ਸੜਕੀ ਹਾਦਸਿਆਂ ਨੇ ਲਈਆਂ ਤਿੰਨ ਜਾਨਾਂ, ਪੰਜ ਜ਼ਖਮੀ

ਸਕਾਰਪੀਓ-ਟਰੈਕਟਰ ਟਰਾਲੀ ਦੀ ਟੱਕਰ ‘ਚ ਦੋ ਮੌਤਾਂ
ਬਸੰਤ ਇੰਸਾਂ ਤਲਵੰਡੀ ਭਾਈ, 
ਮੋਗਾ-ਫਿਰੋਜ਼ਪੁਰ ਰੋਡ ‘ਤੇ ਬੀਤੀ ਦੇਰ ਰਾਤ ਇੱਕ ਸਕਾਰਪੀਓ ਗੱਡੀ ਟਰੈਕਟਰ-ਟਰਾਲੀ ਦੇ ਪਿੱਛੇ ਜਾ ਵੱਜੀ, ਜਿਸ ਕਾਰਨ ਸਕਾਰਪੀਓ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਹਾਦਸੇ ਦੌਰਾਨ 4 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਸਕਾਰਪੀਓ ਗੱਡੀ ਆਰਕੈਸਟਰਾ ਗਰੁੱਪ ਲੈ ਕੇ ਫਿਰੋਜ਼ਪੁਰ ਵੱਲ ਜਾ ਰਹੀ ਸੀ ਕਿ ਪਿੰਡ ਲੱਲੇ ਨੇੜੇ  ਕਥਿਤ ਤੌਰ ‘ਤੇ ਆਪਣੇ ਅੱਗੇ ਜਾ ਰਹੀ ਟਰੈਕਟਰ-ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਗੱਡੀ ‘ਚ ਸਵਾਰ ਪਰਵਿੰਦਰ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਸਾਦਿਕ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ, ਜਦਕਿ ਨਰਿੰਦਰ ਸਿੰਘ ਵਾਸੀ ਸਾਦਿਕ, ਅਮਰਜੀਤ ਕੌਰ ਪਤਨੀ ਕ੍ਰਿਸ਼ਨ ਸਿੰਘ ਵਾਸੀ ਮਾਨੀ ਸਿੰਘ ਵਾਲਾ, ਬਲਜੀਤ ਸਿੰਘ ਪੁੱਤਰ ਜੱਜ ਸਿੰਘ ਵਾਸੀ ਸਾਦਿਕ ਤੇ ਰੀਆ ਪਤਨੀ ਸੋਨੂੰ ਵਾਸੀ ਜਲੰਧਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਇਸ ਦੌਰਾਨ ਇਲਾਜ ਲਈ ਹਸਪਤਾਲ ‘ਚ ਪਹੁੰਚਾਈ ਅਮਰਜੀਤ ਕੌਰ ਨੇ ਵੀ ਦਮ ਤੋੜ ਦਿੱਤਾ। ਘਟਨਾ ਸਥਾਨ ‘ਤੇ ਪੁੱਜੇ ਤਲਵੰਡੀ ਭਾਈ ਦੇ  ਏਐੱਸਆਈ ਲਖਵੀਰ ਸਿੰਘ ਨੇ ਜ਼ਖਮੀਆਂ ਨੂੰ ਨੌਜਵਾਨ ਲੋਕ ਭਲਾਈ ਸਭਾ ਦੀ ਐਂਬੂਲੈਂਸ ਰਾਹੀਂ ਵੱਖ-ਵੱਖ ਹਸਪਤਾਲਾਂ ‘ਚ ਪਹੁੰਚਾਇਆ ਤੇ ਜ਼ਖਮੀਆਂ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ ‘ਚ ਇੱਕ ਭਰਾ ਦੀ ਮੌਤ, ਇੱਕ ਜ਼ਖਮੀ
ਸੱਚ ਕਹੂੰ ਨਿਊਜ਼
ਭੀਖੀ/ਬੁਢਲਾਡਾ, 
ਇੱਥੋਂ ਨੇੜਲੇ ਪਿੰਡ ਬੋੜਾਵਾਲ ਤੋਂ ਤਿੰਨ ਕਿੱਲੋਮੀਟਰ ਦੀ ਦੂਰੀ ‘ਤੇ ਕਸਬਾ ਭੀਖੀ ਹਦੂਦ ‘ਚ ਪੈਂਦੀ ਹੱਡਾਰੋੜੀ ਨੇੜੇ ਬੁਢਲਾਡਾ ਦੀ ਮੁੱਖ ਸੜਕ ‘ਤੇ ਕਾਰ ਹਾਦਸਾ ਹੋਣ ਕਾਰਨ ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀ ਕ੍ਰਿਸ਼ਨ ਕੁਮਾਰ ਪੁੱਤਰ ਰਵੀ ਕੁਮਾਰ ਉਰਫ ਕੁਨਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਉਸਦਾ ਭਰਾ ਆਕਾਸ਼ ਕੁਮਾਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਕ੍ਰਿਸ਼ਨ ਕੁਮਾਰ ਤੇ ਆਕਾਸ਼ ਕੁਮਾਰ ਪੁੱਤਰ ਰਵੀ ਕੁਮਾਰ ਵਾਸੀ ਵਾਰਡ ਨੰ: 13 ਬੁਢਲਾਡਾ ਅੱਜ ਸਵੇਰੇ 9 ਵਜੇ ਦੇ ਕਰੀਬ ਇੱਕ ਸਵਿਫਟ ਕਾਰ ਰਾਹੀਂ ਭੀਖੀ ਜਾ ਰਹੇ ਸਨ ਕਿ ਪਿੰਡ ਬੋੜਾਵਾਲ ਲੰਘਦਿਆਂ ਹੀ ਭੀਖੀ ਹਦੂਦ ‘ਤੇ ਸਥਿਤ ਹੱਡਾਰੋੜੀ ਨਜ਼ਦੀਕ ਅਚਾਨਕ ਉਨ੍ਹਾਂ ਦੀ ਕਾਰ ਦਾ ਟਾਇਰ ਫੱਟ ਗਿਆ ਤੇ ਤੇਜ਼ ਰਫਤਾਰ ਜਾ ਰਹੀ ਕਾਰ ਦਰੱਖ਼ਤ ਨਾਲ ਜਾ ਟਕਰਾਈ, ਜਿਸ ਕਾਰਨ ਕ੍ਰਿਸ਼ਨ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਰਵੀ ਕੁਮਾਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।
ਮ੍ਰਿਤਕ ਦੀ ਦੇਹ ਦਾ ਸਿਵਲ ਹਸਪਤਾਲ ਮਾਨਸਾ ਵਿਖੇ ਪੋਸਟਮਾਰਟਮ ਹੋਣ ਤੋਂ ਬਾਅਦ ਬੁਢਲਾਡਾ ਦੇ ਰਾਮ ਬਾਗ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਹੈ। 17 ਸਾਲਾਂ ਮ੍ਰਿਤਕ ਕ੍ਰਿਸ਼ਨ ਕੁਮਾਰ ਡੀ ਏ ਵੀ ਪਬਲਿਕ ਸਕੂਲ ਦਾ ਵਿਦਿਆਰਥੀ ਸੀ।