ਕਹਾਣੀਆਂ

ਰੋਟੀ ਆਲਾ ਡੱਬਾ

ਕਹਾਣੀ

ਰੋਜ਼ ਦੀ ਤਰ੍ਹਾਂ ਉਹ ਕਲੋਨੀ ਰੋਡ ਆਲੇ ਫਾਟਕ ‘ਤੇ ਬਣੇ ਲੇਬਰ ਚੌਕ ਕੋਲੇ ਖੜ੍ਹਾ ਸੀ ਉਸ ਨੇ ਸਾਈਕਲ ਰੇਲਵੇ ਦੀ ਕੰਧ ਨਾਲ ਇਹ ਸੋਚ ਕੇ ਛਾਵੇਂ ਹੀ ਲਾ ਦਿੱਤਾ ਕਿ ਕਿਤੇ ਧੁੱਪ ਨਾਲ ਪੈਂਚਰ ਨਾ ਹੋ ਜਾਵੇ ਤੇ ਆਪ ਇੱਧਰ ਧੁੱਪ ਆਲੇ ਪਾਸੇ ਨਾਲ ਦੇ ਮਜ਼ਦੂਰਾਂ ਕੋਲ ਖੜ੍ਹ ਗਿਆ ਇੱਧਰਲੇ ਪਾਸੇ ਮਜ਼ਦੂਰ ਲੈਣ ਆਲੇ ਲੋਕ ਕੁਝ ਜ਼ਿਆਦਾ ਆਉਂਦੇ ਹਨ ਜੇ ਪਹਿਲਾਂ ਵਾਂਗ ਦੱਸ-ਪੰਦਰਾਂ ਦਿਨ ਦਾ ਕੰਮ ਮਿਲ ਜਾਵੇ ਤਾਂ ਉਹ ਮੁੰਡੇ ਦਾ ਦਾਖਲਾ ਉਸ ਸਕੂਲ ਵਿੱਚ ਕਰਵਾ ਸਕੇਗਾ ਜਿੱਥੇ ਪੜ੍ਹਦੇ ਬੱਚਿਆਂ ਨੂੰ ਵੇਖ ਕੇ ਉਸਨੂੰ ਬਾਹਲਾ ਚਾਅ ਜਿਹਾ ਚੜ੍ਹ ਜਾਂਦਾ ਹੈ ਨੀਲੀ ਨਿੱਕਰ ਅਤੇ ਅਸਮਾਨੀ ਰੰਗ ਦੀ ਕਮੀਜ਼ ਤੇ ਲੱਗੀ ਟਾਈ ਵਿੱਚ ਉਸ ਦਾ ਭੋਲੂ ਕਿੰਨਾ ਸੋਹਣਾ ਲੱਗੂਗਾ ਕੀ ਹੋ ਗਿਆ ਜੇ ਭੋਲੂ ਦਾ ਰੰਗ ਥੋੜ੍ਹਾ ਕਾਲਾ ਹੈ, ਬੱਚਾ ਤਾਂ ਕੱਪੜਿਆਂ ਨਾਲ ਹੀ ਫੱਬਦਾ ਹੈ ਫਿਰ ਜਦੋਂ ਉਹ ਰਿਕਸ਼ੇ ‘ਤੇ ਸੇਠਾਂ ਦੇ ਮੁੰਡਿਆਂ ਨਾਲ ਬੈਠੂ ਤਾਂ ਸੇਠ ਹੀ ਲੱਗੂ
ਸਾਢੇ ਅੱਠ ਵੱਜਣ ਨੂੰ ਆਏ ਸਨ ਪਰ ਕੋਈ ਵੀ ਮਿਸਤਰੀ ਜਾਂ ਸੇਠ ਮਜ਼ਦੂਰ ਲੈਣ ਨਹੀਂ ਆਇਆ ਬਹੁਤੇ ਮਜ਼ਦੂਰ ਤੇ ਮਿਸਤਰੀ ਤਾਂ ਬਹੁਤ ਪਹਿਲਾਂ ਹੀ ਕੰਮ ‘ਤੇ ਚਲੇ ਗਏ ਸਨ ਉਸਨੂੰ ਉਮੀਦ ਸੀ ਕਿ ਕੋਈ ਨਾ ਕੋਈ ਭਈਆ ਠੇਕੇਦਾਰ ਉਹਨਾਂ ਨੂੰ ਜ਼ਰੂਰ ਲੈ ਜਾਵੇਗਾ ਪਰ ਅੱਜ-ਕੱਲ੍ਹ ਤਾਂ ਆਪਣੇ ਪੰਜਾਬੀ ਮਿਸਤਰੀ ਵੀ ਭਈਆਂ ਨੂੰ ਪਹਿਲ ਦਿੰਦੇ ਹਨ ਕਿਉਂਕਿ ਪੰਜਾਬੀ ਗਾਲ੍ਹ ਦਿੱਤੇ ਬਿਨਾ ਰਹਿ ਨਹੀਂ ਸਕਦਾ ਤੇ ਪੰਜਾਬੀ ਮਜ਼ਦੂਰ ਗਾਲ੍ਹ ਕਿਸੇ ਦੀ ਸਹਿੰਦਾ ਨਹੀਂ ਇਸੇ ਕਰਕੇ ਲੋਕਲ ਪੰਜਾਬੀ ਮਜ਼ਦੂਰਾਂ ਨੂੰ ਬਹੁਤ ਘੱਟ ਦਿਹਾੜੀਆਂ ਮਿਲਦੀਆਂ ਹਨ ਕਈ ਤਾਂ ਅੱਧਾ ਦਿਨ ਉਡੀਕ ਕੇ ਆਪਣੇ-ਆਪਣੇ ਪਿੰਡ ਵਾਪਿਸ ਚਲੇ ਜਾਂਦੇ ਹਨ
ਪਿਛਲੇ ਮਹੀਨੇ ਉਸ ਦੀਆਂ ਕਾਫੀ ਦਿਹਾੜੀਆਂ ਲੱਗ ਗਈਆਂ ਸਨ ਜਦੋਂ ਉਹ ਸੁਨਿਆਰਿਆਂ ਦੀ ਕੋਠੀ ਪੈਂਦੀ ਸੀ ਠੇਕੇਦਾਰ ਉਸਨੂੰ ਆਪ ਲੈ ਗਿਆ ਸੀ ਫਿਰ ਉਸਨੇ ਵੀ ਲਗਾਤਾਰ ਦਿਹਾੜੀ ਦੇ ਲਾਲਚ ਵਿੱਚ ਕੰਮ ਸੰਭਾਲ ਲਿਆ ਉਹ ਦੂਜੇ ਮਜ਼ਦੂਰਾਂ ਤੇ ਮਿਸਤਰੀਆਂ ਦੇ ਆਉਣ ਤੋਂ ਅੱਧਾ ਘੰਟਾ ਪਹਿਲਾਂ ਹੀ ਕੰਮ ‘ਤੇ ਪਹੁੰਚ ਜਾਂਦਾ ਤੇ ਕੰਮ ਦੀ ਚਾਲ ਬਣਾ ਦਿੰਦਾ ਉਹ ਪਹਿਲਾਂ ਹੋਏ ਕੰਮ ‘ਤੇ ਪਾਣੀ ਦੀ ਪਾਈਪ ਲਾ ਕੇ ਤਰਾਈ ਕਰਦਾ ਬਰੇਤੀ ਛਾਣਕੇ ਲੋੜ ਅਨੁਸਾਰ ਮਸਾਲਾ ਤਿਆਰ ਕਰਦਾ ਜਿੱਥੇ ਲੋੜ ਹੁੰਦੀ ਬੱਲੀਆਂ ਗੱਡ ਕੇ ਬੱਤੇ ਬੰਨ੍ਹ ਦਿੰਦਾ ਤੇ ਉੱਪਰ ਚਾਲੀਆਂ ਪਾ ਕੇ ਪੈੜਾਂ ਤਿਆਰ ਕਰ ਦਿੰਦਾ ਇਹ ਸਾਰੇ ਕੰਮ ਉਹ ਮਿਸਤਰੀਆਂ ਦੇ ਆਉਣ ਤੋਂ ਪਹਿਲਾਂ ਟਿੱਚ ਕਰਕੇ ਰੱਖਦਾ ਇਹ ਵੇਖਕੇ ਠੇਕੇਦਾਰ ਬਹੁਤ ਖੁਸ਼ ਹੁੰਦਾ ਤੇ ਉਸ ਨੂੰ ਫੋਰਮੈਨ ਸਾਬ੍ਹ ਆਖਦਾ ਫੋਰਮੈਨਾ ਆਹ ਕਰਦੇ, ਉਹ ਕਰਦੇ ਓਏ ਫੋਰਮੈਨੀ ਦੇ ਚਾਅ ‘ਚ ਉਹ ਦੁਪਹਿਰੇ ਰੋਟੀ ਤੋਂ ਬਾਅਦ ਆਰਾਮ ਵੀ ਘੱਟ ਹੀ ਕਰਦਾ ਸਾਰਾ ਦਿਨ ਉਸਦੀ ਨਿਗ੍ਹਾ ਪਾਣੀ ਵਾਲੇ ਟੈਂਕ ‘ਤੇ ਰਹਿੰਦੀ ਜਦੋਂ ਉਸਨੂੰ ਪਾਣੀ ਆਲਾ ਟੈਂਕ ਅੱਧਾ ਕੁ ਹੋਇਆ ਲੱਗਦਾ ਤਾਂ ਉਹ ਝੱਟ ਮੋਟਰ ਚਲਾ ਦਿੰਦਾ
ਦੂਜੇ ਮਜ਼ਦੂਰ ਉਸ ‘ਤੇ ਖਿਝਦੇ ਸਨ ਕਿਉਂਕਿ ਕਈ ਵਾਰੀ ਉਹਨਾਂ ਨੂੰ ਵੀ ਉਸਦੇ ਬਰਾਬਰ ਹੀ ਕੰਮ ਕਰਨਾ ਪੈਂਦਾ ਉਹ ਇੱਧਰ-ਉੱਧਰ ਵੀ ਟਾਇਮ ਖਰਾਬ ਕਰਦੇ ਸਨ ਪਰ ਇਹਨੂੰ ਤਾਂ ਬੱਸ ਇੱਕੋ ਧੁਨ ਸੀ ਕਿ ਕਦੋਂ ਦਾਖਲੇ ਜੋਗੇ ਪੈਸੇ ਇਕੱਠੇ ਹੋਣ ਤੇ ਕਦੋਂ ਉਹ ਆਪਣੇ ਭੋਲੂ ਨੂੰ ਨਿੱਕਰ ਸੂਟ ਵਿੱਚ ਵੇਖੇ ਲਗਾਤਾਰ ਦਿਹਾੜੀ ਨਾਲ ਉਸ ਨੂੰ ਕੁਝ ਉਮੀਦ ਜਿਹੀ ਜਾਗੀ ਤੇ ਉਸ ਨੂੰ ਆਪਣੇ ਸੁਫਨੇ ਸਾਕਾਰ ਹੁੰਦੇ ਲੱਗੇ ਪਰ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ ਦਿਹਾੜੀਆਂ ਦਾ ਸਿਲਸਿਲਾ ਵਿਚਾਲੇ ਹੀ ਟੁੱਟ ਗਿਆ
”ਹਾਂ ਵੀ ਚੱਲਣਾ ਕੰਮ ‘ਤੇ?” ਸਾਈਕਲ ‘ਤੇ ਆਏ ਇੱਕ ਅੱਧਖੜ ਜਿਹੇ ਬੰਦੇ ਨੇ ਪੁੱਛਿਆ ”ਕਿੰਨੇ ਪੈਸੇ ਲਵੇਂਗਾ?” ਜਦੀ ਉਸਨੇ ਦਿਹਾੜੀ ਦੱਸੀ ਤਾਂ ਉਹ ਬੰਦਾ ਅੱਗੇ ਚਲਾ ਗਿਆ ਅਖੇ ਅੱਧਾ ਦਿਨ ਤੇ ਟੱਪ ਗਿਆ ਇਸ ਤੋਂ ਅੱਗੇ ਉਹ ਕੁਝ ਬੋਲਦਾ ਜਾਂ ਪੈਸੇ ਘੱਟ ਕਰਦਾ ਉਹ ਕਿਸੇ ਭਈਏ ਨੂੰ ਲੈ ਕੇ ਚਲਦਾ ਬਣਿਆ ਹੁਣ ਅੱਜ ਦੀ ਵੀ ਉਸ ਦੀ ਰਹਿੰਦੀ-ਖੂੰਹਦੀ ਉਮੀਦ ਵੀ ਖਤਮ ਹੋ ਗਈ ਉਸ ਦਾ ਦਿਲ ਕੀਤਾ ਕਿ ਉਹ ਸਾਈਕਲ ਚੁੱਕੇ ਤੇ ਘਰੇ ਚਲਾ ਜਾਵੇ ਤੇ ਘਰੇ ਕੋਈ ਨਾ ਕੋਈ ਕੰਮ ਕਰ ਲਵੇਗਾ ਤੇ ਚਾਰ ਛਿੱਲੜ ਕਮਾ ਲਵੇਗਾ ਪਰ ਭੋਲੂ ਦੇ ਦਾਖਲੇ ਆਲੀ ਮੰਸ਼ਾ ਨੇ ਉਸਨੂੰ ਉੱਥੋਂ ਹਿੱਲਣ ਨਾ ਦਿੱਤਾ
ਭੋਲੂ ਦੇ ਦਾਖਲੇ ਦੀ ਤਰ੍ਹਾਂ ਹੀ ਉਸਦੇ ਬਾਪੂ ਨੂੰ ਵੀ ਐਹੋ ਜੱਦੋ-ਜ਼ਹਿਦ ਕਰਨੀ ਪਈ ਸੀ ਉਸਦੇ ਕਾਲਜ ਦਾਖਲੇ ਲਈ, ਜਦੋਂ ਉਸਨੇ ਫਸਟ ਡਿਵੀਜ਼ਨ ਵਿੱਚ ਦੱਸਵੀਂ ਪਾਸ ਕੀਤੀ ਸੀ ਤੇ ਕਾਲਜ ਵਿੱਚ ਦਾਖਲਾ ਲੈਣ ਦਾ ਸੋਚਿਆ ਸੀ ਦਾਖਲੇ ਦੀ ਫੀਸ ਭਰਨ ਦਾ ਬਾਪੂ ਕਈ ਦਿਨ ਲਾਰਾ ਲਾਉਂਦਾ ਰਿਹਾ ਅੱਜ-ਕੱਲ੍ਹ ਕਰਦੇ ਤੋਂ ਪੈਸੇ ਪੂਰੇ ਨਾ ਹੋਏ ਤੇ ਆਖਰ ਬਾਪੂ ਟੁੱਟ ਗਿਆ ਤੇ ਕਹਿੰਦਾ, ਬੇਟਾ ਪੜ੍ਹਾਈ ਆਪਣੇ ਗਰੀਬਾਂ ਦੇ ਵੱਸ ਦਾ ਰੋਗ ਨਹੀਂ ਛੱਡ ਪੜ੍ਹਾਈ ਦੇ ਸੁਫਨੇ ਤੇ ਕੋਈ ਛੋਟਾ-ਮੋਟਾ ਕੰਮ ਕਰਲੈ ਤੇ ਉਹ ਗਰੀਬੀ ਦੀ ਚੱਕੀ ਵਿੱਚ ਪਿਸਦਾ ਹੋਇਆ ਕਾਲਜ ਦੇ ਸੁਫ਼ਨੇ ਲੈਂਦਾ-ਲੈਂਦਾ ਪਿਉ ਨਾਲ ਮਜ਼ਦੂਰੀ ਕਰਨ ਲੱਗ ਪਿਆ ਤੇ ਇੱਕ ਮਜ਼ਦੂਰ ਬਣਕੇ ਰਹਿ ਗਿਆ ਪਰ ਉਸਨੇ ਸੋਚਿਆ ਕਿ ਉਹ ਹੁਣ ਆਪਣੇ ਭੋਲੂ ਨਾਲ ਇਹ ਨਹੀਂ ਹੋਣ ਦੇਵੇਗਾ ਜੇ ਉਹ ਚੰਗਾ ਪੜ੍ਹ-ਲਿਖ ਗਿਆ ਤਾਂ ਕੋਈ ਵੱਡਾ ਅਫ਼ਸਰ ਬਣ ਜਾਵੇਗਾ, ਫਿਰ ਉਸ ਨੂੰ ਦਿਹਾੜੀ ਕਰਨ ਦੀ ਲੋੜ ਨਹੀਂ ਰਹੇਗੀ
ਉਸ ਦਿਨ ਨਵੇਂ ਸਕੂਲ ‘ਚ ਦਾਖਲੇ ਤੋਂ ਬਾਅਦ ਰਿਕਸ਼ੇ ‘ਤੇ ਵਰਦੀ ਪਾਈ ਬੈਠੇ ਭੋਲੂ ਦੇ ਸੁਫਨੇ ‘ਚ ਗੁਆਚੇ ਤੋਂ ਨਵੀਆਂ ਟਾਈਲਾਂ ਵਾਲਾ ਡੱਬਾ ਥੱਲੇ ਡਿੱਗ ਪਿਆ ਤੇ ਕਈ ਟਾਈਲਾਂ ਚਕਨਾਚੂਰ ਹੋ ਗਈਆਂ ਬੱਸ ਫਿਰ ਕੀ ਸੀ, ਵੱਡੇ ਸੁਨਿਆਰੇ ਦਾ ਗੁੱਸਾ ਸਿਖਰਾਂ ‘ਤੇ ਸੀ ਤੇ ਸਾਹਮਣੇ ਇੱਕ ਗਰੀਬ ਮਜ਼ਦੂਰ ਸੀ ਉਹਨਾਂ ਨੇ ਉਸਦੀ ਬਹੁਤ ਲਾਹ-ਪਾਹ ਕੀਤੀ ਤੇ ਗੁੱਸੇ ‘ਚ ਆਏ ਠੇਕੇਦਾਰ ਨੇ ਵੀ ਉਸਦੀ ਦਸ ਦਿਨਾਂ ਦੀ ਦਿਹਾੜੀ ਕੱਟ ਲਈ ਦਿਲ ਲਾ ਕੇ ਕੀਤੇ ਵਾਧੂ ਕੰਮ ਨੂੰ ਵੀ ਠੇਕੇਦਾਰ ਭੁੱਲ ਗਿਆ ਫੋਰਮੈਨੀ ਵਾਲਾ ਤਗਮਾ ਵੀ ਉਸਨੇ ਝੱਟ ਲਾਹ ਲਿਆ ਤੇ ਕੰਮ ਤੋਂ ਛੁੱਟੀ ਕਰ ਦਿੱਤੀ ਇਸ ਲਈ ਤੇ ਉਹ ਹੁਣ ਭਟਕਦਾ ਫਿਰਦਾ ਸੀ ਉਸਨੇ ਉਸ ਦਿਨ ਰੋਟੀ ਵੀ ਨਾ ਖਾਧੀ ਉਸਨੂੰ ਭੁੱਖ ਤਾਂ ਲੱਗੀ ਸੀ ਪਰ ਦਿਹਾੜੀ ਛੁੱਟਣ ਅਤੇ ਮਿਲੀਆਂ ਝਿੜਕਾਂ ਨੇ ਉਸਦੀ ਭੁੱਖ ਹੀ ਮਾਰ ਦਿੱਤੀ ਸੀ ਕਾਫੀ ਦੇਰ ਉਹ ਸ਼ਹਿਰ ਵਿੱਚ ਹੀ ਘੁਮੰਦਾ ਰਿਹਾ ਸ਼ਾਮੀ ਘਰੇ ਪਹੁੰਚਣ ‘ਤੇ ਜਦੋਂ ਉਸ ਦੀ ਘਰਵਾਲੀ ਨੇ ਸਾਈਕਲ ਨਾਲੋਂ ਰੋਟੀ ਵਾਲਾ ਡੱਬਾ ਲਾਹਿਆ ਤੇ ਭਰਿਆ ਡੱਬਾ ਵੇਖ ਕੇ ਹੀ ਉਸ ਦਾ ਮੱਥਾ ਠਣਕ ਗਿਆ ਜੋ ਕਿਸੇ ਅਣਹੋਣੀ ਦਾ ਪ੍ਰਤੀਕ ਸੀ ਉਹ ਕੁਝ-ਕੁਝ ਸਮਝ ਗਈ ਸੀ ਤੇ ਹੁਣ ਉਹ ਕਦੇ ਰੋਟੀ ਆਲੇ ਡੱਬੇ ਵੱਲ ਵੇਖਦੀ ਸੀ ਤੇ ਕਦੇ ਭੋਲੂ ਵੱਲ

ਰਮੇਸ਼ ਸੇਠੀ ਬਾਦਲ

ਮੋ. 98766-27233

ਪ੍ਰਸਿੱਧ ਖਬਰਾਂ

To Top