ਪੰਜਾਬ

ਸਮਾਣੇ ‘ਚ ਹੈਜ਼ੇ ਦਾ ਕਹਿਰ ਵਧਿਆ

ਸਮਾਣਾ,  (ਸੁਨੀਲ ਚਾਵਲਾ)। ਸਮਾਣਾ ‘ਚ ਹੈਜ਼ਾ ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਹੈਜ਼ੇ ਨਾਲ ਤਿੰਨ ਹੋਰ ਜਣੇ ਮੌਤ ਦੇ ਮੂੰਹ ‘ਚ ਚਲੇ ਗਏ ਹਨ ਇਸ ਤਰ੍ਹਾਂ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਚੁੱਕੀ ਹੈ। ਜਦੋਂਕਿ ਕਈ ਦਰਜ਼ਨ ਮਰੀਜ ਸਿਵਲ ਹਸਪਤਾਲ ‘ਚ ਅਤੇ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ‘ਚ ਜ਼ੇਰੇ-ਇਲਾਜ਼ ਹਨ।
ਅੱਜ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਤੇ ਹੈਜ਼ਾ ਨਾਲ ਪੀੜਤ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਮਿਲੀ ਜਾਣਕਾਰੀ ਅਨੁਸਾਰ ਸਤਨਾਮ ਸਿੰਘ 30 ਪੁੱਤਰ ਰਾਜਾ ਸਿੰਘ ਵਾਸੀ ਪੁਰਾਣੀ ਸਰੈਂ ਪੱਤੀ ਨੂੰ 5 ਜੂਨ ਨੂੰ ਸਥਾਨਕ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ ਪਰ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਪਸਤਾਲ ਤੇ ਫਿਰ ਪੀਜੀਆਈ ਚੰਡੀਗੜ ਰੈਫ਼ਰ ਕੀਤਾ ਗਿਆ ਸੀ ਜਿਸਦੀ ਬੀਤੀ ਰਾਤ ਮੌਤ ਹੋ ਗਈ। ਇਸੇ ਤਰ੍ਹਾਂ ਦੀਵਾਨ ਚੰਦ 65 ਪੁੱਤਰ ਨੈਵ ਰਾਜ ਵਾਸੀ ਤੇਜ ਕਲੌਨੀ ਦੀ ਵੀ ਬੀਤੀ ਰਾਤ ਹਾਲਤ ਗੰਭੀਰ ਹੋਣ ‘ਤੇ ਉਸ ਨੂੰ ਪਟਿਆਲਾ ਲੈ ਕੇ ਜਾਂਦੇ ਸਮੇਂ ਰਸਤੇ ‘ਚ ਉਸਦੀ ਮੌਤ ਹੋ ਗਈ। ਜੰਗ ਖਾਨ 65 ਪੁੱਤਰ ਨੂਰ ਮੁਹਮੰਦ ਵਾਸੀ ਪੁਰਾਣੀ ਸਰੈਂ ਪੱਤੀ ਨੇ ਵੀ ਅੱਜ ਸਵੇਰੇ ਦਮ ਤੋੜ ਦਿੱਤਾ ਇਸ ਤੋਂ ਪਹਿਲਾ ਇੱਕ 4 ਸਾਲਾ ਬੱਚੀ ਰਮਨ ਅਤੇ ਇਕ ਮਹਿਲਾ ਪੂਜਾ ਰਾਣੀ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ। ਸਿਵਲ ਹਸਪਤਾਲ ‘ਚ ਮਰੀਜ਼ਾਂ ਦਾ ਅੰਬਾਰ ਲੱਗਿਆ ਪਿਆ ਹੈ ਜਗ੍ਹਾ ਦੀ ਘਾਟ ਕਾਰਨ ਇੱਕ ਇੱਕ ਬੈੱਡ ਤੇ ਦੋ-ਦੋ ਮਰੀਜ਼ਾਂ ਨੂੰ ਪਾਇਆ ਗਿਆ ਹੈ। ਜਦੋਂਕਿ ਨਜ਼ਦੀਕੀ ਹਸਪਤਾਲਾਂ ‘ਚੋਂ ਡਾਕਟਰਾਂ ਦੀ ਡਿਊਟੀ ਸਥਾਨਕ ਸਿਵਲ ਹਸਪਤਾਲ ‘ਚ ਲਗਾਈ ਗਈ ਹੈ। ਸਿਵਲ ਸਰਜਨ ਪਟਿਆਲਾ ਡਾ. ਰਾਜੀਵ ਭੱਲਾ ਨੇ ਦਾਅਵਾ ਕੀਤਾ ਕਿ ਸਿਵਲ ਹਸਪਤਾਲ ‘ਚ ਹੈਜ਼ਾ ਦੇ ਮਰੀਜਾਂ ਲਈ ਪੂਰੇ ਪ੍ਰਬੰਧ ਹਨ ਤੇ ਦਵਾਈਆਂ ਮੁਫ਼ਤ ਦਿੱਤੀਆ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੈਜ਼ਾ ਦੀ ਸ਼ਿਕਾਇਤ ਹੋਣ ‘ਤੇ ਸਰਕਾਰੀ ਹਸਪਤਾਲ ‘ਚ ਇਲਾਜ ਕਰਵਾਉਣ।
ਦੂਜੇ ਪਾਸੇ ਗੰਦੇ ਪਾਣੀ ਦੀ ਸਪਲਾਈ ਕਾਰਨ ਗੰਭੀਰ ਰੂਪ ਧਾਰੀ ਇਸ ਬਿਮਾਰੀ ਲਈ  ਸੀਵਰੇਜ  ਅਤੇ ਵਾਟਰ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਮਾਮਲੇ ‘ਚ ਵਿਭਾਗ ਦੇ ਐਸਡੀਓ ਸੁਰੇਸ਼ ਬਾਂਸਲ ਦਾ ਸਮਾਣਾ ਤੋਂ ਤਬਾਦਲਾ ਕਰ ਦਿੱਤਾ ਹੈ । ਵਿਭਾਗ ਦੇ ਐਕਸੀਅਨ ਸੁਭਾਸ਼ ਚੰਦਰ ਨੇ ਦੱਸਿਆ ਵਿਭਾਗ ਵੱਲੋਂ ਅੱਜ ਸਥਾਨਕ ਸਰੈਂ ਪੱਤੀ ਵਿਖੇ ਦੋ ਅਜਿਹੇ ਨਜਾਇਜ ਕੁਨੈਕਸ਼ਨ ਫੜੇ ਗਏ ਜੋ ਕਿ ਨਾਲੇ ‘ਚ ਹੀ ਵਾਟਰ ਸਪਲਾਈ ਵਿਭਾਗ ਦੀ ਲਾਈਨ ਨੂੰ ਤੋੜਕੇ ਪਲਾਸਟਿਕ ਦੀ ਪਾਇਪ ਰਾਹੀਂ ਲਾਏ ਗਏ ਸਨ ਤੇ ਪਲਾਸਟਿਕ ਦੀ ਪਾਇਪ ਟੁੱਟਣ ਕਾਰਨ ਸੀਵਰੇਜ ਦਾ ਪਾਣੀ ਵਾਟਰ ਸਪਲਾਈ ਵਿਚ ਮਿਕਸ ਹੋ ਰਿਹਾ ਸੀ।ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕੇ ਦੇ ਵਿਧਾਇਕ ਸੁਰਜੀਤ ਸਿੰਘ ਰੱਖੜਾ ਨੇ ਪੀੜਤ ਮਰੀਜਾਂ ਦਾ ਹਾਲ-ਚਾਲ ਪੁੱਛਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਇਸ ਬਿਮਾਰੀ ਦੇ ਫੈਲਣ ‘ਚ ਕਿਸੇ ਵੀ ਵਿਭਾਗ ਦੀ ਲਾਪ੍ਰਵਾਹੀ ਪਾਈ ਗਈ ਤਾਂ ਉਸ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੈਜ਼ਾ ਨਾਲ ਪੀੜਤ ਮਰੀਜਾਂ ਲਈ ਸਿਵਲ ਹਸਪਤਾਲ ‘ਚ ਪੂਰੇ ਪ੍ਰਬੰਧ ਕੀਤੇ ਗਏ ਹਨ ਤੇ ਜੇਕਰ ਹੋਰ ਜ਼ਰੂਰਤ ਪੈਂਦੀ ਹੈ ਤਾਂ ਨਜ਼ਦੀਕੀ ਹਸਪਤਾਲਾਂ ‘ਚੋਂ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਇੱਥੇ ਭੇਜਿਆ ਜਾਵੇਗਾ।

ਪ੍ਰਸਿੱਧ ਖਬਰਾਂ

To Top