ਪੰਜਾਬ

ਵੀਹ ਫੁੱਟ ਡੂੰਘੇ ਖ਼ੂਹ ‘ਚ ਦੱਬੇ ਨੂੰ ਜਿਉਂਦਾ ਬਾਹਰ ਕੱਢਿਆ

ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਕੱਢਿਆ ਬਾਹਰ
ਢਾਈ ਘੰਟੇ ਤੱਕ ਮਿੱਟੀ ਵਿੱਚ ਦੱਬਿਆ ਰਿਹਾ ਮਜ਼ਦੂਰ
ਗੋਨਿਆਣਾ,  (ਰਾਜ ਇੰਸਾਂ)  ਨੇੜਲੇ ਪਿੰਡ ਭਿੱਸੀਆਣਾ ਵਿਖੇ 20 ਫੁੱਟ ਡੂੰਘੇ  ਖੂਹ ਵਿੱਚੋਂ ਇੱਟਾਂ ਕੱਢਦਿਆਂ ਦੱਬੇ ਇੱਕ ਪਰਵਾਸੀ ਮਜਦੂਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਕਰੜੀ ਮੁਸ਼ੱਕਤ ਕਰਦਿਆਂ ਢਾਈ ਘੰਟਿਆਂ ਬਾਅਦ ਜਿਉਂਦੇ ਜੀਅ ਸਹੀ ਸਲਾਮਤ ਬਾਹਰ ਕੱਢ ਲਿਆ।
ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਗੁਰਮੀਤ ਸਿੰਘ ਪਿੰਡ ਭਿੱਸੀਆਣਾ ਦੇ ਹਵਾਈ ਅੱਡੇ ਨੇੜਲੇ ਖੇਤ ਵਿੱਚ ਇੱਕ 20 ਫੁੱਟ ਡੂੰਘੇ ਖੂਹ ਵਿੱਚ ਤਿੰਨ ਪ੍ਰਵਾਸੀ ਮਜਦੂਰ ਬਾਬੂ ਰਾਮ, ਜੀਤਾ ਰਾਮ ਅਤੇ ਹਰਦਮ ਰਾਮ ਪੁੱਤਰਾਨ ਕਿਰਦਾ ਰਾਮ ਵਾਸੀ ਖਾਜੀਆ ਖੁਰਦ ਜ਼ਿਲ੍ਹਾ ਬੀਕਾਨੇਰ ( ਰਾਜਸਥਾਨ) ਇੱਟਾਂ ਕੱਢਣ ਦੇ ਕੰਮ ਵਿੱਚ ਲੱਗੇ ਹੋਏ ਸਨ।
ਦੁਪੈਹਰ 12 ਵਜੇ ਦੇ ਕਰੀਬ ਖ਼ੂਹ ਦੀਆਂ ਕੰਧਾਂ ਡਿੱਗਣ ਕਾਰਨ ਖ਼ੂਹ ਵਿੱਚ ਕੰਮ ਕਰ ਰਿਹਾ ਮਜਦੂਰ ਹਰਦਮ ਸਿੰਘ ਮਿੱਟੀ ਵਿੱਚ ਦੱਬਿਆ ਗਿਆ। ਮਜਦੂਰਾਂ ਦੇ ਰੌਲਾ ਪਾਉਣ ‘ਤੇ ਮੌਕੇ ‘ਤੇ ਪੁੱਜੇ ਕਿਲੀ ਚੌਂਕੀ ਦੇ ਇੰਚਾਰਜ ਏ.ਐਸ.ਆਈ ਬਲਵਿੰਦਰ ਸਿੰਘ ਅਤੇ ਹੌਲਦਾਰ ਗਮਦੂਰ ਸਿੰਘ ਦੁਆਰਾ ਸੂਚਿਤ ਕਰਨ ‘ਤੇ ਪਿੰਡ ਕਿਲੀ ਨਿਹਾਲ ਤੋਂ ਸ਼ਾਹ ਸਤਿਨਾਮ ਜੀ  ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਕਰਨੈਲ ਸਿੰਘ , ਜਗਦੀਸ਼ ਸਿੰਘ, ਗਗਨਦੀਪ ਸਿੰਘ , ਨਿਰਮਲਜੀਤ ਸਿੰਘ, ਡਾ. ਜਗਦੇਵ ਸਿੰਘ, ਸੇਠ ਸ਼ਾਮ ਲਾਲ ਆਦਿ  ਨੇ ਮੌਕੇ ‘ਤੇ ਪੁੱਜ ਕੇ ਖ਼ੂਹ ਵਿੱਚ ਉੱਤਰ ਕੇ ਮਿੱਟੀ ਦੀ ਪੁਟਾਈ ਸ਼ੁਰੂ ਕਰ ਦਿੱਤੀ। ਮਜਦੂਰ ਨੂੰ ਕੱਢਣ ਲਈ ਐਨ.ਡੀ.ਆਰ.ਐਫ ਦੇ ਜਵਾਨਾਂ ਦੀਆਂ ਦੋ ਗੱਡੀਆਂ ਵੀ ਮੌਕੇ ‘ਤੇ ਪੁੱਜ ਗਈਆਂ ਸਨ।
ਪਿੰਡ ਵਾਸੀਆਂ ਅਤੇ ਸੇਵਾਦਾਰਾਂ ਦੁਆਰਾ  ਕਰੜੀ ਮੁਸ਼ੱਕਤ ਤੋਂ ਬਾਅਦ ਦੁਪੈਹਰ ਸਵਾ ਦੋ ਵਜੇ ਮਜਦੂਰ ਹਰਦਮ ਰਾਮ ਨੂੰ ਖੂਹ ਵਿੱਚ ਬਾਹਰ ਕੱਢ ਲਿਆ ਗਿਆ ਤੇ ਉਸਨੂੰ 108 ਐਂਬੂਲੈਂਸ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਇਸ ਮੌਕੇ ਮੌਜੂਦ ਚੌਂਕੀ ਇੰਚਾਰਜ ਨੇ ਸੇਵਾਦਾਰਾਂ ਅਤੇ ਮੱਦਦਗਾਰ ਨਿਵਾਸੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਹੌਲਦਾਰ ਗਮਦੂਰ ਸਿੰਘ ਨੇ ਦੱਸਿਆ ਕਿ ਜੇਕਰ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮੌਕੇ ‘ਤੇ ਪੁੱਜ ਕੇ ਪੁਟਾਈ ਦਾ ਕੰਮ ਤੇਜੀ ਨਾਲ ਨਾ ਕਰਦੇ ਤਾਂ ਮਿੱਟੀ ਹੇਠ ਦੱਬੇ ਮਜ਼ਦੂਰ ਦੀ ਜਾਨ ਬਚਣੀ ਮੁਸ਼ਕਲ ਸੀ।

ਪ੍ਰਸਿੱਧ ਖਬਰਾਂ

To Top