ਲੋਨ ਦੇ ਨਾਂਅ ‘ਤੇ ਠੱਗੀਆਂ ਮਾਰਨ ਵਾਲਾ ਕਾਬੂ

ਜੀਵਨ ਰਾਮਗੜ ਬਰਨਾਲਾ,
ਭੋਲੇ ਭਾਲੇ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਲੋਨ ਕਰਵਾਉਣ ਦੇ ਨਾਂਅ ‘ਤੇ ਠੱਗੀ ਮਾਰਨ ਵਾਲਾ ਇੱਕ ਭਗੌੜਾ ਬਰਨਾਲਾ ਪੁਲੀਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਪੀ.ਓ.ਸਟਾਫ਼ ਦੇ ਇੰਚਾਰਜ਼ ਹਰਬੰਸ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਵਾਸੀ ਜੈਤੋ ਖਿਲਾਫ਼ 2015 ‘ਚ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ‘ਤੇ ਲੋਕਾਂ ਨਾਲ ਲੋਨ ਦੇਣ ਦੇ ਨਾਂਅ ‘ਤੇ ਠੱਗੀ ਮਾਰਨ ਦਾ ਦੋਸ਼ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲਾ ਜਾਂਚ ਕਰਨ ਉਪਰੰਤ ਥਾਣਾ ਸਿਟੀ ਵਿਖੇ ਦਰਜ਼ ਕੀਤਾ ਗਿਆ ਸੀ ਜਿਸ ਉਪਰੰਤ ਉਕਤ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ‘ਚੋਂ ਭਗੌੜਾ ਸੀ। ਉਨਾਂ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ਼ ਥਾਣਾ ਸੰਗਤ ਵਿਖੇ ਵੀ ਮਾਮਲਾ ਦਰਜ਼ ਹੈ। ਅੱਜ ਪੀ.ਓ.ਸਟਾਫ਼ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਉਕਤ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ। ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਜਾਵੇਗਾ।