਾ ਲੱਗਾ ਕਿ ਉਹ ਆਪਣੇ ਪਿੰਡ ਵਿੱਚ ਹੈ ਜਿਸ ‘ਤੇ ਦੋਵਾਂ ਥਾਣਿਆਂ ਦੀ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਹਵਾਲਾਤੀ ਰਣਧੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ। ਦੱਸਣਯੋਗ ਹੈ ਕਿ ਹਵਾਲਾਤੀ ਰਣਧੀਰ ਸਿੰਘ ਚਾਰ ਦਿਨ ਪਹਿਲਾਂ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਉਸ ਸਮੇਂ ਚਕਮਾ ਦੇ ਕੇ ਫਰਾਰ ਹੋ ਗਿਆ ਸੀ ਜਦੋਂ ਉਸ ਦੇ ਐਕਸਰੇ ਕਰਨ ਲਈ ਲੈ ਕੇ ਜਾਇਆ ਜਾ ਰਿਹਾ ਸੀ। ਉਹ ਕਤਲ ਦੇ ਮਾਮਲੇ ਸਬੰਧੀ ਕੇਂਦਰੀ ਜੇਲ੍ਹ ਪਟਿਆਲਾ ਅੰਦਰ ਬੰਦ ਸੀ ਜਿਸ ਸਬੰਧੀ ਅਦਾਲਤੀ ਕਾਰਵਾਈ ਜਾਰੀ ਸੀ। ਪੁਲਿਸ ਵੱਲੋਂ ਉਸ ਦੀ ਸਰੁੱਖਿਆ ‘ਚ ਲੱਗੇ ਮੁਲਾਜ਼ਮਾਂ ਅਤੇ ਹਵਾਲਾਤੀ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।