Breaking News

ਸਾਜਿਸ਼ ਘੜਨ ਵਾਲਿਆਂ ਦੀ ਹੋਵੇਗੀ ਛੁੱਟੀ ਤਾਂ ਹੀ ਵਾਪਸੀ ਕਰਨਗੇ ਸੁਰੇਸ਼ ਕੁਮਾਰ

Not Appearing, Suresh Kumar, Lawyer P Chidambaram

ਵਾਪਸੀ ਕਰਨੀ ਐ ਕੋਈ ਮਜ਼ਬੂਰੀ, ਕਾਰਵਾਈ ਤੋਂ ਬਾਅਦ ਕਰਨਗੇ ਤੈਅ : ਸੁਰੇਸ਼ ਕੁਮਾਰ

ਸੁਰੇਸ਼ ਕੁਮਾਰ ਨੇ ਅਮਰਿੰਦਰ ਸਿੰਘ ਨੂੰ ਕਰਵਾਇਆ ਆਪਣੀ ਭਾਵਨਾ ਤੋਂ ਜਾਣੂ

ਜਦੋਂ ਤੱਕ ਰਹੇਗੀ ਆਪਣੀ ਸੀਟ ‘ਤੇ ਤਿੱਕੜੀ ਤਾਂ ਨਹੀਂ ਕਰਨਗੇ ਵਾਪਸੀ

ਅਸ਼ਵਨੀ ਚਾਵਲਾ, ਚੰਡੀਗੜ੍ਹ

ਮੁੱਖ ਮੰਤਰੀ ਦਫ਼ਤਰ ‘ਚ ਸੁਰੇਸ਼ ਕੁਮਾਰ ਦੀ ਵਾਪਸੀ ਕਰਵਾਉਣ ਲਈ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਵੀ ਸਫ਼ਲ ਹੁੰਦੀ ਨਜ਼ਰ ਨਹੀਂ ਆ ਰਹੀਂ ਹੈ, ਕਿਉਂਕਿ ਸੁਰੇਸ਼ ਕੁਮਾਰ ਵੱਲੋਂ ਅਮਰਿੰਦਰ ਸਿੰਘ ਨੂੰ ਆਪਣੀ ਭਾਵਨਾ ਤੋਂ ਸਾਫ਼ ਤੌਰ ‘ਤੇ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ‘ਚ ਉਨ੍ਹਾਂ ਖ਼ਿਲਾਫ਼ ਸਾਜਿਸ਼ ਰਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਜਦੋਂ ਤੱਕ ਇਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਹੋਵੇਗੀ ਤਾਂ ਉਹ ਮੁੱਖ ਮੰਤਰੀ ਦਫ਼ਤਰ ‘ਚ ਵਾਪਸੀ ਹੀ ਨਹੀਂ ਕਰਨਗੇ।

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖਾਸਮ ਖਾਸ ਸਾਬਕਾ ਅਧਿਕਾਰੀ ਸੁਰੇਸ਼ ਕੁਮਾਰ ਦੀ ਬਤੌਰ ਪ੍ਰਮੁੱਖ ਸਕੱਤਰ ਦੀ ਨਿਯੁਕਤੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਸੀ ਪਰ ਸੁਰੇਸ਼ ਕੁਮਾਰ ਸ਼ੁਰੂ ਤੋਂ ਹੀ ਇਸ ਪਿੱਛੇ ਦੋ ਆਈਏਐੱਸ ਅਧਿਕਾਰੀਆਂ ਤੇ ਸਰਕਾਰ ਦੇ ਮੁੱਖ ਵਕੀਲ (ਐਡਵੋਕੇਟ ਜਨਰਲ) ਦਫ਼ਤਰ ਨਾਲ ਜੁੜੇ ਵੱਡੇ ਵਕੀਲ ਦੇ ਹੱਥ ਹੋਣ ਦੀ ਗੱਲ ਕਹਿੰਦੇ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੁਰੇਸ਼ ਕੁਮਾਰ ਨੂੰ ਭਰੋਸਾ ਤਾਂ ਦਿੱਤਾ ਸੀ ਪਰ ਇਨ੍ਹਾਂ ਖ਼ਿਲਾਫ਼ ਨਾ ਹੀ ਕਾਰਵਾਈ ਹੋਈ ਤੇ ਨਾ ਹੀ ਸੁਰੇਸ਼ ਕੁਮਾਰ ਦੀ ਪੋਸਟ ਨੂੰ ਬਚਾਉਣ ਲਈ ਚੰਗੇ ਵਕੀਲ ਪੇਸ਼ ਕੀਤੇ ਗਏ, ਜਿਸ ਤੋਂ ਬਾਅਦ ਹਾਈ ਕੋਰਟ ਨੇ ਉਸ ਪੋਸਟ ਨੂੰ ਹੀ ਖ਼ਾਰਜ ਕਰ ਦਿੱਤਾ।

ਹਾਈ ਕੋਰਟ ਤੋਂ ਫੈਸਲਾ ਆਉਣ ਵਾਲੇ ਦਿਨ ਹੀ ਸੁਰੇਸ਼ ਕੁਮਾਰ ਜਪਾਨ ਆਪਣੇ ਨਿੱਜੀ ਦੌਰੇ ‘ਤੇ ਰਵਾਨਾ ਹੋ ਗਏ ਸਨ ਤੇ ਬੀਤੇ ਵੀਰਵਾਰ ਨੂੰ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਮਿਲਣ ਲਈ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਉਨ੍ਹਾਂ ਦੇ ਘਰ ਪੁੱਜ ਗਏ। ਜਿੱਥੇ ਅਮਰਿੰਦਰ ਸਿੰਘ ਨੇ ਸੁਰੇਸ਼ ਕੁਮਾਰ ਨੂੰ ਮੁੱਖ ਮੰਤਰੀ ਦਫ਼ਤਰ ਵਾਪਸੀ ਕਰਨ ਲਈ ਉਨ੍ਹਾਂ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਵਾਪਸੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਹਾਲਾਂਕਿ ਸੁਰੇਸ਼ ਕੁਮਾਰ ਨੇ ਦੋਸ਼ੀ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਬਾਅਦ ਮੁੜ ਤੋਂ ਵਿਚਾਰ ਕਰਨ ਦਾ ਭਰੋਸਾ ਵੀ ਦਿੱਤਾ ਹੈ।

ਦੂਜੇ ਪਾਸੇ ਅਮਰਿੰਦਰ ਸਿੰਘ ਨੇ ਸੁਰੇਸ਼ ਕੁਮਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਦੇ ਨਾਲ ਹੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਹਾਈ ਕੋਰਟ ਦੇ ਆਦੇਸ਼ ਖ਼ਿਲਾਫ਼ ਡਬਲ ਬੈਂਚ ‘ਚ ਪਟੀਸ਼ਨ ਪਾਉਣ ਤੇ ਸਟੇਅ ਲੈਣ ਲਈ ਆਦੇਸ਼ ਵੀ ਦੇ ਦਿੱਤੇ ਹਨ।

ਅਧਿਕਾਰੀ ਤਾਂ ਠੀਕ ਸੀਨੀਅਰ ਵਕੀਲ ਖ਼ਿਲਾਫ਼ ਕਿਵੇਂ ਕਾਰਵਾਈ ਕਰਨਗੇ ਅਮਰਿੰਦਰ ਸਿੰਘ

ਅਮਰਿੰਦਰ ਸਿੰਘ ਸੁਰੇਸ਼ ਕੁਮਾਰ ਵੱਲੋਂ ਅਧਿਕਾਰੀਆਂ ਖ਼ਿਲਾਫ਼ ਕੋਈ ਨਾ ਕੋਈ ਕਾਰਵਾਈ ਕਰਨ ਦਾ ਹੱਲ ਤਾਂ ਕੱਢ ਸਕਦੇ ਹਨ ਪਰ ਜਿਹੜੇ ਸੀਨੀਅਰ ਵਕੀਲ ਖ਼ਿਲਾਫ਼ ਸੁਰੇਸ਼ ਕੁਮਾਰ ਕਾਰਵਾਈ ਚਾਹੁੰਦੇ ਹਨ, ਉਸ ਖ਼ਿਲਾਫ਼ ਕਾਰਵਾਈ ਕਰਨਾ ਸ਼ੱਕ ਦੇ ਦਾਇਰੇ ‘ਚ ਆ ਰਿਹਾ ਹੈ। ਕਿਉਂਕਿ ਜਿਸ ਤਰ੍ਹਾਂ ਸੁਰੇਸ਼ ਕੁਮਾਰ ਅਮਰਿੰਦਰ ਸਿੰਘ ਦੇ ਖ਼ਾਸ ਹਨ, ਉਸੇ ਤਰ੍ਹਾਂ ਉਹ ਮੁੱਖ ਵਕੀਲ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਖਾਸਮ ਖਾਸ ਹੈ, ਜਿਸ ਕਾਰਨ ਦੁਚਿੱਤੀ’ਚ ਹੀ ਅਮਰਿੰਦਰ ਸਿੰਘ ਫਸਦੇ ਨਜ਼ਰ ਆ ਰਹੇ ਹਨ, ਕਿਉਂਕਿ ਆਪਣੇ ਇੱਕ ਖਾਸਮ ਖਾਸ ਦੀ ਨਰਾਜ਼ਗੀ ਨੂੰ ਦੂਰ ਕਰਨ ਲਈ ਅਮਰਿੰਦਰ ਸਿੰਘ ਨੂੰ ਦੂਜੇ ਖਾਸਮ ਖਾਸ ਨੂੰ ਨਰਾਜ਼ ਕਰਨਾ ਪਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top