ਪੰਜਾਬ

ਵਿੱਤ ਮੰਤਰੀ ਵੱਲੋਂ ਸਾਈਕਲ ਕਾਰਖਾਨੇ ਦਾ ਉਦਘਾਟਨ

ਪਟਿਆਲਾ, (ਖੁਸ਼ਵੀਰ ਸਿੰਘ ਤੂਰ, ਅਜਯ ਕਮਲ)। ਸਾਈਕਲ ਇੰਡਸਟਰੀ ਦੇ ਸਭ ਤੋਂ ਵੱਡੇ ਸਨਅਤੀ ਗਰੁੱਪ ਮੂਰੁਗੱਪਾ ਗਰੁੱਪ ਵੱਲੋਂ ਸ਼ੰਭੂ- ਘਨੌਰ ਸੜਕ ‘ਤੇ ਪੈਂਦੇ ਪਿੰਡ ਸਧਾਰਸੀ ਵਿਖੇ ਕਰੀਬ 105 ਕਰੋੜ ਰੁਪਏ ਦੀ ਲਾਗਤ ਨਾਲ 25 ਏਕੜ ਰਕਬੇ ‘ਚ ਬਣਾਏ ਗਏ ਦੇਸ਼ ਦੇ ਸਭ ਤੋਂ ਵੱਡੇ ਟੀ. ਆਈ. ਸਾਈਕਲ ਕਾਰਖਾਨੇ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਸ ਸਾਈਕਲ ਕਾਰਖਾਨੇ ‘ਚ ਸਾਲਾਨਾ 30 ਲੱਖ ਸਾਈਕਲ ਤਿਆਰ ਕੀਤੇ ਜਾਣਗੇ। ਜਰਮਨ ਦੀ ਤਕਨੀਕ ਨਾਲ ਬਣੇ ਇਸ ਅਤੀ ਆਧੁਨਿਕ ਕਾਰਖਾਨੇ ਦਾ ਉਦਘਾਟਨ ਅੱਜ ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਕੀਤਾ। ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਢੀਂਡਸਾ ਨੇ ਕਿਹਾ ਕਿ ਇਸ ਕਾਰਖਾਨੇ ਦੀ ਸਥਾਪਨਾ ਨਾਲ ਪੰਜਾਬ ਸਾਈਕਲ ਸਨਅਤ ਦੇ ਖੇਤਰ ‘ਚ ਦੇਸ਼ ਦੀ ਰਾਜਧਾਨੀ ਵਜੋਂ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਨਅਤੀ ਵਿਕਾਸ ਲਈ ਬਣਾਈ ਗਈ ਪੰਜਾਬ ਇਨਵੈਸਟਮੈਂਟ ਬਿਊਰੋ ਦੇਸ਼ ਦੀ ਮੋਹਰੀ ਸੰਸਥਾ ਵਜੋਂ ਉੱਭਰੀ ਹੈ। ਸ੍ਰ. ਢੀਂਡਸਾ ਅਨੁਸਾਰ ਇਸ ਵਿਸ਼ਾਲ ਫੈਕਟਰੀ ਦੀ ਸਥਾਪਨਾ ਅਤੇ ਲੁਧਿਆਣਾ ਨੇੜੇ ਸਾਈਕਲ ਵੈਲੀ ਬਣਾਉਣ ਨਾਲ ਪੰਜਾਬ ਸਾਈਕਲ ਸਨਅਤ ਵਿੱਚ ਇੱਕ ਸਨਅਤੀ ਹੱਬ ਵੱਲੋਂ ਉੱਭਰੇਗਾ। ਉਨ੍ਹਾਂ ਕਿਹਾ ਕਿ ਇਸ ਕਾਰਖਾਨੇ ਦੀ ਉਸਾਰੀ ਨਾਲ 2000 ਵਿਅਕਤੀਆਂ ਲਈ ਸਿੱਧੇ ਤੇ ਹਜ਼ਾਰ ਵਿਅਕਤੀਆਂ ਲਈ ਅਸਿੱਧੇ ਤੌਰ ‘ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਹੋਣਗੇ ਤੇ 15 ਦੇ ਕਰੀਬ ਸਹਾਇਕ ਸਨਅਤਾਂ ਵੀ ਹੋਂਦ ‘ਚ ਆਉਣਗੀਆਂ ਜੋ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ।

ਪ੍ਰਸਿੱਧ ਖਬਰਾਂ

To Top