Breaking News

ਲੋਕ ਸਭਾ ਚੋਣਾਂ: ਕਾਂਗਰਸੀ ਉਮੀਦਵਾਰਾਂ ਦੇ ਬਦਲੇ ਹੋਣਗੇ ਚਿਹਰੇ

ਕਾਂਗਰਸ ਨੂੰ ਨਵੇਂ ਲੱਭਣੇ ਪੈਣਗੇ ਉਮੀਦਵਾਰ, ਕਈ ਬਣੇ ਵਿਧਾਇਕ ਤੇ ਕਈ ਗਏ ਰਾਜ ਸਭਾ

ਪ੍ਰਤਾਪ ਬਾਜਵਾ ਅਤੇ ਅੰਬਿਕਾ ਸੋਨੀ ਚਲੇ ਗਏ ਹਨ ਰਾਜ ਸਭਾ ‘ਚ

ਸਾਧੂ ਧਰਮਸੋਤ ਅਤੇ ਮਨਪ੍ਰੀਤ ਬਾਦਲ ਬਣ ਚੁੱਕੇ ਹਨ ਮੰਤਰੀ ਤੇ ਵਿਜੇਇੰਦਰ ਸਿੰਗਲਾ ਵਿਧਾਇਕ

ਅਸ਼ਵਨੀ ਚਾਵਲਾ
ਚੰਡੀਗੜ੍ਹ, 29 ਜਨਵਰੀ

ਲੋਕ ਸਭਾ ਚੋਣਾਂ 2019 ਦੀ ਤਿਆਰੀ ਵਿੱਚ ਜੁਟੀ ਕਾਂਗਰਸ ਨੂੰ ਪੰਜਾਬ ਵਿੱਚ ਨਵੇਂ ਉਮੀਦਵਾਰ ਲੱਭਣੇ ਪੈਣਗੇ, ਕਿਉਂਕਿ ਇਸ ਵਾਰ ਚੋਣ ਮੈਦਾਨ ਵਿੱਚ 50 ਫੀਸਦੀ ਤੋਂ ਜ਼ਿਆਦਾ ਉਮੀਦਵਾਰ ਹੀ ਬਾਹਰ ਹੋ ਗਏ ਹਨ। ਕੁਝ ਉਮੀਦਵਾਰ ਰਾਜ ਸਭਾ ਦੀ ਸੀਟ ਸੰਭਾਲਦੇ ਹੋਏ ਸੰਸਦ ਮੈਂਬਰ ਬਣ ਗਏ ਹਨ ਤਾਂ ਕੁਝ ਵਿਧਾਇਕ ਜਾਂ ਫਿਰ ਮੰਤਰੀ ਬਣ ਕੇ ਪੰਜਾਬ ਸਰਕਾਰ ਦਾ ਹਿੱਸਾ ਬਣ ਗਏ ਹਨ। ਇੱਥੇ ਹੀ ਕੁਝ ਉਮੀਦਵਾਰਾਂ ਵੱਲੋਂ ਇਸ ਵਾਰ ਚੋਣ ਲੜਨ ਤੋਂ ਇਨਕਾਰੀ ਕੀਤੀ ਜਾ ਰਹੀਂ ਹੈ, ਜਿਸ ਦੌਰਾਨ ਅਗਲੀ ਲੋਕ ਸਭਾ ਚੋਣਾਂ ਵਿੱਚ ਕਈ ਹਲਕਿਆਂ ਵਿੱਚ ਕਾਂਗਰਸ ਵਲੋਂ ਨਵੇਂ ਉਮੀਦਵਾਰ ਹੀ ਉਤਾਰੇ ਜਾਣਗੇ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਹਰਾਉਣ ਵਾਲੇ ਅਮਰਿੰਦਰ ਸਿੰਘ ਹੁਣ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਦੀ ਥਾਂ ‘ਤੇ ਸੰਸਦ ਮੈਂਬਰ ਬਣੇ ਗੁਰਜੀਤ ਸਿੰਘ ਔਜਲਾ ਹੀ ਅੰਮ੍ਰਿਤਸਰ ਤੋਂ ਅਗਲੇ ਉਮੀਦਵਾਰ ਹੋ ਸਕਦੇ ਹਨ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਤੋਂ ਚੋਣ ਹਾਰਨ ਵਾਲੀ ਅੰਬਿਕਾ ਸੋਨੀ ਅਤੇ ਗੁਰਦਾਸਪੁਰ ਤੋਂ ਹਾਰ ਦਾ ਸਾਹਮਣਾ ਕਰਨ ਵਾਲੇ ਪ੍ਰਤਾਪ ਬਾਜਵਾ ਇਸ ਸਮੇਂ ਰਾਜ ਸਭਾ ਮੈਂਬਰ ਬਣ ਕੇ ਸੰਸਦ ਵਿੱਚ ਪੁੱਜ ਗਏ ਹਨ। ਗੁਰਦਾਸਪੁਰ ਵਿਖੇ ਸੁਨੀਲ ਜਾਖੜ ਉਪ ਚੋਣ ਜਿੱਤ ਕੇ ਸੰਸਦ ਮੈਂਬਰ ਬਣ ਗਏ ਹਨ ਅਤੇ ਅਗਾਂਹ ਤੋਂ ਵੀ ਇਸੇ ਸੀਟ ‘ਤੇ ਚੋਣ ਲੜਨ ਦੀ ਆਸ ਹੈ, ਫਿਰੋਜ਼ਪੁਰ ਸੀਟ ਖ਼ਾਲੀ ਹੋ ਗਈ ਹੈ। ਫਿਰੋਜ਼ਪੁਰ ਵਿਖੇ ਸੁਨੀਲ ਜਾਖੜ 2014 ਵਿੱਚ ਉਮੀਦਵਾਰ ਸਨ।

ਇਸੇ ਤਰ੍ਹਾਂ ਬਠਿੰਡਾ ਤੋਂ ਮਨਪ੍ਰੀਤ ਬਾਦਲ ਅਤੇ ਫਤਿਹਗੜ੍ਹ ਸਾਹਿਬ ਤੋਂ ਸਾਧੂ ਸਿੰਘ ਧਰਮਸੋਤ ਚੋਣ ਹਾਰਨ ਤੋਂ ਬਾਅਦ ਪਿਛਲੇ ਸਾਲ 2017 ਵਿਧਾਨ ਸਭਾ ਚੋਣਾਂ ਦਰਮਿਆਨ ਵਿਧਾਇਕ ਬਣ ਗਏ ਹਨ ਅਤੇ ਹੁਣ ਦੋਵੇਂ ਕੈਬਨਿਟ ਮੰਤਰੀ ਹਨ  ਜਿਸ ਦੌਰਾਨ ਬਠਿੰਡਾ ਅਤੇ ਫਤਿਹਗੜ੍ਹ ਸਾਹਿਬ ਵਿਖੇ ਵੀ ਕਾਂਗਰਸ ਨੂੰ ਨਵਾਂ ਉਮੀਦਵਾਰ ਲੱਭਣਾ ਪਵੇਗਾ।

ਇਸੇ ਤਰ੍ਹਾਂ ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਰਹੇ ਵਿਜੇਇੰਦਰ ਸਿੰਗਲਾ ਇਸ ਸਮੇਂ ਸੰਗਰੂਰ ਤੋਂ ਹੀ ਵਿਧਾਇਕ ਹਨ, ਜਦੋਂ ਕਿ ਫਰੀਦਕੋਟ ਤੋਂ ਜੋਗਿੰਦਰ ਸਿੰਘ ਚੋਣ ਲੜਨ ਵਿੱਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੇ ਹਨ, ਜਿਸ ਕਾਰਨ ਸੰਗਰੂਰ ਅਤੇ ਫਰੀਦਕੋਟ ਵਿਖੇ ਵੀ ਨਵਾਂ ਉਮੀਦਵਾਰ ਕਾਂਗਰਸ ਨੂੰ ਉਤਾਰਨਾ ਪਵੇਗਾ।

ਪਟਿਆਲਾ ਲੋਕ ਸਭਾ ਸੀਟ ਤੋਂ ਪਿਛਲੀ ਵਾਰ ਹਾਰ ਦਾ ਸਾਹਮਣਾ ਕਰਨ ਵਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਵੱਲੋਂ ਅਗਲੀ ਲੋਕ ਸਭਾ ਚੋਣਾਂ ਵਿੱਚ ਮੁੜ ਤੋਂ ਚੋਣ ਮੈਦਾਨ ‘ਚ ਉੱਤਰਨਾ ਮੁਸ਼ਕਲ ਹੈ, ਕਿਉਂਕਿ ਇੱਕ ਪਰਿਵਾਰ ਇੱਕ ਟਿਕਟ ਦਾ ਪੈਟਰਨ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ੁਰੂ ਕੀਤਾ ਸੀ, ਜਿਸ ਕਾਰਨ ਪਟਿਆਲਾ ਵਿਖੇ ਪਹਿਲੀ ਵਾਰ 2 ਦਹਾਕੇ ਤੋਂ ਬਾਅਦ ਸ਼ਾਹੀ ਪਰਿਵਾਰ ਤੋਂ ਬਾਹਰ ਦਾ ਲੀਡਰ ਲੋਕ ਸਭਾ ਚੋਣ ਲਈ ਉਮੀਦਵਾਰ ਹੋ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top