ਸਾਧ-ਸੰਗਤ ਦੀ ਹਮਾਇਤ ਨੇ ਸਿਆਸੀ ਸਮੀਕਰਨ ਬਦਲੇ

ਅਕਾਲੀ-ਭਾਜਪਾ ਦਾ ਪੱਲੜਾ ਹੋਇਆ ਭਾਰੀ
ਅਸ਼ੋਕ ਵਰਮਾ ਬਠਿੰਡਾ,
ਵਿਧਾਨ ਸਭਾ ਚੋਣਾਂ ‘ਚ ਸੱਤਾ ਪ੍ਰਾਪਤੀ ਲਈ ਚੱਲ ਰਹੀ ਜੰਗ ਦੌਰਾਨ ਪੰਜਾਬ ਦੀ ਸਾਧ-ਸੰਗਤ  ਵੱਲੋਂ ਅਕਾਲੀ ਭਾਜਪਾ ਗਠਜੋੜ ਨੂੰ ਦਿੱਤੀ ਹਮਾਇਤ ਨੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ ਇਸ ਫੈਸਲੇ ਨਾਲ ਅਕਾਲੀ-ਭਾਜਪਾ ਦਾ ਪੱਲੜਾ ਭਾਰੀ ਹੋ ਗਿਆ ਹੈ
ਗੌਰਤਲਬ ਹੈ ਕਿ ਸਾਲ 2007 ‘ਚ ਸਾਧ-ਸੰਗਤ ਵੱਲੋਂ ਇਸੇ ਤਰਜ਼ ‘ਤੇ ਕਾਂਗਰਸ ਨੂੰ ਹਮਾਇਤ ਦਿੱਤੀ ਗਈ ਸੀ ਉਸ ਵੇਲੇ ਹੋਈਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਦੇ ਆਪਣੇ ਅਧਾਰ ਵਾਲੀ ਮਾਲਵਾ ਪੱਟੀ ‘ਚ ਸਿਕੰਦਰ ਸਿੰਘ ਮਲੂਕਾ ,ਬਲਵਿੰਦਰ ਸਿੰਘ ਭੂੰਦੜ , ਸੁਰਜੀਤ ਸਿੰਘ ਰੱਖੜਾ ਅਤੇ ਮਲਕੀਤ ਸਿੰਘ ਕੀਤੂ ਵਰਗੇ ਸਿਆਸੀ ਧੁਨੰਤਰ ਚੋਣ ਹਾਰ ਗਏ ਸਨ  ਇਸ ਵੇਲੇ ਵੀ ਪੰਜਾਬ ‘ਚ ਮੁੱਖ ਮੰਤਰੀ ਦੀ ਕੁਰਸੀ ਉੱਤੇ ਲੰਮਾ ਸਮਾਂ  ਕਬਜ਼ਾ ਜਮਾਈ ਰੱਖਣ ਵਾਲਾ ਮਾਲਵਾ ਖੇਤਰ ਸਿਆਸੀ ਭੇੜ ਦਾ ਸਭ ਤੋਂ ਅਹਿਮ ਮੈਦਾਨ ਸਮਝਿਆ ਜਾਂਦਾ ਹੈ
ਇਸ ਦੀ ਵਜ੍ਹਾ ਨਵੀਂ ਹੱਦਬੰਦੀ ਪਿੱਛੋਂ ਇਸ ਖਿੱਤੇ ‘ਚ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਦਾ ਨਹੀਂ ਵਧਣਾ ਹੈ ਪੁਰਾਣੀ ਹੱਦਬੰਦੀ ਦੌਰਾਨ ਪੰਜਾਬ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ‘ਚੋਂ ਮਾਲਵੇ ‘ਚ 65 ਹਲਕੇ ਪੈਂਦੇ ਸਨ ਜਿਨ੍ਹਾਂ ਦੀ ਗਿਣਤੀ ਹੁਣ 69 ਹੈ ਇਸੇ ਤਰ੍ਹਾਂ ਹੀ ਮਾਝੇ ਤੇ ਦੁਆਬੇ ‘ਚ ਅਸੈਂਬਲੀ ਸੀਟਾਂ 52 ਤੋਂ ਘਟਕੇ 48 ਰਹਿ ਗਈਆਂ ਹਨ
ਇਸ ਦੇ ਸਿੱਟੇ ਵਜੋਂ ਸਿਆਸੀ ਤੌਰ ‘ਤੇ ਮਾਲਵਾ ਖੇਤਰ ਦਾ ਪ੍ਰਭਾਵ ਹੋਰ ਵੀ ਵਧ ਗਿਆ ਹੈ ਇਹੋ ਕਾਰਨ ਹੈ ਕਿ ਅਕਾਲੀ ਦਲ ਭਾਜਪਾ ਗਠਜੋੜ ਤੋਂ ਇਲਾਵਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਤਰਫੋਂ ਵੀ ਆਪਣਾ ਮਾਲਵਾ ਦੇ ਵੋਟ ਬੈਂਕ ਤੇ ਮੁੱਖ ਤੌਰ ‘ਤੇ ਫੋਕਸ ਕੀਤਾ ਜਾ ਰਿਹਾ ਹੈ
ਸਾਲ 2007 ਦੀਆਂ  ਵਿਧਾਨ ਸਭਾ ਚੋਣਾਂ ਦੌਰਾਨ ਸਾਧ-ਸੰਗਤ  ਦੀ ਖੁੱਲ੍ਹੀ ਹਮਾਇਤ ਸਦਕਾ ਮਾਲਵੇ ਵਿਚਲੀਆਂ  ਕੁੱਲ 65 ਵਿੱਚੋਂ ਕਾਂਗਰਸ ਨੇ 37 ਸੀਟਾਂ  ਜਿੱਤ ਕੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਸੀ
ਹਮਾਇਤ ਸੋਨੇ ‘ਤੇ ਸੁਹਾਗਾ
ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਤੇ ਅਕਾਲੀ ਦਲ ਉਮੀਦਵਾਰ ਸਰੂਪ ਚੰਦ ਸਿੰਗਲਾ ਦਾ ਕਹਿਣਾ ਹੈ ਕਿ ਸਾਧ-ਸੰਗਤ ਵੱਲੋਂ ਗਠਜੋੜ ਦੇ ਹੱਕ ‘ਚ ਨਿਤਰਨ ਨਾਲ ਪਾਰਟੀ ਨੂੰ ਬਹੁਤ ਫਾਇਦਾ ਹੋਵੇਗਾ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸੂਬੇ ਦਾ ਵਿਕਾਸ ਕਰਵਾਉਣ ਕਰਕੇ ਅਕਾਲੀ ਦਲ ਮੋਹਰੀ ਚੱਲ ਰਿਹਾ ਸੀ ਪਰ ਨਵੇਂ ਸਮੀਕਰਨਾਂ ਨੇ ਤਾਂ ਸੋਨੇ ‘ਤੇ ਸੁਹਾਗੇ ਦਾ ਕੰਮ ਕੀਤਾ ਹੈ