ਸਰਕਾਰੀ ਸਕੂਲਾਂ ਦੇ ਮਿੱਡ ਡੇਅ ਮੀਲ ‘ਚ ਆਲੂ ਬਣਿਆ ਸ਼ਾਹੀ ਪਕਵਾਨ

ਦਰਦ ਗੋਡਿਆਂ ਦਾ ਦਵਾਈ ਢਿੱਡ ਦੁਖਦੇ ਦੀ ਦੇ ਰਹੀ ਸਰਕਾਰ
ਸਿਪਲਾਈ ਲਈ ਨੋਡਲ ਅਫਸਰ ਵੀ ਲਗਾਇਆ
ਬਠਿੰਡਾ, ਅਸ਼ੋਕ ਵਰਮਾ

ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪਰੋਸੇ ਜਾਂਦੇ ਦੁਪਹਿਰ ਦੇ ਭੋਜਨ ‘ਚ ਆਲੂ ਸ਼ਾਹੀ ਪਕਵਾਨ ਬਣੇਗਾ  ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਮਿੱਡ ਡੇਅ ਮੀਲ ਵਾਸਤੇ ਪਹਿਲ ਦੇ ਅਧਾਰ ‘ਤੇ ਆਲੂ ਖਰੀਦਣ ਦੇ ਹੁਕਮ ਦਿੱਤੇ ਹਨ ਇਸ ਕੰਮ ਲਈ ਪ੍ਰਸ਼ਾਸਨ ਵੱਲੋਂ ਨੋਡਲ ਅਫਸਰ ਵੀ ਲਾਇਆ ਗਿਆ ਹੈ  ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗ ਦੇ ਮੁਤਾਬਕ ਆਲੂ ਸਪਲਾਈ ਕਰਨ ਲਈ ਰੂਪ-ਰੇਖਾ ਵੀ ਤਿਆਰ ਕਰ ਲਈ ਹੈ। ਜ਼ਿਲ੍ਹਾ ਬਠਿੰਡਾ  ਦੇ ਪ੍ਰਾਇਮਰੀ ਸਕੂਲਾਂ ‘ਚ 53,777 ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿਚਲੇ 42618 ਬੱਚਿਆਂ ਸਮੇਤ ਕੁੱਲ 96,395 ਬੱਚੇ ਹਨ ਜੋ ਮਿੱਡ ਡੇਅ ਮੀਲ ਯੋਜਨਾ ਤਹਿਤ ਭੋਜਨ ਛਕਦੇ ਹਨ  ਜ਼ਿਲ੍ਹਾ ਬਠਿੰਡਾ ਦੇ 706 ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲ  ਹਨ ਜਿਨ੍ਹਾਂ ਵੱਲੋਂ ਮਿੱਡ-ਡੇ-ਮੀਲ ਵਾਸਤੇ ਲਗਪਗ 700 ਕੁਇੰਟਲ ਆਲੂਆਂ ਦੀ ਮੰਗ ਭੇਜੀ ਗਈ ਹੈ। ਪ੍ਰਸ਼ਾਸਨ ਤਰਫੋਂ ਪੰਜ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਆਲੂ ਖਰੀਦ ਕੇ ਸਕੂਲਾਂ ਨੂੰ ਆਲੂਆਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ
ਅੱਜ ਬਠਿੰਡਾ ਦੇ ਵੱਖ-ਵੱਖ ਸਕੂਲਾਂ ਨੂੰ ਆਲੂਆਂ ਦੀਆਂ ਦੋ ਟਰਾਲੀਆਂ ਭੇਜੀਆਂ ਗਈਆਂ ਆਲੂ ਕਾਸ਼ਤਕਾਰਾਂ ਨੂੰ ਮੰਦੀ ਹਾਲਤ ‘ਚੋਂ ਕੱਢਣ ਲਈ ਮਿਡ-ਡੇਅ ਮੀਲ ‘ਚ ਆਲੂਆਂ  ਨੂੰ ਸ਼ਾਮਲ ਕੀਤਾ ਗਿਆ ਹੈ ਬਠਿੰਡਾ ਦੇ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਕੂਲਾਂ ਲਈ 18879 ਕਿੱਲੋਗ੍ਰਾਮ, ਰਾਮਪੁਰਾ ਦੇ ਸਕੂਲਾਂ ਲਈ 14983 ਕਿੱਲੋਗ੍ਰਾਮ, ਸੰਗਤ ਦੇ ਸਕੂਲਾਂ ਲਈ 10417 ਕਿੱਲੋਗ੍ਰਾਮ, ਨਥਾਣਾ ਦੇ ਸਕੂਲਾਂ ਲਈ 8223 ਕਿੱਲੋਗ੍ਰਾਮ ਅਤੇ ਤਲਵੰਡੀ ਦੇ ਸਕੂਲਾਂ ਲਈ 10314 ਕਿੱਲੋਗ੍ਰਾਮ ਆਲੂਆਂ ਦੀ ਖਰੀਦ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਅੱਜ ਤੋਂ ਸਕੂਲਾਂ ਨੂੰ ਆਲੂਆਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਕੇਂਦਰੀ ਜੇਲ੍ਹ ਬਠਿੰਡਾ ਨੂੰ  ਵੀ ਆਲੂਆਂ ਦੀ ਮੰਗ ਸੌਂਪਣ ਬਾਰੇ ਆਖਿਆ ਹੈ ਕਿਸਾਨਾਂ ਦੀ ਸਹੂਲਤ ਲਈ ਉਸੇ ਕੀਮਤ ‘ਤੇ ਖਰੀਦ ਕਰਕੇ ਸਪਲਾਈ ਦਿੱਤੀ ਜਾਵੇਗੀ।ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਮਗਰੋਂ ਵੀ ਆਲੂਆਂ  ਦੇ ਕਾਸ਼ਤਕਾਰ ਮੰਦਹਾਲੀ ਵਿੱਚੋਂ ਨਿਕਲਦੇ ਦਿਖਾਈ ਨਹੀਂ ਦੇ ਰਹੇ ਫਿਰ ਵੀ ਇਸ ਪਹਿਲਕਦਮੀ ਨੂੰ ਥੋੜ੍ਹੀ ਬਹੁਤੀ ਆਰਜੀ ਰਾਹਤ ਮੰਨਿਆ ਜਾ ਰਿਹਾ ਹੈ
ਗੌਰਤਲਬ ਹੈ ਕਿ ਮੰਡੀਆਂ  ਵਿੱਚ ਆਲੂ ਨੂੰ ਕੋਈ ਬੇਰਾਂ ਵੱਟੇ ਪੁੱਛ ਨਹੀਂ ਰਿਹਾ ਹੈ
ਆਲੂ ਕਾਸ਼ਤਕਾਰਾਂ  ਵੱਲੋਂ ਤਰਲਿਆਂ  ਦੇ ਬਾਵਜੂਦ ਉਸਦੀ ਫਸਲ ਮਸਾਂ ਇੱਕ ਜਾਂ ਦੋ ਰੁਪਏ ਪ੍ਰਤੀ ਕਿੱਲੋ ਵੀ ਨਹੀਂ ਵਿਕ ਰਹੀ ਹੈ ਜਦੋਂ ਕਿ ਬਾਜ਼ਾਰ ਵਿੱਚ ਹੁਣ ਵੀ ਆਲੂ 8 ਤੋਂ 10 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ ਰਾਮਪੁਰਾ ਇਲਾਕੇ ਦੇ ਪਿੰਡ ਕਰਾੜਵਾਲਾ, ਪਿਥੋ, ਮੰਡੀ ਕਲਾਂ, ਭੂੰਦੜ, ਢਪਾਲੀ,ਕੋਟੜਾ ਅਤੇ ਸੇਲਬਰਾਹ ਵਿੱਚ ਆਲੂ ਦੀ ਕਾਫੀ ਪੈਦਾਵਾਰ ਹੁੰਦੀ ਹੈ ਇੱਕ ਅਨੁਮਾਨ ਅਨੁਸਾਰ ਇਸ ਖਿੱਤੇ ਵਿੱਚ 30 ਲੱਖ ਗੱਟਾ ਆਲੂ ਦੀ ਪੈਦਾਵਾਰ ਹੁੰਦੀ ਹੈ ਜਿਸ ‘ਚ ਗਿਰਾਵਟ ਆਉਣ ਦੀਆਂ ਖਬਰਾਂ ਹਨ ਕਈ ਕਿਸਾਨਾਂ ਨੇ ਤਾਂ ਕਾਫੀ ਮਹਿੰਗੇ ਭਾਅ ਜ਼ਮੀਨ ਠੇਕੇ ‘ਤੇ ਲੈ ਕੇ ਆਲੂਆਂ ਦੀ ਕਾਸ਼ਤ ਕੀਤੀ ਸੀ ਆਲੂ ਉਤਪਾਦਕ ਕਿਸਾਨ ਨਿਰਮਲ ਸਿੰਘ ਦਾ ਕਹਿਣਾ ਸੀ ਕਿ  ਇਸ  ਉਪਰਾਲੇ ਦਾ ਲਾਹਾ ਕਿਸਾਨਾਂ  ਦੀ ਬਜਾਏ ਸਬਜ਼ੀ ਦੇ ਥੋਕ ਜਾਂ  ਪਰਚੂਨ ਵਪਾਰੀਆਂ  ਨੂੰ ਜਿਆਦਾ ਹੋਵੇਗਾ ਉਨ੍ਹਾਂ ਕਿਹਾ ਕਿ ਜੇਕਰ ਸਹੀ ਭਾਅ ਨਾ ਮਿਲਿਆ ਤਾਂ ਪਹਿਲਾਂ ਤੋਂ ਹੀ ਵੱਡੀ ਆਰਥਿਕ ਮਾਰ ਝੱਲ ਰਹੇ ਕਿਸਾਨ ਹੋਰ ਵੀ ਰਗੜੇ ਹੇਠ ਆ ਜਾਣਗੇ ਕਿਸਾਨਾਂ ਦਾ ਇੱਕੋ ਸੁਆਲ ਹੈ ਕਿ ਜੇਕਰ ਹੋਰ ਸੂਬਿਆਂ ਦੀਆਂ ਸਰਕਾਰਾਂ ਆਪਣੇ ਕਿਸਾਨਾਂ ਦੀ ਬਾਂਹ ਫੜ ਸਕਦੀਆਂ ਹਨ ਤਾਂ ਪੰਜਾਬ ਸਰਕਾਰ ਕਿਉਂ ਨਹੀਂ?

ਮਿੱਡ ਡੇ ਮੀਲ ‘ਚ ਆਲੂ ਵਰਤਣ ਦੇ ਹੁਕਮ:ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੇ ਸਕੂਲਾਂ ਨੂੰ ਮਿੱਡ-ਡੇ-ਮੀਲ ਵਿੱਚ ਆਲੂ ਵਰਤਣ ਲਈ ਆਖਿਆ  ਉਨ੍ਹਾਂ ਆਖਿਆ ਕਿ ਜ਼ਿਲ੍ਹੇ ਵਿੱਚ ਸਕੂਲਾਂ ਦੀ ਮੰਗ ਦੇ ਮੁਤਾਬਕ ਹੁਣ ਆਲੂਆਂ ਦੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਸ੍ਰੀ ਥੋਰੀ ਨੇ ਆਖਿਆ ਕਿ ਕੀਮਤਾਂ ਸਥਿਰ ਰੱਖਣ ਲਈ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪੰਜ ਰੁਪਏ ਪ੍ਰਤੀ ਕਿੱਲੋ ਦੀ ਕੀਮਤ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲਾਂ ਵਿੱਚ ਆਲੂਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਨੋਡਲ ਅਫਸਰ ਲਾਇਆ ਗਿਆ ਹੈ।
ਦਰਦ ਗੋਡਿਆਂ ਦਾ ਦਵਾਈ ਢਿੱਡ ਦੁਖਦੇ ਦੀ
ਭਾਰਤੀ ਕਿਸਾਨ ਯੂਨੀਅਨ ਸਿੱਧੂਪਾਰ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਇਸ ਵੇਲੇ ਕਿਸਾਨਾਂ ਦੇ ਦੁੱਖ ਗੋਡੇ ਰਹੇ ਹਨ ਪਰ ਸਰਕਾਰ ਦਵਾਈ ਢਿੱਡ ਦੁਖਦੇ ਦੀ ਦੇ ਰਹੀ ਹੈ ਸਕੂਲਾਂ ‘ਚ ਆਲੂ ਭੇਜਣ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਅੱਖਾਂ ਪੂੰਝਣ ਵਾਲੀ ਕਰਾਰ ਦਿੰਦਿਆਂ ਕਿਸਾਨ ਆਗੂ ਨੇ ਕਿਹਾ  ਕਿ ਕਰਜਿਆਂ ਦੀ ਮਾਰ ਹੇਠ ਆਇਆ ਕਿਸਾਨ ਤਾਂ ਪਹਿਲਾਂ ਹੀ ਖੁਦਕੁਸ਼ੀ ਦੇ ਮੋੜ ‘ਤੇ ਖੜ੍ਹਾ ਹੈ ਪਰ ਸਰਕਾਰਾਂ ਸਥਿਤੀ ਸਮਝ ਨਹੀਂ ਰਹੀਆਂ ਹਨ ਉਨ੍ਹਾਂ ਆਖਿਆ ਕਿ ਖੇਤੀ ਵਿਭਿੰਨਤਾ ਦਾ ਰੌਲਾ ਤਾਂ ਪੈ ਰਿਹਾ ਹੈ ਪਰ ਲੁੜੀਂਦੇ ਕਦਮ ਨਾ ਉਠਾਉਣ ਕਰਕੇ ਕਿਸਾਨਾਂ ਨੂੰ ਚਾਰਾਂ ਪਾਸਿਆਂ ਤੋਂ ਮਾਰ ਪੈ ਰਹੀ ਹੈ