ਲੜਕੀ ਦੀ ਮੌਤ ਦੇ ਵਿਰੋਧ ‘ਚ ਹਸਪਤਾਲ ਦੇ ਗੇਟ ਮੂਹਰੇ ਲਾਇਆ ਧਰਨਾ

0
Protest, Death, Girl, Front, Hospital 

ਗੁਰਜੀਤ/ਭੁੱਚੋ ਮੰਡੀ

ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ ‘ਤੇ ਸਥਿੱਤ ਆਦੇਸ਼ ਹਸਪਤਾਲ ਭੁੱਚੋ ਵਿਖੇ ਦਾਖਲ ਇੱਕ ਨੌਜਵਾਨ ਲੜਕੀ ਦੀ ਹੋਈ ਮੌਤ ਦੇ ਵਿਰੋਧ ਵਿੱਚ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਮੁੱਖ ਗੇਟ ਅੱਗੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੜਕੀ ਦੇ ਮਾਮੇ ਲਖਵੀਰ ਸਿੰਘ ਝੰਡੂਕੇ ਨੇ ਦੱਸਿਆ ਕਿ ਉਹ ਪਿੰਡ ਕਮਾਲੂ ਤੋਂ ਆਪਣੀ ਭਾਣਜੀ ਅਮਨਦੀਪ ਕੌਰ (18) ਨੂੰ ਸੈੱਲ ਘਟਣ ਕਾਰਨ ਤਿੰਨ ਦਿਨ ਪਹਿਲਾਂ ਇਲਾਜ ਲਈ ਇੱਥੇ ਦਾਖ਼ਲ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਜਦ ਉਸ ਨੂੰ ਟੀਕਾ ਲਾਇਆ, ਤਾਂ ਉਹ ਬੇਹੋਸ਼ ਹੋ ਗਈ ਅਤੇ 16 ਸਤੰਬਰ ਦੀ ਰਾਤ ਨੂੰ 11 ਵਜੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਹ ਹਸਪਤਾਲ ਵਿੱਚ 20 ਹਜ਼ਾਰ ਰੁਪਏ ਜਮ੍ਹਾ ਕਰਵਾ ਚੁੱਕੇ ਹਨ ਤੇ 27 ਹਜ਼ਾਰ ਰੁਪਏ ਹੋਰ ਜਮ੍ਹਾ ਕਰਵਾਉਣ ਲਈ ਹਸਪਤਾਲ ਦੇ ਪ੍ਰਬੰਧਕ ਮਜਬੂਰ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਲੜਕੀ ਦਾ ਪਿਤਾ ਜਗਸੀਰ ਸਿੰਘ ਪਿੰਡ ਕਮਾਲੂ ਦਾ ਮੌਜ਼ੂਦਾ ਚੌਂਕੀਦਾਰ ਹੈ। ਗਰੀਬ ਹੋਣ ਕਾਰਨ ਉਹ ਹੋਰ ਪੈਸੇ ਦੇਣ ਤੋਂ ਅਸਮਰੱਥ ਹੈ ਪਰ ਹਸਪਤਾਲ ਵਾਲਿਆਂ ਨੇ ਪੈਸੇ ਜਮ੍ਹਾ ਕਰਵਾਏ ਬਿਨਾਂ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਲੜਕੀ ਦੀ ਮੌਤ ਡਾਕਟਰਾਂ ਦੀ ਨਿਰੋਲ ਲਾਪਰਵਾਹੀ ਕਾਰਨ ਹੋਈ ਹੈ। ਉਨ੍ਹਾਂ ਡਾਕਟਰਾਂ ਨੂੰ ਇਹ ਵੀ ਕਿਹਾ ਕਿ ਜੇਕਰ ਲੜਕੀ ਦੀ ਹਾਲਤ ਜਿਆਦਾ ਗੰਭੀਰ ਹੈ, ਤਾਂ ਉਹ ਫਰੀਦਕੋਟ ਲਈ ਰੈਫ਼ਰ ਕਰ ਦੇਣ। ਪਰੰਤੂ ਉਨ੍ਹਾਂ ਨੇ ਹਾਲਤ ਨੂੰ ਜਿਆਦਾ ਗੰਭੀਰ ਦੱਸਦਿਆਂ ਰੈਫ਼ਰ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਲੜਕੀ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਪੁਲਿਸ ਕਾਰਵਾਈ ਕੀਤੀ ਜਾਵੇ ਤੇ ਲੜਕੀ ਦੀ ਲਾਸ਼ ਵਾਰਸਾਂ ਨੂੰ ਸੌਂਪੀ ਜਾਵੇ। ਇਸ ਮਾਮਲੇ ਵਿੱਚ ਹਸਪਤਾਲ ਦੇ ਡੀਜੀਐੱਮ ਪ੍ਰੇਮ ਲਾਲ ਨੇ ਦੱਸਿਆ ਕਿ ਇਸ ਮਰੀਜ਼ ਦਾ 27 ਹਜ਼ਾਰ ਦਾ ਬਿੱਲ ਬਿਲਕੁਲ ਜਾਇਜ਼ ਹੈ ਤੇ ਪ੍ਰਬੰਧਕਾਂ ਨੇ ਬਣਦੀ ਛੋਟ ਵੀ ਕਰ ਦਿੱਤੀ ਹੈ। ਇਸ ਮੌਕੇ ਥਾਣਾ ਛਾਉਣੀ ਦੇ ਐਸਐਚਓ ਹਰਜੀਤ ਸਿੰਘ ਨੇ ਮੌਕੇ ‘ਤੇ ਪੁੱਜ ਕੇ ਧਰਨਾਕਾਰੀਆਂ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਦੀ ਪ੍ਰਬੰਧਕਾਂ ਨਾਲ ਗੱਲਬਾਤ ਕਰਵਾਉਣ ਦੀ ਗੱਲ ਆਖੀ ਪਰ ਖ਼ਬਰ ਲਿਖੇ ਜਾਣ ਤੱਕ ਗੱਲ ਸਿਰੇ ਨਾ ਚੜ੍ਹੀ ਤੇ ਧਰਨਾ ਜਾਰੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।