ਵਿਦਿਆਰਥੀਆਂ ਲਈ ਕੰਪਿਊਟਰ ਸਿੱਖਿਆ ਦੀ ਮਹੱਤਤਾ

0
2230
Importance, Computer, Education, Students

ਅਜੋਕੇ ਕੰਪੀਟੀਸ਼ਨ ਦੇ ਯੁੱਗ ‘ਚ ਟੈਕਨਾਲੋਜੀ, ਭਾਸ਼ਾ ਗਿਆਨ ਖਾਸ ਕਰਕੇ ਅੰਗਰੇਜੀ, ਆਮ ਗਿਆਨ ਤੇ ਡਿਜ਼ੀਟਲ ਫਾਰਮੈਟ ਵਿੱਚ ਪੇਸ਼ਕਾਰੀਆਂ ਕਰੀਅਰ ਨੂੰ ਅੱਗੇ ਲਿਜਾਣ ਤੇ ਨਵਾਂ ਕਰੀਅਰ ਬਣਾਉਣ ਲਈ ਜਰੂਰੀ ਨੁਕਤੇ ਬਣ ਚੁੱਕੀਆਂ ਹਨ। ਬੱਚੇ ਦਾ ਕੰਪਿਊਟਰ ਨਾਲ ਵਾਹ ਸਿੱਧਾ ਟੈਕਨਾਲੋਜੀ ਦੇ ਬੂਹੇ ‘ਤੇ ਲਿਆ ਖਲ੍ਹਾਰਦਾ ਹੈ

ਭਾਰਤ ‘ਚ ਸਿੱਖਿਆ ਪੁਰਾਤਨ ਸਮੇਂ ਤੋਂ ਹੀ ਪੁਰਾਣੇ ਢੰਗਾਂ ਰਾਹੀਂ ਦਿੱਤੀ ਜਾਂਦੀ ਰਹੀ ਹੈ ਤੇ ਅਧਿਆਪਕ ਤੇ ਵਿਦਿਆਰਥੀ ਵਿੱਚ ਪੁਸਤਕ ਮਾਧਿਆਮ ਰਾਹੀਂ ਸਿੱਖਣ ਦਾ ਅਮਲ ਨੇਪਰੇ ਚੜ੍ਹਦਾ ਹੈ, ਇਸ ਤਰ੍ਹਾਂ ਪੁਸਤਕਾਂ ਗਿਆਨ ਪ੍ਰਾਪਤੀ ਲਈ ਕੜੀ ਦਾ ਕੰਮ ਕਰਦੀਆਂ ਰਹੀਆਂ ਹਨ ਪਰ ਅੰਤਰਰਾਸ਼ਟਰੀ ਪੱਧਰ  ‘ਤੇ ਗਿਆਨ ਦੇ ਨਵੇਂ ਬੂਹੇ ਖੋਲ੍ਹਣ ਵਾਲੇ ਕੰਪਿਊਟਰ ਤੇ ਇੰਟਰਨੈਟ ਨੇ ਪੁਰਾਤਨ ਕੜੀਆਂ ਤੇ ਧਾਰਨਾਵਾਂ ਨੂੰ ਤੋੜ ਕੇ ਨਵੇਂ ਗਿਆਨ ਸਾਗਰ ਵਿਦਿਆਰਥੀ ਦੇ ਨੇੜੇ ਕਰ ਦਿੱਤੇ ਹਨ। ਹੁਣ ਵਿਦਿਆਰਥੀ ਨੇ ਸੋਚਣਾ ਹੈ ਕਿ  ਉਹ ਇਸ ਗਿਆਨ ਸਾਗਰ ‘ਚੋਂ ਕੀ ਲੱਭਦਾ ਹੈ? ਹੀਰੇ ਮੋਤੀ ਕੇ ਕੌਡੀਆਂ? ਭਾਵ ਹਰੇਕ ਚੀਜ ਦੇ ਸਦਾ ਚੰਗੇ ਤੇ ਮਾੜੇ ਪਹਿਲੂ ਮੌਜੂਦ ਰਹਿੰਦੇ ਹਨ। ਇਹਨਾਂ ਪਹਿਲੂਆਂ ਨਾਲ ਹੀ ਸਾਡੇ ਬੱਚਿਆਂ ਲਈ ਕੰਪਿਊਟਰ ਸਿੱਖਿਆਂ ਕਿਉਂ ਜਰੂਰੀ? ਇਸ ਬਾਰੇ ਚਰਚਾ ਕਰਦੇ ਹਾਂ।

ਇਸ ਵਿੱਚ ਕੋਈ ਸੰਕੋਚ ਵਾਲੀ ਗੱਲ ਨਹੀਂ ਕਿ ਬੱਚਾ ਹਰ ਨਵੀਂ ਵਸਤੂ ਨੂੰ ਆਪਣੇ ਗਿਆਨ ਦਾ ਹਿੱਸਾ ਬਣਾਉਣ ਲਈ ਉਸਨੂੰ ਛੂਹਣਾ, ਦੇਖਣਾ, ਖੋਲ੍ਹਣਾ ਚਾਹੁੰਦਾ ਹੈ। ਮਾਪੇ, ਅਧਿਆਪਕ, ਦੋਸਤ, ਮਿੱਤਰ ਤੇ ਉਸਦੇ ਭੈਣ ਭਾਈ ਉਸਦੀ ਇਸ ਜਗਿਆਸਾ ਨੂੰ ਖੰਭ ਲਾਉਂਦੇ ਹਨ। ਸਕੂਲ ਵਿੱਚ ਰੱਖਿਆ ਪਹਿਲਾ ਕਦਮ ਹੀ ਉਸਨੂੰ ਗਿਆਨ ਰੂਪੀ ਸਾਗਰ ਦੇ ਦਰਸ਼ਨ ਕਰਵਾ ਦਿੰਦਾ ਹੈ। ਅਧਿਆਪਕ ਦੀ ਸੁਚੱਜੀ ਗਾਈਡੈਂਸ ਉਸਦੀ ਜਗਿਆਸਾ ਨੂੰ ਉਜਾਗਰ ਵੀ ਕਰਦੀ ਹੈ ਤੇ ਸਿਖਾਉਣ ਉਪਰੰਤ ਸ਼ਾਂਤ ਵੀ। ਅਜੋਕੇ ਸਮੇਂ ਵਿੱਚ ਬਿਜਲਈ ਸਾਧਨਾਂ ਜਿਵੇਂ ਰੇਡੀਉ, ਟੀ.ਵੀ. ਤੇ ਘਰ-ਘਰ ਰੱਖੇ ਮੋਬਾਇਲਾਂ ਨੇ ਇਸ ਸਿੱਖਿਆ ਨੂੰ ਨਵੇਂ ਖੰਭ ਲਾ ਦਿੱਤੇ ਹਨ। ਮਾਪਿਆਂ ਦੀ ਕੰਪਿਊਟਰ ਪ੍ਰਤੀ ਖਿੱਚ ਕਾਰਨ ਉਹ ਸਕੂਲ ਚੁਣਨ ਸਮੇਂ ਵੀ ਅਜਿਹੀ ਸੰਸਥਾ ਦੀ ਚੋਣ ਕਰਨ ਵੱਲ ਰੂਚਿਤ ਹੁੰਦੇ ਹਨ ਜਿੱਥੇ ਅਜੋਕੇ ਬਿਜਲਈ ਯੰਤਰਾਂ ਨੂੰ ਸਿੱਖਿਆ ਦੇ ਮਾਧਿਆਮ ਵਜੋਂ ਵਰਤਿਆ ਜਾਂਦਾ ਹੋਵੇ ਕਿਉਂਕਿ ਉਹ ਜਾਣਦੇ ਹਨ ਕਿ ਕੰਪਿਊਟਰ ਸਿੱਖਿਆ ਹੁਣ ਬੱਚੇ ਦੇ ਸਕਿੱਲ, ਉਸਦੀ ਸਿੱਖਣ ਸ਼ਕਤੀ, ਵਿਸ਼ੇ ਨੂੰ ਸੌਖਾ ਕਰਕੇ ਸਮਝਾਉਣ ਲਈ ਬਹੁਤ ਜਰੂਰੀ ਹੈ ਅਤੇ ਇਹ ਸੱਚ ਵੀ ਹੈ ਕਿਉਂਕਿ ਕੰਪਿਊਟਰ ਜਿੱਥੇ ਬੱਚੇ ਦੇ ਗਣਿਤ, ਵਿਗਿਆਨ, ਪੇਟਿੰਗ, ਭਾਸ਼ਾ (ਅੰਗਰੇਜ਼ੀ) ਪ੍ਰਤੀ ਨਵੇਂ ਵਿਚਾਰ ਉਲੀਕਦਾ ਹੈ, ਉੱਥੇ ਉਨ੍ਹਾਂ ਵਿੱਚ ਨਿਪੁੰਨਤਾ, ਮਿਹਨਤ, ਆਤਮ ਵਿਸ਼ਵਾਸ  ਅਤੇ ਵਧੀਆ ਸੋਚ ਜਿਹੇ  ਭਾਵਾਂ ਦਾ ਆਪਣੇ-ਆਪ ਹੀ ਸੰਚਾਰ ਕਰ ਦਿੰਦਾ ਹੈ। ਬੱਚੇ ਦੀ ਸਿੱਖਣ ਪ੍ਰਕਿਰਿਆ ਨੂੰ ਸੌਖਾ ਬਣਾ ਕੇ ਪੇਸ਼ ਕਰਨ ਵਿੱਚ ਕੰਪਿਊਟਰ ਨਵੀਆਂ ਲੀਹਾਂ ਪਾ ਦਿੰਦਾ ਹੈ। ਅਜੋਕੇ ਕੰਪੀਟੀਸ਼ਨ ਦੇ ਯੁੱਗ ਵਿਚ ਟੈਕਨਾਲੋਜੀ, ਭਾਸ਼ਾ ਗਿਆਨ ਖਾਸ ਕਰਕੇ ਅੰਗਰੇਜੀ, ਆਮ ਗਿਆਨ ਅਤੇ ਡਿਜ਼ੀਟਲ ਫਾਰਮੈਟ ਵਿੱਚ ਪੇਸ਼ਕਾਰੀਆਂ ਕਰੀਅਰ ਨੂੰ ਅੱਗੇ ਲਿਜਾਣ ਅਤੇ ਨਵਾਂ ਕਰੀਅਰ ਬਣਾਉਣ ਲਈ ਜਰੂਰੀ ਨੁਕਤੇ ਬਣ ਚੁੱਕੀਆਂ ਹਨ। ਬੱਚੇ ਦਾ ਕੰਪਿਊਟਰ ਨਾਲ ਵਾਹ ਸਿੱਧਾ ਟੈਕਨਾਲੋਜੀ ਦੇ ਬੂਹੇ ‘ਤੇ ਲਿਆ ਖਲ੍ਹਾਰਦਾ ਹੈ ਜੋ ਉਸਦੀ ਵਿਗਿਆਨਕ ਸੋਚ ਨੂੰ ਸ਼ਾਨਦਾਰ ਨੀਂਹ ਦਿੰਦਾ ਹੈ।


ਅੱਜ ਦੇ ਕੰਪਿਊਟਰ ਯੁੱਗ ਵਿੱਚ ਸਮੇਂ ਦੇ ਹਾਣੀ ਬਣਨ ਲਈ ਹਰ ਇੱਕ ਵਿਦਿਆਰਥੀ ਲਈ ਕੰਪਿਊਟਰ ਸਿੱਖਿਆ ਇੱਕ ਬਹੁਤ ਹੀ ਜਰੂਰੀ ਵਿਸ਼ਾ ਬਣ ਗਿਆ ਹੈ ਇਸੇ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਦੇ ਕਈ ਰਾਜਾਂ ਦੇ ਸਕੂਲਾਂ ਵਿੱਚ ਤਾਂ ਪਹਿਲੀ ਕਲਾਸ ਤੋਂ ਹੀ ਕੰਪਿਊਟਰ ਸਿੱਖਿਆ ਸ਼ੁਰੂ ਕਰਵਾ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕਰਕੇ 2005 ਤੋਂ 2009 ਤੱਕ ਪੜਾਅ ਦਰ ਪੜਾਅ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਕਲਾਸ ਤੱਕ ਕੰਪਿਊਟਰ ਸਾਇੰਸ ਵਿਸ਼ਾ ਲਾਜ਼ਮੀ ਤੌਰ ‘ਤੇ ਸ਼ੁਰੂ ਕੀਤਾ ਗਿਆ ਅਤੇ ਕੰਪਿਊਟਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਜਿਸਦੀ ਹਰ ਪਾਸੇ ਤੋਂ ਸ਼ਲਾਘਾ ਹੋਈ ਪੰਜਾਬ ਸਰਕਾਰ ਵੱਲੋਂ 2005 ਵਿੱਚ ਪਹਿਲੇ ਫੇਜ ਅਧੀਨ 1306, ਦੂਜੇ ਫੇਜ ਅਧੀਨ 1573, ਤੀਜੇ ਫੇਜ ਅਧੀਨ 2085, ਚੌਥੇ ਫੇਜ ਅਧੀਨ 486 ਤੇ ਪੰਜਵੇਂ ਫੇਜ ਅਧੀਨ 1068  ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਤੇ ਮਿਡਲ ਸਕੂਲਾਂ ਵਿੱਚ  ਕੰਪਿਊਟਰ ਲੈਬਜ਼ ਸਥਾਪਿਤ ਕਰਕੇ ਕੰਪਿਊਟਰ ਸਿੱਖਿਆ ਸ਼ੁਰੂ ਕੀਤੀ ਗਈ। ਉਦੋਂ ਤੋਂ ਵਿਦਿਆਰਥੀਆਂ ਨੇ ਬਹੁਤ ਹੀ ਦਿਲਚਸਪੀ ਨਾਲ ਕੰਪਿਊਟਰ ਸਿੱਖਿਆ ਗ੍ਰਹਿਣ ਕਰਨੀ ਸ਼ੁਰੂ ਕੀਤੀ ਤੇ ਬੱਚੇ ਪੜਾਈ ਵਿੱਚ ਹੋਰ ਮਨ ਲਾਉਣ ਲੱਗੇ।

ਲਗਭਗ 12-13 ਸਾਲਾਂ ਤੋਂ ਸ਼ੁਰੂ ਹੋਈ ਇਸ ਕੰਪਿਊਟਰ ਸਿੱਖਿਆ ਵਿੱਚ ਹੁਣ ਕਾਫੀ ਸੁਧਾਰ ਦੀ ਲੋੜ ਹੈ ਜਿਵੇਂ ਕਿ ਆਧੁਨਿਕ ਬੁਨਿਆਦੀ ਢਾਂਚੇ ਦੀ ਖੜੋਤ ਕਾਰਨ ਵਿਦਿਆਰਥੀਆਂ ਨੂੰ ਉਹ ਸਾਰੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਜੋ ਮਿਲਣੀਆਂ ਚਾਹੀਦੀਆਂ ਹਨ। ਕੰਪਿਊਟਰ ਦਾ ਸਾਜੋ ਸਾਮਾਨ, ਇੰਟਰਨੈਟ ਕੁਨੈਕਸ਼ਨ ਲੋੜੀਂਦੀ ਸਪੀਡ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਕੰਪਿਊਟਰ ਆਦਿ ਵਿੱਚ ਵੀ ਨੁਕਸ ਪੈਣ ‘ਤੇ ਉਸਨੂੰ ਠੀਕ ਕਰਨ ਵਾਲੀਆਂ ਕੰਪਨੀਆਂ ਨਾਲ ਸਰਕਾਰ ਦਾ ਇਕਰਾਰ ਖਤਮ ਹੋ ਚੁੱਕਾ ਹੈਅਤੇ ਸਕੂਲਾਂ ਕੋਲ ਸੀਮਤ ਫੰਡ  ਹੋਣ ਕਾਰਨ ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ।
ਅਧਿਆਪਕ ਔਖੀਆਂ ਪ੍ਰਸਥਿਤੀਆਂ ਵਿੱਚ ਬਿਜਲੀ, ਇੰਟਰਨੈਟ ਅਤੇ ਕੰਪਿਊਟਰਾਂ ਦੀ ਘਾਟ ਨਾਲ ਸ਼ਿੱਦਤ ਨਾਲ ਨਜਿੱਠ ਰਹੇ ਹਨ। ਐਨ. ਆਰ. ਆਈ ਵੀਰਾਂ ਦੀ ਮੱਦਦ ਨਾਲ ਕੰਪਿਊਟਰ ਸਿੱਖਿਆ ਨੂੰ ਹੋਰ ਨਵੇਂ ਦਿਸਹੱਦੇ ਮਿਲ ਸਕਦੇ ਹਨ। ਪੀਰੀਅਡ ਵੰਡ ਵੀ ਤਰਕਸੰਗਤ ਹੋਵੇ ਭਾਵ ਬਾਕੀ ਲਾਜ਼ਮੀ ਵਿਸ਼ਿਆਂ ਵਾਂਗ 6ਵੀਂ ਤੋਂ 12ਵੀਂ ਤੱਕ ਸਾਰੀਆਂ ਕਲਾਸਾਂ ਲਈ ਲਾਜ਼ਮੀ ਕੰਪਿਊਟਰ ਵਿਸ਼ੇ ਦੇ ਵੀ ਹਫਤੇ ਵਿੱਚ 4 ਦੀ ਵਜਾਏ 6 ਪੀਰੀਅਡ ਹੋਣੇ ਚਾਹੀਦੇ ਹਨ ਤੇ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ਲਈ ਵੀ ਸਮਾਂ ਦੇਣਾ ਬਹੁਤ ਜਰੂਰੀ ਹੋ ਜਾਂਦਾ ਹੈ ਤਾਂ ਕਿ ਬੱਚਿਆਂ ਦੀ ਵਿਸ਼ੇ ਪ੍ਰਤੀ ਲਗਾਤਾਰਤਾ ਤੇ ਦਿਲਚਸਪੀ ਬਣੀ ਰਹੇ ਅਤੇ ਕੰਪਿਊਟਰ ਸਿੱਖਿਆ ਨੂੰ ਹੋਰ ਵੀ ਲਾਹੇਵੰਦ ਬਣਾਇਆ ਜਾ ਸਕੇ ਕਿਉਂਕਿ ਕੰਪਿਊਟਰ ਕੋਲ ਹੁਣ ਹਰੇਕ ਵਿਸ਼ੇ ਨੂੰ ਸਿੱਖਣ ਲਈ ਮੁੱਢਲਾ ਗਿਆਨ ਮੌਜੂਦ ਹੈ।  ਮਹੱਤਵਪੂਰਨ ਤਾਂ ਇਹੀ ਹੈ ਕਿ ਕੰਪਿਊਟਰ ਸਿੱਖਿਆ ਦੀ ਜਰੂਰਤ ਨੂੰ ਹਰ ਕੋਈ ਸਮਝੇ ਅਤੇ ਉਸ ਅਨੁਸਾਰ ਕੰਮ/ਕਾਰਜ ਹੋਣ, ਫਿਰ ਭਾਵੇਂ ਸਰਕਾਰ ਹੋਵੇ, ਸਕੂਲ, ਮਾਪੇ ਜਾਂ ਕੋਈ ਹੋਰ ਸੰਸਥਾ।

ਕੰਪਿਊਟਰ ਬੱਚੇ ਦੇ ਗਿਆਨ ਭੰਡਾਰ ਵਿੱਚ ਕਿਵੇਂ ਵਾਧਾ ਕਰਦਾ ਹੈ। ਬੱਚਿਆਂ ਨੂੰ ਕੰਪਿਊਟਰ ਪ੍ਰੈਕਟੀਕਲ ਅਤੇ  ਸਕਰੀਨ ‘ਤੇ ਦੇਖ ਕੇ ਸਿੱਖਣਾ  ਬੱਚੇ ਦੇ ਮਨ ‘ਤੇ ਜਿਕਰਯੋਗ ਅਸਰ ਛੱਡਦਾ ਹੈ। ਟੀ.ਵੀ. ‘ਤੇ ਦੇਖੇ ਪ੍ਰੋਗਰਾਮ ਲੰਮਾ ਸਮਾਂ ਉਸਦੇ ਧਿਆਨ ਦਾ ਹਿੱਸਾ ਰਹਿੰਦੇ ਹਨ। ਇਹੀ ਕੰਮ ਕੰਪਿਊਟਰ ਵੀ ਕਰਦਾ ਹੈ। ਇਤਿਹਾਸ ਵਰਗੇ ਖੁਸ਼ਕ ਵਿਸ਼ਿਆਂ ਨੂੰ ਇਤਿਹਾਸਕ ਫਿਲਮਾਂ, ਯੂ ਟਿਊਬ, ਇਤਿਹਾਸਕ ਲਿਖਤਾਂ ਰਾਹੀਂ ਦਿਲਚਸਪ ਬਣਾਇਆ ਜਾ ਰਿਹਾ ਹੈ। ਗਣਿਤ ਨੂੰ ਐਨੀਮੇਸ਼ਨ, ਹਿੰਦੀ ਤੇ ਅੰਗਰੇਜੀ ਭਾਸ਼ਾ ਦੀਆਂ ਕਵਿਤਾਵਾਂ ਦੀ ਐਨੀਮੇਸ਼ਨ, ਪੇਂਟ, ਸ਼ਬਦ ਜੋੜ, ਕਰਾਸ ਵਰਡ ਪਜ਼ਲਜ, ਛੋਟੇ ਬੱਚਿਆਂ ਦੀ ਸਿੱਖਣ ਪ੍ਰਤੀ ਦਿਲਚਸਪੀ ਵਧਾਉਣ ਲਈ ਕਾਫੀ ਸਮੱਗਰੀ ਉਪਲੱਬਧ ਕਰਵਾਉਂਦਾ ਹੈ ਇਹ ਕੰਪਿਊਟਰ ਸਿੱਖਿਆ ਦੀ ਮਹੱਤਤਾ ਪ੍ਰਗਟਾਉਣ ਲਈ ਕਾਫੀ ਹੈ।

ਸਰਕਾਰ ਵੱਲੋਂ ਕੰਪਿਊਟਰ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਨੌਵੀਂ ‘ਤੇ ਦਸਵੀਂ ਜਮਾਤਾਂ ਦੇ ਸਮੂਹ ਵਿਦਿਆਰਥੀਆਂ ਦੇ ਸਕੂਲ ਪੱਧਰੀ, ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਪੰਜਾਬ ਪੱਧਰ ‘ਤੇ ਕਰਵਾਏ ਜਾ ਰਹੇ ਆਨਲਾਈਨ ਕੰਪਿਊਟਰ ਕੁਇਜ਼ ਤੇ ਟਾਈਪਿੰਗ ਮੁਕਾਬਲੇ ਵੀ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਨਾਲ ਬੱਚਿਆਂ ਦੀ ਕੰਪਿਊਟਰ ਸਿੱਖਣ ਪ੍ਰਤੀ ਰੂਚੀ ਹੋਰ ਵਧੇਗੀ।

ਮਿਡਲ ਤੇ ਹਾਈ ਸਕੂਲਾਂ ਦੇ ਵਿਦਿਆਰਥੀਆਂ ਲਈ ਮੋਬਾਇਲ ਤੇ ਕੰਪਿਊਟਰ ਐਪਲੀਕੇਸ਼ਨ ‘ਚ ਵੱਡਾ ਭੰਡਾਰ ਮੌਜੂਦ ਹੈ। ਜੇਕਰ ਸਿਰਫ ਮਾਪੇ ਘਰ ਵਿੱਚ ਵਰਤੇ ਜਾ ਰਹੇ ਕੰਪਿਊਟਰ ਅਤੇ ਮੋਬਾਇਲ ਦੀ ਸਹੀ ਵਰਤੋਂ ਯਕੀਨੀ ਬਣਾ ਦੇਣ ਤਾਂ ਵਿਕੀਪੀਡੀਆ, ਯੂ  ਟਿਊਬ, ਸਮਾਰਟ ਸਟੱਡੀ, ਵੈਬਸਾਈਟ ਡਿਕਸ਼ਨਰੀ, ਇਨਕਾਰਟਾ, ਇਨਸਾਈਕਲੋਪੀਡੀਆ, ਆਨ ਲਾਈਨ ਕਿਤਾਬਾਂ, ਫਲੈਸ਼ ਕਾਰਡ, ਆਨਲਾਈਨ ਡਿਜ਼ੀਟਲ ਲਾਇਬ੍ਰੇਰੀ ਸਮੇਤ ਹਜਾਰਾਂ ਸੁਵਿਧਾਵਾਂ ਵਿਦਿਆਰਥੀਆਂ ਦੇ ਸ਼ਾਨਦਾਰ ਭਵਿੱਖ ਨੂੰ ਉੱਜਵਲ ਕਰਨ ਅਤੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕਾਫੀ ਹਨ। ਲੋੜ ਸਿਰਫ ਕੰਪਿਊਟਰ ਅਤੇ ਮੋਬਾਇਲ ਦੀ ਸਹੀ, ਸੁਚੱਜੀ, ਸਮੇਂ ਸਿਰ, ਨਿਗਰਾਨੀ ਹੇਠ ਵਰਤੋਂ ਦੀ ਹੈ। ਇਸ ਤੋਂ ਇਲਾਵਾ ਕੰਪਿਊਟਰ ‘ਤੇ ਇੰਟਰਨੈਟ ਦੀ ਮੱਦਦ ਨਾਲ ਵਿਦਿਆਰਥੀ ਆਪਣੇ ਕਿਸੇ ਵੀ ਵਿਸ਼ੇ ਦੇ ਕੋਈ ਵੀ ਟਾਪਿਕ ਨੂੰ ਸਰਚ ਕਰਕੇ ਲੋੜੀਂਦੇ ਨੋਟਿਸ ਤਿਆਰ ਕਰ ਸਕਦੇ ਹਨ। ਹਰ ਟਾਪਿਕ ਬਾਰੇ ਜਾਣਕਾਰੀ ਸਰਚ ਕੀਤੀ ਜਾ ਸਕਦੀ ਹੈ, ਈਮੇਲ ਰਾਹੀਂ ਕਿਤੇ ਕੋਈ ਵੀ ਸੰਦੇਸ਼, ਤਸਵੀਰ, ਆਡੀਉ, ਵੀਡੀਉ ਆਦਿ ਭੇਜ ਸਕਦੇ ਹਨ ਤੇ ਪ੍ਰਾਪਤ ਵੀ ਕਰ ਸਕਦੇ ਹਨ। ਇੰਟਰਨੈਟ ਜਰੀਏ ਦੁਨੀਆਂ ਵਿੱਚ ਕਿਤੇ ਵੀ ਕਿਸੇ ਨਾਲ ਵੀ ਮੁਫਤ ਚੈਟਿੰਗ ਕਰ ਸਕਦੇ ਹਨ। ਕੰਪਿਊਟਰ ‘ਤੇ ਵੱਡੀ ਮਾਤਰਾ ਵਿੱਚ ਕੋਈ ਵੀ ਡਾਟਾ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਜੋ ਕਿ ਲੋੜ ਪੈਣ ‘ਤੇ ਵਰਤਿਆ ਜਾ ਸਕਦਾ ਹੈ। ਕੰਪਿਊਟਰ ਦੀ ਵਰਤੋਂ ਸਕੂਲਾਂ, ਕਾਲਜਾਂ, ਹਸਪਤਾਲਾਂ, ਰੇਲਵੇ ਸਟੇਸ਼ਨਾਂ, ਏਅਰਪੋਰਟਾਂ, ਬੈਂਕਾਂ, ਵਿਗਿਆਨਕ ਖੇਤਰਾਂ, ਮੈਡੀਕਲ ਖੇਤਰਾਂ, ਘਰਾਂ, ਦਫਰਤਾਂ ਆਦਿ ਵਿੱਚ ਅੱਜ-ਕੱਲ੍ਹ ਆਮ ਹੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕੰਪਿਊਟਰ ਦੇ ਅਣਗਿਣਤ ਫਾਇਦੇ ਹਨ ਜਿਨ੍ਹਾਂ ਦੇ ਮੱਦੇਨਜਰ ਸਕੂਲਾਂ ਦੇ ਵਿਦਿਆਰਥੀਆਂ ਲਈ ਕੰਪਿਊਟਰ ਸਾਇੰਸ ਵਿਸ਼ੇ ਦੀ ਬਹੁਤ ਹੀ ਜਿਆਦਾ ਮਹੱਤਤਾ ਬਣ ਚੁੱਕੀ ਹੈ। ਕੰਪਿਊਟਰ ਸਿੱਖਿਆ ਰਾਹੀਂ ਵਿਦਿਆਰਥੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਈ ਗਵਰਨੈਂਸ ਸੁਵਿਧਾਵਾਂ ਦਾ ਵੀ ਸਾਰਥਿਕ ਉਪਯੋਗ ਕਰ ਸਕਦੇ ਹਨ ਜਿਵੇਂ ਕਿ ਆਪਣੇ ਜਾਤੀ ਸ਼ਰਟੀਫਿਕੇਟ, ਜਨਮ/ਮੌਤ ਸ਼ਰਟੀਫਿਕੇਟ, ਡਰਾਈਵਿੰਗ ਲਾਇੰਸੈਂਸ, ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ, ਨੌਕਰੀਆਂ ਦੇ ਫਾਰਮ ਆਦਿ ਆਨਲਾਈਨ ਭਰ ਸਕਦੇ ਹਨ, ਆਪਣੀਆਂ ਪ੍ਰੀਖਿਆਵਾਂ ਦੇ ਆਨਲਾਈਨ ਨਤੀਜੇ ਦੇਖ ਸਕਦੇ ਹਨ।

ਕੰਪਿਊਟਰ ਸਿੱਖਿਆ ਹਾਸਲ ਕਰਕੇ ਵਿਦਿਆਰਥੀ ਰੁਜਗਾਰ ਦੇ ਵੀ ਅਣਗਿਣਤ ਮੌਕੇ ਹਾਸਲ ਕਰ ਸਕਦੇ ਹਨ ਜਿਵੇਂ ਕਿ ਸਾਫਟਵੇਅਰ ਡਿਵੈਲਪਮੈਂਟ, ਵੈਬ ਡਿਜ਼ਾਇੰਨਿੰਗ, ਹਾਰਡਵੇਅਰ ਇੰਜੀਨੀਅਰ, ਨੈਟਵਰਕਿੰਗ ਇੰਜੀਨੀਅਰ, ਡੈਸਕਟਾਪ ਪਬਲਿਸ਼ਿੰਗ ਸਾਫਟਵੇਅਰਾਂ ਦੀ ਵਰਤੋਂ, ਫੋਟੋ ਐਡੀਟਿੰਗ, ਵੀਡੀਉ ਗੇਮਾਂ ਆਦਿ ਦੇ ਖੇਤਰਾਂ ਵਿੱਚ ਮੁਹਾਰਤ ਹਾਸਲ ਕਰਕੇ।

ਅੱਜ-ਕੱਲ੍ਹ ਹਰ ਇੱਕ ਖੇਤਰ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਕੰਪਿਊਟਰ ਕੋਰਸ ਜਰੂਰੀ ਹੈ ਜਿਵੇਂ ਜ਼ਿਆਦਾਤਰ ਪੋਸਟਾਂ ਲਈ 120 ਘੰਟਿਆਂ ਦਾ ਆਈ ਐਸ ਓ ਸੰਸਥਾ ਤੋਂ ਮਾਨਤਾ ਪ੍ਰਾਪਤ ਕੰਪਿਊਟਰ ਕੋਰਸ, ਕੰਪਿਊਟਰ ਟਾਈਪਿੰਗ ਆਦਿ ਜਾਂ ਕੋਈ ਹੋਰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੰਪਿਊਟਰ ਕੋਰਸ, ਡਿਪਲੋਮਾ, ਡਿਗਰੀ ਆਦਿ ਦੀ ਮੰਗ ਕੀਤੀ ਜਾਂਦੀ ਹੈ ਇਸ ਲਈ ਕੰਪਿਊਟਰ ਦੀ ਬਹੁਤ ਮਹੱਤਤਾ ਹੈ। ਕਿਸੇ ਵਿਦਿਆਰਥੀ ਨੇ ਅੱਗੇ ਉੱਚ ਵਿੱਦਿਆ ਹਾਸਲ ਕਰਨੀ ਹੋਵੇ ਉਥੇ ਵੀ ਹਰੇਕ ਕੋਰਸ ਲਈ ਕੰਪਿਊਟਰ ਸਿੱਖਿਆ ਦਾ ਵਿਸ਼ਾ ਜਰੂਰੀ ਹੈ ਕਿਉਂਕਿ ਇਸ ਤੋਂ ਬਿਨਾਂ ਅੱਗੇ ਪੜ੍ਹ ਸਕਣਾ ਅਸੰਭਵ ਹੈ। ਅੱਜ-ਕੱਲ੍ਹ ਕਈ ਯੂਨੀਵਰਸਿਟੀਆਂ ਵੱਲੋਂ ਆਨਲਾਈਨ ਤੇ ਡਿਸਟੈਂਸ ਐਜੂਕੇਸ਼ਨ ਨਾਲ ਵੀ ਵਈ ਕੋਰਸ ਕਰਵਾਏ ਜਾਂਦੇ ਹਨ ਜੋ ਅਸੀਂ ਘਰ ਬੈਠੇ ਕੰਪਿਊਟਰ ਦੀ ਮੱਦਦ ਨਾਲ ਪਾਸ ਕਰ ਸਕਦੇ ਹਾਂ।

ਅੱਜ ਦੇ ਸਮੇਂ ਵਿੱਚ ਪੁਰਾਣੇ ਪੜੇ ਲਿਖੇ ਇਨਸਾਨਾਂ ਲਈ ਵੀ ਕੰਪਿਊਟਰ ਸਿੱਖਿਆ ਬਹੁਤ ਜਰੂਰੀ ਹੋ ਗਈ ਹੈ ਕਿਉਂਕਿ ਨਕਦ ਭੁਗਤਾਨ ਦੇ ਲੈਣ ਦੇਣ ਲਈ, ਏ.ਟੀ.ਐਮ ਦੀ ਵਰਤੋਂ, ਨੈੱਟਬੈਂਕਿੰਗ, ਮੋਬਾਇਲ ਦੀ ਵਰਤੋਂ, ਆਨਲਾਈਨ ਬਿੱਲਾਂ ਦੀ ਅਦਾਇਗੀ ਕਰਨ ਲਈ ਹਰ ਇੱਕ ਇਨਸਾਨ ਨੂੰ ਕੰਪਿਊਟਰ ਸਿੱਖਿਆ ਦੀ ਜਾਣਕਾਰੀ ਹਾਸਲ ਕਰਨੀ ਜਰੂਰੀ ਹੋ ਚੁੱਕੀ ਹੈ ਕਿਉਂਕਿ ਉਪਰੋਕਤ ਸਹੂਲਤਾਂ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਪੈਂਦੀ ਹੈ। ਕੰਪਿਊਟਰ ਸਿੱਖਿਆ ਰਾਹੀਂ ਅਸੀਂ ਆਨਲਾਈਨ ਠੱਗੀ ਮਾਰਨ ਵਾਲਿਆਂ ਤੋਂ ਵੀ ਆਪਣਾ ਬਚਾ ਕਰ ਸਕਦੇ ਹਾਂ। ਕੰਪਿਊਟਰ ਸਿੱਖਿਆ ਦਾ ਇਹ ਵੀ ਲਾਭ ਹੈ ਕਿ ਅਸੀਂ ਘਰ ਬੈਠੇ ਆਪਣੀ ਰੇਲ, ਬੱਸ, ਹਵਾਈ ਜਹਾਜ ਆਦਿ ਦੀ ਆਨਲਾਈਨ ਟਿਕਟ ਬੁਕਿੰਗ ਕਰਵਾ ਸਕਦੇ ਹਾਂ ਤੇ ਇਨ੍ਹਾਂ ਦੇ ਆਉਣ-ਜਾਣ ਦੇ ਸਮੇਂ ਆਦਿ ਬਾਰੇ ਪਤਾ ਕਰ ਸਕਦੇ ਹਨ। ਉਪਰੋਕਤ ਗੱਲਬਾਤ ਦੇ ਆਧਾਰ ‘ਤੇ ਇਹੀ ਕਹਿਣਾ ਸਹੀ ਹੋਵੇਗਾ ਕਿ ਜੇਕਰ ਅਸੀਂ ਇੰਟਰਨੈੱਟ ਯੁੱਗ ਵਿੱਚ ਸਮੇਂ ਦਾ ਹਾਣੀ ਬਣਨਾ ਚਾਹੁੰਦੇ ਹਾਂ ਤਾਂ ਕੰਪਿਊਟਰ ਸਿੱਖਿਆ ਵਿਦਿਆਰਥੀਆਂ ਦੇ ਨਾਲ-ਨਾਲ ਸਭ ਲਈ ਜਰੂਰੀ ਹੈ।

ਪ੍ਰਮੋਦ ਧੀਰ, 
ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ, ਢੈਪਈ (ਫਰੀਦਕੋਟ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।