ਖੇਤੀਬਾੜੀ

ਵਿਉਂਤਬੰਦੀ ਨਾਲ ਚੱਲਣ ਕਿਸਾਨ ਤੇ ਹੋਣ ਖੁਸ਼ਹਾਲ

ਫਰਜ਼, ਹੱਕ, ਸੇਵਾ ਤੇ ਵਿਉਂਤਬੰਦੀ ਕੁਝ ਅਜਿਹੇ ਨੁਕਤੇ ਹਨ ਜੋ ਹਰ ਕਿਸੇ ਨੂੰ, ਜੇ ਉਹ ਗੰਭੀਰਤਾ ਨਾਲ ਵਿਚਾਰ ਕਰੇ ਤਾਂ, ਸੋਚਾਂ ਵਿੱਚ ਪਾ ਜਾਂਦੇ ਹਨ ਸੋਜਦਾ-ਸੋਚਦਾ ਬੰਦਾ ਇੱਕ ਚਕਰਵਿਊ ਵਿੱਚ ਉਲਝ ਜਾਂਦਾ ਹੈ। ਉਸ ਚੱਕਰਵਿਊ ਵਿੱਚੋਂ ਨਿੱਕਲਣਾ ਹਰ ਕਿਸੇ ਨੂੰ ਨਹੀਂ ਆਉਂਦਾ ਅਭਿਮੰਨਿਊ ਵੀ ਇਸੇ ਚੱਕਰਵਿਊ ਵਿੱਚ ਉਲਝ ਗਿਆ ਸੀ ਕਿਉਂਕਿ ਉਸ ਨੂੰ ਚੱਕਰਵਿਊ ਬਣਾਕੇ ਜੰਗ ਲੜਣ ਦੀ ਤਾਂ ਜਾਚ ਉਸ ਦੇ ਗੁਰੂ ਨੇ ਦੱਸ ਦਿੱਤੀ ਸੀ ਪਰੰਤੂ ਉਸ ਵਿੱਚੋਂ ਨਿੱਕਲਣ ਦੀ ਨਹੀਂ ਕਿਉਂਕਿ ਜਦੋਂ ਉਹ ਗਰਭ ਵਿਚ ਸੀ ਤਾਂ ਉਸ ਦੀ ਸੁਭੱਦਰਾ ਨੂੰ ਕ੍ਰਿਸ਼ਨ ਜੀ ਨੇ ਚੱਕਰਵਿਊ ਰਚਨਾ ਬਾਰੇ ਦੱਸਿਆ ਸੀ ਤਾਂ ਸੁਣਦੇ-ਸੁਣਦੇ ਉਸਨੂੰ ਨੀਂਦ ਆ ਗਈ ਤੇ ਉਹ ਇਹ ਸੁਣ ਹੀ ਨਹੀਂ ਸਕੀ ਕਿ ਚੱਕਰਵਿਊ ਵਿੱਚੋਂ ਕਿਵੇਂ ਨਿੱਕਲਣਾ ਹੈ। ਇਹ ਪ੍ਰਸੰਗ ਭਾਗਵਤ ਪੁਰਾਣ ਵਿਚ ਬਹੁੱਤ ਮਹੱਤਵਪੂਰਨ ਗਿਣਿਆ ਜਾਂਦਾ ਹੈ।
ਅੱਜ ਦਾ ਕਿਸਾਨ ਅਜਿਹੇ ਹੀ ਚੱਕਰਵਿਊ ਵਿੱਚ ਉਲਝਿਆ ਹੋਇਆ ਹੈ, ਜਿਸ ਦਾ ਮੁੱਖ ਕਾਰਨ ਹੈ ਆਰਥਿਕਤਾ ਜੇ ਕਿਸਾਨ ਸਪੰਨ ਹੈ ਤਾਂ ਉਸ ਦੇ ਖਰਚੇ ਵਧ ਚੁੱਕੇ ਹਨ। ਜੇ ਕਿਸਾਨ ਕਮਜ਼ੋਰ ਹੈ ਤਾਂ ਉਸ ਨੂੰ ਫ਼ਸਲ ਦੇ ਉਤਪਾਦਨ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਜੇ ਸਰਕਾਰ ਕਿਸੇ ਕਿਸਾਨ ਦੀ ਮੱਦਦ ਕਰ ਰਹੀ ਹੈ ਤਾਂ ਉਹ ਮੱਦਦ, ਜੋ ਕਿ ਸਬਸਿਡੀ ਦੇ ਰੂਪ ਵਿੱਚ ਹੈ, ਕਿਸਾਨ ਤੱਕ ਨਹੀਂ ਪਹੁੱਚ ਰਹੀ । ਕੇਂਦਰ ਸਰਕਾਰ ਦੀਆਂ ਸਕੀਮਾਂ ਰਾਜ ਪੱਧਰ ਤੱਕ ਪਹੁੰਚਦੀਆਂ ਹਨ ਫੇਰ ਇਹ ਇਲਾਕੇ ਦੇ ਜਿਲ੍ਹਾ ਪੱਧਰ ਤੱਕ ਪਹੁੱਚ ਕੇ ਕਿਸਾਨਾਂ ਨੂੰ ਦੇਣ ਲਈ ਆਉਂਦੀਆਂ ਤਾਂ ਹਨ ਪਰ ਸਹੀ ਕਿਸਾਨ ਤੱਕ ਨਹੀਂ ਪਹੁੰਚ ਰਹੀਆਂ ਹਨ।
ਇਹ ਕਿੱਥੇ ਗਈਆਂ? ਇਨ੍ਹਾਂ ਸਕੀਮਾਂ ਵਿੱਚ ਆਈ ਪੂੰਜੀ ਆਖਿਰ ਕਿੱਥੇ ਜਾ ਰਹੀ ਹੈ? ਇਸ ਨੂੰ ਕੌਣ ਹਜ਼ਮ ਕਰ ਰਿਹਾ ਹੈ? ਇਹ ਸਭ ਜਾਂਚ ਕਰਨ ਦੀ ਜ਼ਰੂਰਤ ਹੈ ਸਾਡੇ ਦੇਸ਼ ਦੀ ਅਫ਼ਸਰਸ਼ਾਹੀ ਇਸ ਵਿੱਚ ਸ਼ਾਮਲ ਹੈ ਜਾਂ ਨਹੀਂ? ਇੱਕ ਤੋਂ ਬਾਦ ਦੂਸਰਾ ਸਕੈਂਡਲ ਜੋ ਨਿੱਕਲ ਰਹੇ ਹਨ, ਉਨ੍ਹਾਂ ਨੂੰ ਕਿਉਂ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ?
ਕੌਣ ਹੈ ਕਿਸਾਨ? ਕੌਣ ਹੈ ਕਿਸਾਨ ਦਾ ਚਹੇਤਾ? ਕੌਣ ਹੈ ਜੋ ਚਾਹੁੰਦਾ ਹੈ ਕਿ ਕਿਸਾਨ ਨੂੰ ਮਿਲਣ ਵਾਲੀ ਹਰ ਸਹੂਲਤ ਦਾ ਵੱਡਾ ਹਿੱਸਾ ਅਫਸਰ ਤੇ ਵਪਾਰੀ ਕਿਵੇਂ ਵਿੰਗੇ-ਟੇਢੇ ਢੰਗ ਨਾਲ ਹਜ਼ਮ ਕਰਨ ਦੀ ਕੋਸ਼ਿਸ਼ ਕਰਦਾ ਹੈ? ਤੇ ਕਾਮਯਾਬ ਹੋ ਜਾਂਦਾ ਹੈ। ਪਹਿਰੇਦਾਰ ਜੋ ਕਿਸਾਨਾਂ ਦੀਆਂ ਸਹੂਲਤਾਂ ਲਈ ਖੇਤੀਬਾੜੀ ਯੂਨੀਵਰਸਿਟੀਆਂ ਦੇ ਪੜ੍ਹੇ ਹੋਏ ਵਿਗਿਆਨੀ ਜਾਂ ਖੇਤੀਬਾੜੀ ਵਿਭਾਗ ਤੇ ਵੱਡੇ-ਛੋਟੇ ਅਫਸਰ ਇਨ੍ਹਾਂ ਸਭ ਦੀ ਕਾਰਗੁਜ਼ਾਰੀ ਦੀ ਬਹੁਤ ਬਰੀਕੀ ਨਾਲ ਜਾਂਚ ਕਰਨੀ ਹੋਵੇਗੀ। ਉਦਾਹਰਨ ਦੇ ਤੌਰ ‘ਤੇ ਕਿਸਾਨ ਲਈ ਸਭ ਤੋਂ ਪਹਿਲਾਂ ਜ਼ਮੀਨ ਚਾਹੀਦੀ ਹੈ। ਫੇਰ ਪਾਣੀ, ਫੇਰ ਬੀਜ, ਫੇਰ ਖਾਦਾਂ ਤੇ ਫੇਰ ਕੀੜੇਮਾਰ ਦਵਾਈਆਂ ਅਤੇ ਫੇਰ ਮਾਰਕੀਟਿੰਗ ਵਿੱਚ ਜਿਨਸਾਂ ਦੀ ਖਰੀਦੋ-ਫਰੋਖਤ ਤੇ ਫੇਰ ਇਨ੍ਹਾਂ ਅਨਾਜ ਤੇ ਫਸਲਾਂ ਦਾ ਭੰਡਾਰ।
ਜ਼ਰਾ ਸੋਚੋ ਇਨ੍ਹਾਂ ਵਿੱਚ ਕਿਹੜੇ ਵਿਸ਼ੇ ਵਿਚ ਗੜਬੜ ਨਹੀਂ ਹੋ ਰਹੀ? ਕਿਸਾਨ ਦੀ ਮਿਹਨਤ ਨੂੰ ਲੁੱਟਿਆ ਨਹੀਂ ਜਾ ਰਿਹਾ? ਇਹ ਇੱਕ ਲੇਖ ਨਹੀਂ ਗੰਭੀਰਤਾ ਨਾਲ ਸੋਚਣ ਵਾਲੀ ਸਮੱਸਿਆ ਹੈ। ਕਿਸਾਨ ਦੇ ਪਰਿਵਾਰ ਦੀ ਆਰਥਿਕਤਾ, ਸੂਬੇ ਦੀ ਭਲਾਈ ਤੇ ਜ਼ਰੂਰਤ ਅਤੇ ਪੂਰੇ ਦੇਸ਼ ਦੇ ਆਰਥਿਕ ਢਾਂਚੇ ਨੂੰ ਚਲਾਉਣ ਲਈ ਇੱਕ ਰੀੜ੍ਹ ਦੀ ਹੱਡੀ ਹੈ।
ਚੱਕਰਵਿਊ ਵਿੱਚ ਉਲਝਾਇਆ ਹੋਇਆ ਕਿਸਾਨ ਕਿਸੇ ਪਾਸੋਂ ਵੀ ਬਾਹਰ ਨਿੱਕਲਣ ਲਈ ਅਸਮਰੱਥ ਹੈ। ਜਿੰਨੀ ਦੇਰ ਇਸ ਚੱਕਰਵਿਉ ਨੂੰ ਖਤਮ ਨਹੀਂ ਕੀਤਾ ਜਾਂਦਾ, ਓਨੀ ਦੇਰ ਅਸੀਂ ਖੁਸ਼ਹਾਲੀ ਦੀ ਸਥਿਤੀ ਵਿਚ ਨਹੀਂ ਆ ਸਕਦੇ
ਮਿੱਟੀ, ਜੋ ਕਿਸਾਨ ਲਈ ਖੇਤ ਦਾ ਮੁੱਖ ਅੰਗ ਹੈ ਫਸਲ ਪੈਦਾ ਕਰਦੀ ਹੈ ਜਿਸ ਦੀ ਜੈਵਿਕ ਸ਼ਕਤੀ (ਪੀ. ਐੱਚ. ਵੈਲਿਊ) ਸਹੀ ਹੈ ਤੇ ਉਪਜਾਊ ਸ਼ਕਤੀ ਦਿਨੋ-ਦਿਨ ਘਟ ਰਹੀ ਹੈ ਉਸ ਨੂੰ ਸਹੀ ਕਰਨਾ ਵੀ ਜ਼ਰੂਰੀ ਹੈ। ਸਾਡੇ ਖੇਤਾਂ ਦੀ ਮਿੱਟੀ ਜ਼ਹਿਰੀਲੀ ਹੋ ਚੁੱਕੀ ਹੈ। ਕਾਰਨ ਹੈ ਕਿ ਕਿਸਾਨ ਵੱਧ ਖਾਦਾਂ ਦੀ ਵਰਤੋਂ ਕਰ ਰਿਹਾ ਹੈ। ਬਿਨਾ ਸੋਚੇ-ਸਮਝੇ ਕੀੜੇਮਾਰ ਦਵਾਈਆਂ, ਜੋ ਜ਼ਿਆਦਾ ਪਾਈਆਂ ਜਾ ਰਹੀਆਂ ਹਨ, ਉਹ ਸਭ ਜ਼ਮੀਨ ਵਿੱਚ ਰਹਿ ਗਈਆਂ ਹਨ। ਜਿਸ ਸਬਜ਼ੀ ਤੇ ਅਨਾਜ ਉੱਪਰ ਦਵਾਈ ਦਾ ਵੱਧ ਛਿੜਕਾਅ ਹੋਇਆ, ਕੁੱਝ ਤਾਂ ਦੇਸ਼ ਵਾਸੀ ਖਾ ਰਹੇ ਹਨ ਤੇ ਬਾਕੀ ਅਗਲੀ ਫ਼ਸਲ ਵਿੱਚ ਪਹੁੰਚ ਲਈ ਖੇਤਾਂ ਵਿੱਚ ਮੌਜੂਦ ਹੈ।
ਮਿੱਟੀ ਦੀ ਗੁਣਵੱਤਾ ਦੀ ਜਾਂਚ ਕਿੰਨੀ ਕੁ ਹੋ ਰਹੀ ਹੈ? ਕਿੰਨੀ ਜਿਪਸਮ ਵਿਗਿਆਨਕ ਢੰਗ ਨਾਲ ਖੇਤਾਂ ਵਿੱਚ ਪਾਈ ਜਾ ਰਹੀ ਹੈ? ਕੀ ਹਰੀ ਖਾਦ ਤਿਆਰ ਕਰਕੇ ਖੇਤ ਵਿੱਚ ਪਾ ਕੇ ਇਸ ਦੀ ਜੈਵਿਕ ਸ਼ਕਤੀ ਵਧਾਈ ਗਈ ਹੈ ਜਾਂ ਨਹੀਂ? ਇਹ ਕਿਸ ਨੇ ਕਰਨਾ ਹੈ? ਇਹ ਕਿਸ ਦਾ ਫਰਜ ਹੈ? ਇਸ ਮਿੱਟੀ ਦੀ ਜਾਂਚ ਕਦੋਂ ਤੇ ਕਿਵੇਂ ਤੇ ਕਿੱਥੇ ਕਰਵਾਉਣੀ ਹੈ? ਇਹ ਸਭ ਕਿਸਾਨ ਨੂੰ ਹੀ ਨਹੀਂ ਇਸ ਨਾਲ ਸਬੰਧਿਤ ਅਧਿਕਾਰੀਆਂ ਨੂੰ ਵੀ ਜਾਗਰੂਕ ਹੀ ਨਹੀਂ ਕਰਨਾ ਹੈ ਕਿਸਾਨ ਨੂੰ, ਸਗੋਂ ਅਸਲ ਫੈਸਲਾ ਲੈ ਕੇ ਮਿੱਟੀ ਤੇ ਪਾਣੀ ਦੀ ਵਿਉਂਤਬੰਦੀ ਕਰਨੀ ਹੈ।
ਅਪਰੈਲ ਦਾ ਮਹੀਨਾ ਕਣਕ ਦੀ ਕਟਾਈ ਦਾ ਹੈ, ਇਸੇ ਤਰ੍ਹਾਂ ਸਤੰਬਰ ਦਾ ਮਹੀਨਾ ਜੀਰੀ ਦੀ ਕਟਾਈ ਦਾ ਹੈ। ਇਨ੍ਹਾਂ ਦਿਨਾਂ ਵਿੱਚ ਖੇਤਾਂ ਵਿੱਚ ਮਿੱਟੀ ਵਿਗਿਆਨਕ ਢੰਗ ਨਾਲ ਨਮੂਨਾ ਲੈ ਕੇ ਇੱਕ ਅੰਦੋਲਨ ਵਾਂਗ ਇਸ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ ਤੇ ਮਿੱਟੀ ਹੈਲਥ ਕਾਰਡ ਬਣਾਕੇ ਬੀਜੀ ਜਾਣ ਵਾਲੀ ਫ਼ਸਲ ਦੀ ਜਾਣਕਾਰੀ ਲੈਣੀ ਬਹੁਤ ਜਰੂਰੀ ਹੈ ਇਹ ਕੰਮ ਪਿੰਡ ਪੱਧਰ ‘ਤੇ ਖੁਦ ਕਿਸਾਨ ਤੇ ਖੇਤੀਬਾੜੀ ਨਾਲ ਸਬੰਧਿਤ ਕਰਮਚਾਰੀਆਂ ਦੀ ਮੱਦਦ ਨਾਲ ਕਰਨਾ ਜਰੂਰੀ ਹੈ
ਮਿੱਟੀ ਦੀ ਜਾਂਚ ਕਰਵਾਉਣ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਹੋਵੇਗਾ ਕਿ ਮਿੱਟੀ ਦਾ ਨਮੂਨਾ ਛਾਂ ਵਾਲੀ ਥਾਂ, ਪਿਛਲੇ ਸਾਲ ਦੀ ਪਈ ਰੂੜੀ ਵਾਲੀ ਥਾਂ ਤੋਂ ਨਹੀਂ ਲੈਣਾ ਤੇ ਵਿਗਿਆਨਕ ਢੰਗ ਨਾਲ ਇੱਕ ਖੇਤ ਵਿੱਚੋਂ ਪੰਜ-ਛੇ ਥਾਵਾਂ ਤੋਂ 9-12 ਇੰਚ ਤੱਕ ਡੂੰਘਾ ਮਿੱਟੀ ਦਾ ਅੰਗਰੇਜੀ ਅੱਖਰ ‘ਵੀ’ ਅਨੁਸਾਰ ਹੀ ਲੈਣਾ ਹੈ ਤੇ ਇਹ ਨਮੂਨਾ ਲੈ ਕੇ ਮਿੱਟੀ-ਪਾਣੀ ਨਿਰੀਖਣ ਪ੍ਰਯੋਗਸ਼ਾਲਾ ਵਿੱਚ ਲੈ ਕੇ ਜਾਣਾ ਹੈ ਜਿੱਥੇ ਇਸ ਦੀ ਜਾਂਚ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਅਨੁਸਾਰ ਮੁਫਤ ਕੀਤੀ ਜਾਂਦੀ ਹੈ।
ਇਹ ਸਾਡਾ ਫਰਜ਼ ਹੈ, ਹੱਕ ਹੈ ਤੇ ਵਿਉਂਤਬੰਦੀ ਦਾ ਹਿੱਸਾ ਹੈ। ਕਿਸਾਨਾਂ ਨੂੰ ਇਸ ਸਮੇਂ ਮਿੱਟੀ ਤੇ ਖਾਦਾਂ ਟੈਸਟ ਕਰਵਾਉਣ ਲਈ ਰੁੱਝ ਜਾਣਾ ਚਾਹੀਦਾ ਹੈ। ਖੇਤ ਸਾਡਾ ਹੈ, ਦੇਸ਼ ਸਾਡਾ ਹੈ ਉੱਠੋ ਸਭ ਤੋਂ ਪਹਿਲਾਂ ਮਿੱਟੀ ਤੇ ਖਾਦਾਂ ਟੈਸਟ ਕਰਵਾਓ, ਤਾਂ ਜੋ ਤਹਾਨੂੰ ਇਹ ਜਾਣਕਾਰੀ ਹੋ ਜਾਵੇ ਕਿ ਤੁਹਾਡੇ ਖੇਤਾਂ ਵਿੱਚ ਕਿਹੜੇ ਲੋੜੀਂਦੇ ਤੱਤ ਘੱਟ ਤੇ ਕਿਹੜੀਆਂ ਦਵਾਈਆਂ ਜਾਂ ਖਾਦਾਂ ਦੇ ਅੰਸ਼ ਵੱਧ ਹਨ ਤੇ ਇੱਕ ਚਾਰਟ ਬਣਾਓ ਕਿ ਬੀਜੀ ਜਾਣ ਵਾਲੀ ਫਸਲ ਲਈ ਕਿੰਨਾ ਯੂਰੀਆ ਭਾਵ ਨਾਈਟ੍ਰੋਜਨ, ਕਿੰਨਾ ਡੀ. ਏ. ਪੀ ਤੇ ਕਿੰਨੀ ਪੋਟਾਸ਼ ਪਾਉਣੀ ਹੈ ਤੇ ਰੂੜੀ ਦੀ ਖਾਦ ਦੀ ਦੇਖਭਾਲ ਕਰੋ ਨਹੀਂ ਫੇਰ ਹਰੀ ਖਾਦ ਬੀਜ ਕੇ ਜ਼ਮੀਨ ਨੂੰ ਸੰਭਾਲੋ। ਜ਼ਮੀਨ ਸੰਭਾਲ ਲਵੋਗੇ ਤਾਂ ਪਗੜੀ ਸੰਭਲ ਜਾਵੇਗੀ। ਨਵੀਆਂ-ਨਵੀਆਂ ਕਿਸਮਾਂ ਵੱਧ ਝਾੜ ਦੇਣ ਵਾਲੀਆਂ ਬੀਜੋ ਤੇ ਨਫਾ ਕਮਾਓ। ਖੁਦਕਸ਼ੀ ਦੇ ਵਿਚਾਰ ਤੋਂ ਅਤੇ ਇਸ ਟੁੱਟੀ ਹੋਈ ਆਰਥਿਕਤਾ ਨੂੰ ਮੁਰੰਮਤ ਕਰਕੇ ਸੁਖ ਦਾ ਸਾਹ ਲਵੋ। ਅੰਨਦਾਤਾ ਹੋ ਅੰਨਦਾਤਾ ਹੀ ਰਹੋ, ਮੰਗਤੇ ਨਾ ਬਣੋ! ਜ਼ਰਾ ਸੋਚੋ-ਵਿਚਾਰੋ ਤੇ ਮਿੱਟੀ-ਪਾਣੀ ਦੀ ਜਾਂਚ ਕਰਵਾਓ। ਵਿਉਂਤਬੰਦੀ ਨਾ ਚੱਲੋਗੇ ਤਾਂ ਹੀ ਖੁਸ਼ਹਾਲੀ ਤੁਹਾਡੇ ਦੁਆਰ ‘ਤੇ ਆਵੇਗੀ

ਡਾ. ਰਾਜ ਕੁਮਾਰ ਗਰਗ, ਸੰਗਰੂਰ
ਮੋ. 99152-64598

ਪ੍ਰਸਿੱਧ ਖਬਰਾਂ

To Top