ਲੈਬ ਅਟੈਂਡੈਂਟ ਨੇ ਲਿਆ ਫਾਹਾ

ਸੁਨੀਲ ਚਾਵਲਾ ਸਮਾਣਾ,
ਪਬਲਿਕ ਕਾਲਜ ਸਮਾਣਾ ਵਿਖੇ ਲੈਬ ਅਟੈਂਡੈਂਟ ਵਜੋਂ ਕੰਮ ਕਰ ਰਹੇ ਵਿਅਕਤੀ ਵੱਲੋਂ ਅੱਜ ਕਾਲਜ ਦੇ ਬਾਥਰੂਮ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।
ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ (45) ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਰਾਜਲਾ ਰੋਜਾਨਾ ਦੀ ਤਰਾਂ ਕਾਲਜ ਆਇਆ। ਦੁਪਹਿਰ ਸਮੇਂ ਕਰੀਬ 12 ਵਜੇ ਉਹ ਕਾਲਜ ਦੇ ਬਾਥਰੂਮ ਵਿਖੇ ਗਿਆ ਤੇ ਅੰਦਰੋਂ ਦਰਵਾਜਾ ਬੰਦ ਕਰ ਲਿਆ।
ਕਾਫ਼ੀ ਸਮਾਂ ਜਦੋਂ ਉਹ ਬਾਥਰੂਮ ਵਿਚੋਂ ਵਾਪਿਸ ਨਹੀਂ ਪਰਤਿਆ ਤਾਂ ਕਾਲਜ ਦੇ ਗੇਟਕੀਪਰ ਨੇ ਬਾਥਰੂਮ ਦਾ ਦਰਵਾਜਾ ਖਟਖਟਾਇਆ ਪਰ ਜਦੋਂ ਅੰਦਰੋਂ ਕਿਸੇ ਵੱਲੋਂ ਵੀ ਦਰਵਾਜਾ ਨਹੀਂ ਖੋਲ੍ਹਿਆ ਗਿਆ ਤਾਂ ਉਸਨੇ ਕਾਲਜ ਪ੍ਰਿੰਸੀਪਲ ਸਣੇ ਦੂਜੇ ਸਟਾਫ਼ ਨੂੰ ਸੂਚਿਤ ਕੀਤਾ ਤੇ ਕਾਲਜ ਸਟਾਫ਼ ਦੀ ਹਾਜ਼ਿਰੀ ਵਿਚ ਬਾਥਰੂਮ ਦੇ ਦਰਵਾਜੇ ਨੂੰ ਤੋੜਿਆ ਗਿਆ। ਅੰਦਰ ਭੁਪਿੰਦਰ ਸਿੰਘ ਦੀ ਲਾਸ਼ ਲਟਕ ਰਹੀ ਸੀ। ਉਸਨੇ ਬਾਥਰੂਮ ਦੀ ਗ੍ਰਿਲ ਨਾਲ ਰੱਸੀ ਬੰਨ ਕੇ ਆਤਮ ਹੱਤਿਆ ਕੀਤੀ।
ਕਾਲਜ ਪ੍ਰਸ਼ਾਸ਼ਨ ਵੱਲੋਂ ਤੁਰੰਤ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਨਾਂ ਦੀ ਹਾਜ਼ਿਰੀ ਵਿਚ ਲਾਸ਼ ਨੂੰ ਥੱਲੇ ਉਤਾਰਿਆ ਤੇ ਸਥਾਨਕ ਸਿਵਲ ਹਸਪਤਾਲ ਵਿਖੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕੀਤੀ।